ਇਸ ਰਾਤ ਤੋਂ ਬਾਅਦ ਸਵੇਰੇ ਈ ਨੇ *ਪਰਵਾਹ ਨਾ ਕਰ* -ਡਾ.ਸਤਿੰਦਰ ਸਰਤਾਜ

ਇਸ ਰਾਤ ਤੋਂ ਬਾਅਦ ਸਵੇਰੇ ਈ ਨੇ *ਪਰਵਾਹ ਨਾ ਕਰ* -ਡਾ.ਸਤਿੰਦਰ ਸਰਤਾਜ

ਵਕਤ ਦਾ ਕੰਮ ਇਨਸਾਨ ਨੂੰ ਘੇਰਾ ਪਾ ਕੇ ਅਜ਼ਮਾਉਣਾ ਹੈ

ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਰਵਾਹ ਨਾਂ ਕਰ’ ਆਮ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਤੇ ਔਕੜਾਂ ਨੂੰ ਨਜਿੱਠਣ ਲਈ ਹੌਂਸਲਾ ਦੇਣ ਵਾਲਾ ਹੈ। ਜਜ਼ਬਿਆਂ ਨੂੰ ਜਿਊਂਦੇ ਰੱਖਣ, ਅਤੇ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰਨ ਦਾ ਪੈਗ਼ਾਮ ਦਿੰਦਾ ਇਹ ਗੀਤ  ਧੁਰ ਰੂਹਾਨੀਅਤ ਵਿਚ ਜਾ ਕੇ ਇਕ ਨਵੀਂ ਸੋਚ ਪੈਦਾ ਕਰਦਾ ਹੈ । ਕਿਹਾ ਜਾਂਦਾ ਹੈ ਕਿ ਸੰਗੀਤ ਕੁਦਰਤ ਦੀ ਅਣਮੁੱਲੀ ਦੇਣ ਹੈ,  ਜੋ ਹਰ ਇੱਕ ਦੇ ਵੱਸ ਨਹੀਂ ਪੈਂਦੀ। ਇੱਥੇ ਅਸੀਂ ਆਖ ਸਕਦੇ ਹਾਂ ਕਿ ਸਤਿੰਦਰ ਸਰਤਾਜ ਉਹ ਬਾਕਮਾਲ ਸ਼ਾਇਰ ਹੈ ਜੋ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਹਰ ਇੱਕ ਦਾ ਦਰਦ ਮਹਿਸੂਸ ਕਰਦਾ ਹੈ, ਅਤੇ ਉਸ ਦਰਦ ਨੂੰ ਕਲਮਾਂ ਰਾਹੀਂ ਬਿਆਨ ਕਰ ਕੇ ਉਸ ਦਾ ਹੱਲ ਵੀ ਨਾਲ ਹੀ ਦੱਸ ਦਿੰਦਾ ਹੈ । ਕੁਦਰਤ ਦਾ ਬਖ਼ਸ਼ਿਆ ਇਹ ਅਣਮੋਲ ਇਲਮ  ਸਰਤਾਜ ਦੀ ਝੋਲੀ ਵਿੱਚ ਹੀ ਪਿਆ ਹੈ । ਇਸ ਗੀਤ ਵਿੱਚ ਵੀ ਸਤਿੰਦਰ ਸਰਤਾਜ ਨੇ ਇਨਸਾਨ ਨੂੰ ਇੱਕ ਪੈਗ਼ਾਮ ਦਿੱਤਾ ਹੈ ਕਿ  ਜੇਕਰ ਇਨਸਾਨ ਦੇ ਜੀਵਨ ਵਿਚ ਕੋਈ ਵੀ ਦੁੱਖ ਆਉਂਦਾ ਹੈ ਤਾਂ  ਉਹ ਸਦਾ ਲਈ ਨਹੀਂ ਠਹਿਰਦਾ ਸਗੋਂ ਉਸ ਤੋਂ ਬਾਅਦ ਵੀ ਇਕ ਨਵਾਂ ਸਵੇਰਾ ਚੜ੍ਹਦਾ ਹੈ  ਜੋ ਉਸ ਦੀ ਜ਼ਿੰਦਗੀ ਨੂੰ ਰੁਸ਼ਨਾ ਦਿੰਦਾ ਹੈ ,ਸੋ ਅਕਾਲ ਪੁਰਖ ਦਾ ਭਾਣਾ ਮੰਨ ਕੇ ਹਰ ਇਕ  ਚੀਜ਼ ਨੂੰ  ਖਿੜੇ ਮੱਥੇ ਸਹਾਰ ਲੈਣਾ ਚਾਹੀਦਾ ਹੈ । ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਇਸ ਦੁਨੀਆ ਵਿਚ ਕੋਈ ਨਹੀਂ ਹੈ , ਜਿਸ ਨੇ ਵੀ ਸਾਨੂੰ ਇਸ ਧਰਤੀ ਉੱਤੇ ਭੇਜਿਆ ਹੈ ਉਸ ਨੇ ਸਾਨੂੰ ਰਿਜ਼ਕ ਦੇ ਨਾਲ ਸਾਡੇ ਰਿਸ਼ਤੇ ਵੀ ਬਣਾਏ ਹੋਏ ਹਨ ।ਉਨ੍ਹਾਂ ਰਿਸ਼ਤਿਆਂ ਦੇ ਵਿੱਚ ਵੀ ਮੁਹੱਬਤੀ ਭਾਵਨਾਵਾਂ ਪੈਦਾ ਕੀਤੀਆਂ ਹੋਈਆਂ ਹਨ । ਜੇਕਰ ਜ਼ਿੰਦਗੀ ਨੂੰ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਸ ਧਰਤੀ ਉੱਤੇ ਹਰ ਇਕ ਇਨਸਾਨ ਦੇ ਆਪਣੇ ਜਜ਼ਬਾਤ ਹੁੰਦੇ ਹਨ ਤੇ ਉਹ ਉਨ੍ਹਾਂ ਜਜ਼ਬਾਤਾਂ ਵਿੱਚੋਂ ਵਹਿ ਕੇ ਦੁੱਖ ਸਹੇੜਦਾ ਹੈ । ਦੁੱਖ ਦੇਣ ਵਾਲੇ ਇਨ੍ਹਾਂ ਜਜ਼ਬਾਤਾਂ ਨੂੰ ਹੀ ਸਤਿੰਦਰ ਸਰਤਾਜ ਦਾ ਇਹ ਗੀਤ  ਉਹ ਹੌਂਸਲਾ ਬਖ਼ਸ਼ਦਾ ਹੈ, ਜੋ ਚਹਿਰੇ ਉੱਤੇ ਮੁਸਕੁਰਾਹਟ ਲਿਆਂ ਦੇਂਦਾ ਹੈ। ਇਹ ਮੁਸ਼ਕਲ ਸਮੇਂ ਸਾਨੂੰ ਹਰ ਪਾਸਿਓਂ ਘੇਰਨ ਅਤੇ ਦ੍ਰਿੜਤਾ ਦੀ ਪਰਖ ਕਰਨ ਲਈ ਆਉਂਦੇ ਹਨ । ਇਹ ਸਿਰਫ ਸਾਡੀ ਬਹਾਦਰੀ ਦੀ ਪਰਖ਼ ਕਰਦੇ ਹਨ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਨਾਲ ਔਖੇ ਸਮੇਂ ਜੋ ਵੀ ਖੜ੍ਹੇ ਹਨ, ਉਹ ਹੀ ਤੁਹਾਡੇ ਆਪਣੇ ਹਨ। ਸੋ ਵਕਤ ਦਾ ਕੰਮ ਇਨਸਾਨ ਨੂੰ ਘੇਰਾ ਪਾ ਕੇ ਅਜ਼ਮਾਉਣਾ ਹੈ। ਉਹ ਸਿਰਫ਼ ਤੇਰੇ ਹੀ ਰਹਿਣੇ ਨੇ ਤੂੰ ਇਸ ਗੱਲ ਦੀ ਚਿੰਤਾ ਛੱਡ ਦੇ ਕੀ ਉਹ ਤੈਨੂੰ ਛੱਡ ਜਾਣਗੇ। ਸੋ ਜ਼ਿੰਦਗੀ ਦਾ ਆਨੰਦ ਮਾਣਦੇ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਕਰਦੇ ਰਹੋ।

 ਸਰਬਜੀਤ ਕੌਰ ਸਰਬ

https://youtu.be/50_EGdi3qZU