ਕਿਸਾਨਾਂ ਨੇ ਫਿਰੋਜ਼ਪੁਰ ’ਚ ਹਰਸਿਮਰਤ ਦਾ ਕਾਫ਼ਲਾ ਘੇਰਿਆ

ਕਿਸਾਨਾਂ ਨੇ ਫਿਰੋਜ਼ਪੁਰ ’ਚ ਹਰਸਿਮਰਤ ਦਾ ਕਾਫ਼ਲਾ ਘੇਰਿਆ

*ਨੋਨੀ ਮਾਨ ਦੀ ਗੱਡੀ ਦੇ ਬੋਨਟ ’ਤੇ ਚੜ੍ਹੇ ਕਿਸਾਨ; ਡਰਾਈਵਰ ਨੇ ਗੱਡੀ ਭਜਾਈ,ਕਿਸਾਨ ਜ਼ਖਮੀ ,ਪੁਲੀਸ ਜਾਂਚ ਕਰੇਗੀ 

ਅੰਮ੍ਰਿਤਸਰ ਟਾਈਮਜ਼

 ਫਿਰੋਜ਼ਪੁਰ:ਕਿਸਾਨਾਂ ਤੇ ਬਾਦਲਕਿਆਂ ਦੀ ਜੰਗ ਸ਼ੁਰੂ ਹੋ ਚੁਕੀ ਹੈ।ਇਸਦਾ ਖਮਿਆਜ਼ਾ ਸਿਆਸੀ ਤੌਰ ਉਪਰ ਬਾਦਲਕਿਆਂ ਨੂੰ ਭੁਗਤਣਾ ਪਵੇਗਾ।ਬਾਦਲਕੇ ਨਾ ਖਾਲਸਾ ਪੰਥ ਦੀ ਨਿਰਾਲੀ ਸ਼ਾਨ ,ਵਜੂਦ, ਵਿਚਾਰ ਨੂੰ ਸਮਝ ਸਕੇ ਨਾ ਕਿਸਾਨ ਅੰਦੋਲਨ ਨੂੰ।ਕਦੇ ਚੋਣਾਂ ਕੇਡਰ ਤੇ ਮਾਇਆ ਦੀ ਬਹੁਲਤਾ ਦੇ ਹੰਕਾਰ ਉਪਰ ਨਹੀਂ ਲੜੀਆਂ ਜਾ ਸਕਦੀਆਂ।ਇਸ ਜਿਤ ਦਾ ਵਡਾ ਫੈਕਟਰ ਆਪਣੇ ਵੋਟ ਬੈਂਕ ਨੂੰ ਸੁਰਖਿਅਤ ਰਖਣਾ ,ਵਿਸ਼ਵਾਸ ਵਿਚ ਲੈਣਾ ਹੁੰਦਾ ਹੈ।ਬਾਦਲਕਿਆਂ ਦਾ ਪੰਥਕ ਤੇ ਕਿਸਾਨੀ ਕੇਡਰ ਖੁਸਿਆ ਹੈ।ਬਾਦਲਕਿਆਂ ਦੇ ਸਲਾਹਕਾਰਾਂ ਦੇ ਜਿਹਨ ਵਿਚ ਇਹ ਗਲ ਨਹੀਂ ਪਈ।ਕਿਸਾਨਾਂ ਨਾਲ ਟਕਰਾਅ ਹੋਣ ਦੇ ਬਾਅਦ ਬਾਦਲਕੇ ਕਾਂਗਰਸ ਉਪਰ ਨਜਲਾ ਝਾੜ ਦਿੰਦੇ ਹਨ।ਅਸਲ ਵਿਚ ਇਸ ਸਮੇਂ ਸਿਆਸੀ ਤੌਰ ਉਪਰ ਬਾਦਲਕੇ ਸਰਗਰਮ ਹਨ।ਜਦ ਕਿ ਕਿਸਾਨ ਕਹਿੰਦੇ ਹਨ ਕਿ ਆਪਣੀਆਂ ਸਰਗਰਮੀਆਂ ਰਾਜਨੀਤਕ ਪਾਰਟੀਆਂ ਚੋਣਾਂ ਤੋਂ ਮਹੀਨਾ ਪਹਿਲਾਂ ਚਲਾਉਣ।ਰਾਜਨੀਤਕ ਇਕਠ ਕਰਕੇ ਕਿਸਾਨ ਮੋਰਚੇ ਨੂੰ ਢਾਹ ਨਾ ਲਗਾਉਣ।ਇਸ ਨਾਲ ਲੋਕਾਂ ਦਾ ਧਿਆਨ ਵੰਡਿਆ ਜਾਂਦਾ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਚੋਣ ਪ੍ਰਚਾਰ ਦੌਰਾਨ ਸਵਾਲ ਕਰਦੇ ਰਹੇ ਹਨ।ਬੀਤੇ ਬੁੱਧਵਾਰ ਨੂੰ ਵੀ ਫ਼ਿਰੋਜ਼ਪੁਰ ਵਿਖੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਪਰ ਹਰਸਿਮਰਤ ਕੌਰ ਬਾਦਲ ਕਿਸਾਨਾਂ ਨੂੰ ਨਾ ਮਿਲਣ ਕਰਕੇ ਹਾਲਾਤ ਵਿਗੜ ਗਏ।   ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਅਤੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਇੱਕ ਦੂਸਰੇ ਉਪਰ ਗੋਲੀ ਚਲਾਉਣ ਦੇ ਆਰੋਪ ਲਗਾਏ ਗਏ ਹਨ।ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਰੋਧ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੋਗਾ ਵਿਖੇ ਵਿਰੋਧ ਕਰਨ ਦੌਰਾਨ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ ਸੀ।ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਘਟਨਾ ਤੋਂ ਬਾਅਦ  ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਰਸਿਮਰਤ ਕੌਰ ਬਾਦਲ ਨਾਲ ਬੈਠਕ ਕਰਵਾਈ ਜਾਵੇਗੀ।ਹਰਨੇਕ ਸਿੰਘ ਮਹਿਮਾ ਨੇ ਕਿਹਾ, "ਦੋ ਘੰਟੇ ਇੰਤਜ਼ਾਰ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਉੱਥੋਂ ਜਾਣ ਲੱਗੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ।""ਉਸ ਨੇ ਮੇਰੇ ਉਪਰ ਗੱਡੀ ਚੜਾ ਕੇ ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਲਗਭਗ ਡੇਢ ਕਿਲੋਮੀਟਰ ਮੈਂ ਉਸ ਦੀ ਗੱਡੀ ਅੱਗੇ ਰਿੜ੍ਹਦਾ ਰਿਹਾ। ਮੈਨੂੰ ਗੱਡੀ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਤਿੰਨ ਵਾਰ ਫਾਇਰ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਲੀ ਚਲਾਈ ਗਈ ਹੈ।"

ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਸ ਦੌਰਾਨ ਕੁਝ ਹੋਰ ਲੋਕਾਂ ਨੂੰ ਵੀ ਸੱਟਾਂ ਆਈਆਂ ਹਨ।ਉਧਰ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਗੁਰੂਹਰਸਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਸਮਾਗਮ ਤੋਂ ਬਾਅਦ ਉਹ ਚਲੇ ਗਏ ਅਤੇ ਉਨ੍ਹਾਂ ਦੀ ਗੱਡੀ ਜੋ ਪਿੱਛੇ ਰਹਿ ਗਈ ਸੀ ਉਸ ਉੱਪਰ ਡਾ. ਹਰਨੇਕ ਸਿੰਘ ਮਹਿਮਾ ਅਤੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ।ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ, "ਸਾਡੇ ਉਪਰ ਜਾਨਲੇਵਾ ਹਮਲਾ ਕੀਤਾ ਗਿਆ। ਅਸੀਂ ਮੁਸ਼ਕਿਲ ਨਾਲ ਜਾਨ ਬਚਾ ਕੇ ਆਏ ਹਾਂ। ਉਨ੍ਹਾਂ ਵੱਲੋਂ ਫਾਇਰ ਕੀਤੇ ਗਏ ਹਨ ਅਤੇ ਸੁਰੱਖਿਆ ਲਈ ਮੇਰੇ ਗੰਨਮੈਨ ਨੇ ਵੀ ਫਾਇਰ ਕੀਤੇ ਹਨ। ਹਰਨੇਕ ਸਿੰਘ ਮਹਿਮਾ ਨਾਲ ਕੁਝ ਅਣਪਛਾਤੇ ਬੰਦੇ ਵੀ ਸਨ। ਸਾਨੂੰ ਇਸ ਹਮਲੇ ਦਾ ਕਾਰਨ ਨਹੀਂ ਪਤਾ।"ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਵੱਲੋਂ ਆਖਿਆ ਗਿਆ ਹੈ ਕਿ ਇਹ ਹਮਲਾ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੇ ਗੁੰਡਿਆਂ ਵੱਲੋਂ ਕੀਤਾ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਫਿਰੋਜ਼ਪੁਰ ਦੇ ਐੱਸਐੱਸਪੀ ਹਰਮਨ ਹੰਸ ਦਾ ਕਹਿਣਾ ਹੈ ਕਿ ਉਹ ਦੋਵੇਂ ਪੱਖਾਂ ਦੀ ਗੱਲ ਸੁਣ ਰਹੇ ਹਨ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਇਸ ਸਾਰੀ ਘਟਨਾ ਦੀ ਨਿਖੇਧੀ ਕੀਤੀ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।ਮੋਰਚੇ ਵੱਲੋਂ ਵੀਰਵਾਰ ਨੂੰ ਫ਼ਿਰੋਜ਼ਪੁਰ ਦੇ ਡੀਸੀ ਦਫ਼ਤਰ ਅੱਗੇ ਰੋਸ ਮਾਰਚ ਦੀ ਗੱਲ ਵੀ ਆਖੀ ਗਈ ਹੈ ਅਤੇ ਇਸ ਘਟਨਾ ਵਿੱਚ ਇਨਸਾਫ਼ ਦੀ ਮੰਗ ਵੀ ਕੀਤੀ ਗਈ ਹੈ।.