ਸਰਹੱਦੀ ਜ਼ਿਲਿਆਂ 'ਚ ਡਰਗ ਨਸ਼ੇ  ਦੀ ਰਫ਼ਤਾਰ ਹੋਈ ਤੇਜ਼

ਸਰਹੱਦੀ ਜ਼ਿਲਿਆਂ 'ਚ ਡਰਗ ਨਸ਼ੇ  ਦੀ ਰਫ਼ਤਾਰ ਹੋਈ ਤੇਜ਼

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੁਣ ਸਿਆਸਤਦਾਨਾਂ ਦੇ ਵੱਸ ਦੀ ਗੱਲ ਨਹੀਂ   

ਅੰਮ੍ਰਿਤਸਰ ਟਾਈਮਜ਼ ਬਿਉਰੋ            

 ਅੰਮਿ੍ਤਸਰ- ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਿਆਸਤਦਾਨਾਂ ਵਲੋਂ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਖਾਧੀਆਂ ਗਈਆਂ ਸਹੁੰਆਂ ਸਿਰਫ਼ ਇਕ ਰਾਜਨੀਤਕ ਸਟੰਟ ਹੀ ਬਣ ਕੇ ਰਹਿ ਗਈਆਂ ਹਨ । ਥੋੜ੍ਹਾ ਸਮਾਂ ਇਹ ਦਰਿਆ ਥੰਮਣ ਤੋਂ ਬਾਅਦ ਹੁਣ ਆਪਸੀ ਸਿਆਸੀ ਖਿੱਚੋਤਾਣ ਕਾਰਨ ਇਸ ਦੀ ਗਤੀ ਦੁਬਾਰਾ ਜੋਬਨ 'ਤੇ ਹੈ, ਇਸ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੁਣ ਸਿਆਸਤਦਾਨਾਂ ਦੇ ਵੱਸ ਦੀ ਗੱਲ ਨਹੀਂ ਜਾਪਦੀ । ਨਸ਼ੇ ਦੇ ਸੌਦਾਗਰ ਆਪਣੀ ਮਰਜ਼ੀ ਨਾਲ ਬੇਖ਼ੌਫ਼ ਹੋ ਕੇ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਉਹ ਆਪਣਾ ਨੈੱਟਵਰਕ ਇਕ ਛੋਟੇ ਜਿਹੇ ਪਿੰਡ ਮੁਹੱਲੇ ਦੀ ਗਲੀ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਤੱਕ ਫੈਲਾ ਚੁੱਕੇ ਹਨ ਅਤੇ ਕਈ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਪਾ ਕੇ ਕਈ ਘਰਾਂ ਦੇ ਚਿਰਾਗ਼ ਬੁਝਾ ਚੁੱਕੇ ਹਨ | ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਗੁਰਦਾਸਪੁਰ, ਅੰਮਿ੍ਤਸਰ, ਤਰਨਤਾਰਨ, ਫ਼ਿਰੋਜ਼ਪੁਰ 'ਚ ਭਾਰੀ ਮਾਤਰਾ 'ਚ ਹੈਰੋਇਨ ਰੂਪੀ ਜ਼ਹਿਰ ਨੌਜਵਾਨਾਂ ਦੇ ਅੰਦਰ ਜਾ ਰਿਹਾ ਹੈ । ਨਸ਼ੇ ਦੀ ਪੂਰਤੀ ਲਈ ਨਸ਼ੇੜੀ ਚੋਰੀਆਂ ਕਰਨ ਲਈ ਮਜਬੂਰ ਹੋ ਕੇ ਰਹਿ ਗਏ ਹਨ | ਇਹ ਨਸ਼ੇੜੀ ਨਸ਼ੇ ਦੇ ਤਸਕਰਾਂ ਦੇ ਗ਼ੁਲਾਮ ਹੋ ਕੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਨਸ਼ੇ ਦੀਆਂ ਖੇਪਾਂ ਨੂੰ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੱਕ ਪਹੁੰਚਾਉਣ ਲਈ ਕੰਮ ਕਰਦੇ ਹਨ । ਰੋਜ਼ਾਨਾ ਪੰਜਾਬ ਪੁਲਿਸ ਕਿਸੇ ਨਾ ਕਿਸੇ ਨੌਜਵਾਨ ਕੋਲੋਂ 5 ਗ੍ਰਾਮ, 10 ਗ੍ਰਾਮ, 15 ਗ੍ਰਾਮ, 20 ਗ੍ਰਾਮ ਤੱਕ ਹੈਰੋਇਨ ਆਮ ਫੜਦੀ ਸੁਣੀ ਹੈ ਪਰ ਇਹ ਹੈਰੋਇਨ ਦੋਸ਼ੀ ਕਿੱਥੋਂ ਲੈ ਕੇ ਆਇਆ ਹੈ, ਇਹ ਜਾਣਨ ਦੀ ਕੋਸ਼ਿਸ਼ ਕਦੇ ਨਹੀਂ ਕੀਤੀ । ਦੋਸ਼ੀ ਨੂੰ ਉਸੇ ਦਿਨ ਜੇਲ੍ਹ ਭੇਜ ਕੇ ਪੁਲਿਸ ਕਾਨੂੰਨ ਅੱਗੇ ਸੱਚੀ ਹੋ ਜਾਂਦੀ ਹੈ ਤੇ ਦੋਸ਼ੀ ਥੋੜੇ ਦਿਨਾਂ ਬਾਅਦ ਜ਼ਮਾਨਤ 'ਤੇ ਬਾਹਰ ਆ ਕੇ ਫਿਰ ਉਹੀ ਕੰਮ ਕਰਨ ਲੱਗ ਜਾਂਦਾ ਹੈ । ਜੇਕਰ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਹੋਰ ਏਜੰਸੀਆਂ ਨਸ਼ੇ ਨੂੰ ਖ਼ਤਮ ਕਰਨ ਲਈ ਵਚਨਬੱਧ ਹਨ ਤਾਂ ਇਹ ਰੋਜ਼ਾਨਾ ਥੋੜ੍ਹੀ ਬਹੁਤ ਮਾਤਰਾ 'ਚ ਫੜੇ ਜਾਣ ਵਾਲੇ ਦੋਸ਼ੀਆਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਪਤਾ ਲਗਾਏ ਕਿ ਇਹ ਹੈਰੋਇਨ ਉਨ੍ਹਾਂ ਕੋਲ ਕਿੱਥੋਂ ਆਈ? ਨਸ਼ੇ ਦੇ ਇਸ ਨੈੱਟਵਰਕ ਨੂੰ ਤੋੜ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅਤੇ ਪੰਜਾਬ ਦੇ ਡੁੱਬਦੇ ਭਵਿੱਖ ਨੂੰ ਡੁੱਬਣ ਤੋਂ ਬਚਾਇਆ ਜਾ ਸਕਦਾ ਹੈ ।