ਨਨਕਾਣਾ ਸਾਹਿਬ ਵਿਚ ਗੈਰ ਸਿੱਖਾਂ ਦੇ  ਦਾਖ਼ਲੇ 'ਤੇ ਰੋਕ

ਨਨਕਾਣਾ ਸਾਹਿਬ ਵਿਚ ਗੈਰ ਸਿੱਖਾਂ ਦੇ  ਦਾਖ਼ਲੇ 'ਤੇ ਰੋਕ

*ਸੁਰੱਖਿਆ ਕਾਰਣ ਲਗਾਈ ਪਾਬੰਦੀ

ਅੰਮ੍ਰਿਤਸਰ ਟਾਈਮਜ਼

 ਅੰਮਿ੍ਤਸਰ-ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 17 ਤੋਂ 19 ਨਵੰਬਰ ਤੱਕ ਮਨਾਏ ਜਾ ਰਹੇ 552ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਯਾਤਰੂਆਂ ਦੀ ਰਿਹਾਇਸ਼, ਲੰਗਰ, ਸਿਹਤ ਸੇਵਾਵਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਿੱਖ ਆਗੂ ਬਿਸ਼ਨ ਸਿੰਘ ਨੇ 'ਦੱਸਿਆ ਕਿ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ।ਇਸ ਦੇ ਮੱਦੇਨਜ਼ਰ 17 ਨਵੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਤੇ 19 ਨਵੰਬਰ ਨੂੰ ਭੋਗ ਪਾਏ ਜਾਣ ਉਪਰੰਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ, ਸਿੰਧ, ਪੰਜਾਬ, ਬਲੋਚਿਸਤਾਨ ਤੇ ਭਾਰਤ ਸਮੇਤ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਘਾਪੁਰ ਆਦਿ ਤੋਂ ਲਗਪਗ 8000 ਸ਼ਰਧਾਲੂਆਂ ਦੇ ਗੁਰਦੁਆਰਾ  ਨਨਕਾਣਾ ਸਾਹਿਬ ਵਿਚ ਪਹੁੰਚਣ ਦੀ ਸੰਭਾਵਨਾ ਹੈ, ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਜਨਮ ਅਸਥਾਨ ਵਿਖੇ ਬੇਬੇ ਨਾਨਕੀ ਨਿਵਾਸ, ਮਹਿਤਾ ਕਾਲੂ ਨਿਵਾਸ, ਮਾਤਾ ਤਿ੍ਪਤਾ ਨਿਵਾਸ, ਸ਼ਹੀਦ ਲਛਮਣ ਸਿੰਘ ਨਿਵਾਸ, ਭਾਈ ਮਰਦਾਨਾ ਨਿਵਾਸ ਸਮੇਤ ਗੁਰਦੁਆਰਾ ਤੰਬੂ ਸਾਹਿਬ ਦੀਆਂ ਨਵੀਆਂ ਉਸਾਰੀਆਂ ਸਰਾਂਵਾਂ ਅਤੇ ਗੁਰਦੁਆਰਾ ਪੱਟੀ ਸਾਹਿਬ ਵਿਚ ਕੀਤਾ ਗਿਆ ਹੈ ।ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕਰਦਿਆਂ 17 ਤੋਂ 26 ਨਵੰਬਰ ਤੱਕ ਸ੍ਰੀ ਨਨਕਾਣਾ ਸਾਹਿਬ, ਹਸਨ ਅਬਦਾਲ, ਏਮਨਾਬਾਦ, ਲਾਹੌਰ, ਨਾਰੋਵਾਲ ਆਦਿ ਸ਼ਹਿਰਾਂ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿਚ ਆਮ ਤੇ ਖ਼ਾਸ ਪਾਕਿਸਤਾਨੀ ਮੁਸਲਿਮ ਨਾਗਰਿਕਾਂ ਦੇ ਜਾਣ ਉਤੇ ਰੋਕ ਲਗਾ ਦਿੱਤੀ ਗਈ ਹੈ । ਯਾਤਰੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਵਲੋਂ ਹਦਾਇਤਾਂ ਜਾਰੀ ਕਰਦਿਆਂ ਗੁਰਦੁਆਰਿਆਂ ਦੇ ਅੰਦਰ ਕਿਸੇ ਵੀ ਪ੍ਰਕਾਰ ਦੇ ਸਟਾਲ ਲਗਾਉਣ 'ਤੇ ਸਖ਼ਤ ਮਨਾਹੀ ਲਗਾਈ ਗਈ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਆਏ ਗੈਰ ਕੇਸ ਧਾਰੀਆਂ ਸਮੇਤ ਸਿੰਧੀ ਹਿੰਦੂਆਂ ਲਈ ਗੁਰਦੁਆਰਿਆਂ ਵਿਚ ਪ੍ਰਵੇਸ਼ ਮੌਕੇ ਗਲੇ ਵਿਚ ਆਪਣਾ ਸ਼ਨਾਖ਼ਤੀ ਕਾਰਡ ਜਾਂ ਐਨ. ਆਈ. ਸੀ. ਕਾਰਡ ਪਾਉਣਾ ਲਾਜ਼ਮੀ ਕੀਤਾ ਗਿਆ ਹੈ ।

 ਯਾਤਰੂਆਂ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਤੇ ਲਾਹੌਰ ਵਿਚ ਠਹਿਰਣ ਦੌਰਾਨ ਆਸ-ਪਾਸ ਦੇ ਸਭ ਬਾਜ਼ਾਰ ਬੰਦ ਰੱਖੇ ਜਾਣਗੇ ਤੇ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰਨ ਉਪਰੰਤ ਯਾਤਰੂਆਂ ਨੂੰ ਕਿਸੇ ਵੀ ਹਾਲਤ ਵਿਚ ਬਾਹਰ ਨਿਕਲਣ, ਖ਼ਰੀਦਦਾਰੀ ਕਰਨ ਜਾਂ ਬਿਨਾਂ ਵਜ੍ਹਾ ਘੁੰਮਣ-ਫਿਰਨ ਦੀ ਮਨਜ਼ੂਰੀ ਨਹੀਂ ਹੋਵੇਗੀ ।ਇਹ ਵੀ ਪਤਾ ਲੱਗਾ ਹੈ ਕਿ ਯਾਤਰੂਆਂ ਦੀ ਸੁਰੱਖਿਆ ਲਈ 1,500 ਤੋਂ ਵਧੇਰੇ ਸੁਰੱਖਿਆ ਕਰਮਚਾਰੀ ਗੁਰਦੁਆਰਿਆਂ ਦੇ ਆਸ-ਪਾਸ ਤਾਇਨਾਤ ਰਹਿਣਗੇ ਤੇ ਉਪਰੋਕਤ ਤੋਂ ਇਲਾਵਾ ਮਹਿਲਾ ਕਮਾਂਡੋ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤੀਆਂ  ਹਨ । ਗੁਰਦੁਆਰਾ ਸਾਹਿਬ ਵਿਚ ਜਾਣ ਸਮੇਂ ਯਾਤਰੂਆਂ ਦੇ ਸਾਮਾਨ ਦੀ ਤਲਾਸ਼ੀ ਲਈ ਉੱਚ ਗੁਣਵੱਤਾ ਦੇ ਸਕੈਨਰ ਤੇ ਮੈਟਲ ਡਿਟੈਕਟਰ ਵੀ ਲਗਾਏ ਗਏ ਹਨ ।