ਮੁੱਖ ਮੰਤਰੀ ਚੰਨੀ ਦਾ ਐਲਾਨ - ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ ਆਦਮਪੁਰ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਂ

ਮੁੱਖ ਮੰਤਰੀ ਚੰਨੀ ਦਾ ਐਲਾਨ - ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ ਆਦਮਪੁਰ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਂ

ਅੰਮ੍ਰਿਤਸਰ ਟਾਈਮਜ਼

ਜਲੰਧਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਆਬਾ ਨੂੰ ਪੰਜਾਬ ਦਾ ਦਿਲ ਦੱਸਦੇ ਹੋਏ ਇੱਥੇ ਖਾਸ ਕਰਕੇ ਆਦਮਪੁਰ ਹਲਕੇ ਵਿਚ ਵਿਕਾਸ ਮੁਖੀ ਪ੍ਰਾਜੈਕਟਾਂ ਨੂੰ ਪ੍ਰਮੁੱਖ ਤੌਰ ’ਤੇ ਤਰਜੀਹ ਦੇ ਕੇ ਇਸ ਨੂੰ ਸੂਬੇ ਦਾ ਮੋਹਰੀ ਹਿੱਸਾ ਬਣਾਉਣ ਦਾ ਪ੍ਰਣ ਲਿਆ। ਆਦਮਪੁਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ 19 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਵੱਡੀ ਸੜਕ ਨਾਲ 5-10 ਏਕੜ ਜ਼ਮੀਨ ਦੀ ਵਿਵਸਥਾ ਹੋਣ ਉਤੇ ਆਦਮਪੁਰ ਵਿਚ ਡਿਗਰੀ ਕਾਲਜ ਖੋਲ੍ਹਣ ਦੀ ਮੰਗ ਮੰਨਣ ਲਈ ਤਿਆਰ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਵੱਲੋਂ ਜਾਂਦੀ ਸੜਕ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ ਅਤੇ ਹਵਾਈ ਅੱਡੇ ਦਾ ਨਾਮ ਵੀ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਣ ਲਈ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਸਾਬਕਾ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਨੇ ਖੁਲਾਸਾ ਕੀਤਾ ਕਿ ਅੱਜ ਆਦਮਪੁਰ ਵਿਚ 130 ਕਰੋੜ ਰੁਪਏ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਨੇ ਖੁਸ਼ਹਾਲੀ ਦੀ ਹਵਾ ਦਾ ਮੁੱਢ ਬੰਨਿ੍ਹਆ। ਸਥਾਨਕ ਕਾਂਗਰਸੀ ਆਗੂਆ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਆਦਮਪੁਰ ਤੋਂ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ।