ਕਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 'ਚ ਭਾਰੀ ਅੰਤਰ

ਕਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 'ਚ ਭਾਰੀ ਅੰਤਰ

*ਸਰਕਾਰ ਲੁਕਾ ਰਹੀ ਹੈ ਅੰਕੜੇ 

*ਕੁਤੇ ,ਕਾਂਂ ਖਾ ਰਹੇ ਨੇ ਲਾਸ਼ਾਂ       

  ਨਿਊਜ ਵਿਸ਼ਲੇਸ਼ਣ   

 ਰਵਾਇਤੀ ਤੌਰ 'ਤੇ ਹਿੰਦੂ ਧਰਮ 'ਚ ਦੇਹ ਦਾ ਸਸਕਾਰ ਕੀਤਾ ਜਾਂਦਾ ਹੈ, ਪਰ ਕਈ ਭਾਈਚਾਰਿਆਂ 'ਚ 'ਜਲ ਪ੍ਰਵਾਹ' ਦੀ ਵੀ ਰਵਾਇਤ ਮੌਜੂਦ ਹੈ। ਜਿਸ 'ਚ ਬੱਚਿਆਂ, ਕੁਆਰੀਆਂ ਕੁੜ੍ਹੀਆਂ ਅਤੇ ਛੂਤ ਦੀ ਬਿਮਾਰੀ ਜਾਂ ਫਿਰ ਸੱਪ ਦੇ ਡੰਗਣ ਨਾਲ ਮਰਨ ਵਾਲਿਆਂ ਦੀ ਦੇਹ ਨੂੰ ਪਾਣੀ 'ਚ ਵਹਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਗਰੀਬ ਲੋਕ ਵੀ ਸਸਕਾਰ ਦਾ ਖ਼ਰਚਾ ਚੁੱਕਣ ਦੇ ਯੋਗ ਨਹੀਂ ਹੁੰਦੇ ਹਨ, ਇਸ ਲਈ ਉਹ ਮ੍ਰਿਤਕ ਦੇਹ ਨੂੰ ਸਫ਼ੇਦ ਮਲਮਲ ਦੇ ਕੱਪੜੇ 'ਚ ਲਪੇਟ ਕੇ ਪਾਣੀ 'ਚ ਸੁੱਟ ਦਿੰਦੇ ਹਨ।ਕਈ ਵਾਰ ਤਾਂ ਮ੍ਰਿਤਕ ਦੇਹ ਨਾਲ ਵੱਡੇ-ਵੱਡੇ ਪੱਥਰ ਵੀ ਬੰਨ੍ਹ ਦਿਤੇ ਜਾਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਸ਼ ਪਾਣੀ ਹੇਠ ਚਲੀ ਜਾਵੇਗੀ, ਪਰ ਭਾਰ ਤੋਂ ਬਿਨ੍ਹਾਂ ਹੀ ਸੁੱਟੀਆਂ ਗਈਆਂ ਲਾਸ਼ਾਂ ਪਾਣੀ 'ਚ ਤੈਰਨ ਲੱਗ ਜਾਂਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਕਿ ਹੁਣ ਬਹੁਤ ਹੀ ਘੱਟ ਸਮੇਂ 'ਚ ਕਈ ਲਾਸ਼ਾਂ ਇਸ ਹਾਲਤ 'ਚ ਬਰਾਮਦ ਹੋ ਰਹੀਆਂ ਹਨ ਅਤੇ ਇਹ ਕਿਸੇ ਇੱਕ ਹੀ ਥਾਂ 'ਤੇ ਨਹੀਂ ਬਲਕਿ ਨਦੀ ਦੇ ਕੰਢੇ ਕਈ ਥਾਵਾਂ 'ਤੇ ਇਹੀ ਸਥਿਤੀ ਹੈ।ਮੀਡੀਆ ਹਲਕਿਆਂ ਦਾ ਮੰਨਣਾ ਹੈ ਕਿ ਇਹ ਲਾਸ਼ਾਂ ਕੋਵਿਡ-19 ਦੀ ਮੌਤ ਦੇ ਅਧਿਕਾਰਤ ਅੰਕੜਿਆਂ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੀਆਂ ਮੌਤਾਂ ਦੀ ਅਸਲ ਗਿਣਤੀ 'ਚ ਭਾਰੀ ਅੰਤਰ ਨੂੰ ਪੇਸ਼ ਕਰਦੀਆਂ ਹਨ। ਸਰਕਾਰੀ ਅੰਕੜਿਆਂ ਦੇ ਅਨੁਸਾਰ ਕਾਨਪੁਰ 'ਚ 16 ਅਪ੍ਰੈਲ ਤੋਂ 5 ਮਈ ਦੌਰਾਨ ਇਸ ਮਹਾਂਮਾਰੀ ਨਾਲ 196 ਲੋਕਾਂ ਦੀ ਮੌਤ ਹੋਈ ਹੈ, ਪਰ ਸੱਤ ਸ਼ਮਸ਼ਾਨ ਘਾਟਾਂ ਤੋਂ ਹਾਸਲ ਅੰਕੜਿਆਂ ਮੁਤਾਬਕ ਇਸ ਅਰਸੇ ਦੌਰਾਨ ਤਕਰੀਬਨ 8 ਹਜ਼ਾਰ ਸਸਕਾਰ ਹੋਏ ਹਨ।

"ਅਪ੍ਰੈਲ ਮਹੀਨੇ ਸਾਰੇ ਇਲੈਕਟ੍ਰੋਨਿਕ ਸ਼ਮਸ਼ਾਨ ਘਾਟ ਲਗਾਤਾਰ 24 ਘੰਟੇ ਚੱਲਦੇ ਰਹੇ ਹਨ। ਪਰ ਜਦੋਂ ਇਹ ਵੀ ਕਾਫ਼ੀ ਨਾ ਹੋਇਆ ਤਾਂ ਪ੍ਰਸ਼ਾਸਨ ਨੇ ਬਾਹਰਲੇ ਮੈਦਾਨਾਂ 'ਚ ਲੱਕੜੀ ਨਾਲ ਦਾਹ ਸਸਕਾਰ ਕਰਨ ਦੀ ਮਨਜ਼ੂਰੀ ਦਿੱਤੀ ਸੀ।"

"ਪਰ ਉਨ੍ਹਾਂ ਨੇ ਸਿਰਫ ਉਨ੍ਹਾਂ ਲਾਸ਼ਾਂ ਨੂੰ ਹੀ ਸਵੀਕਾਰ ਕੀਤਾ, ਜਿੰਨ੍ਹਾਂ ਨੂੰ ਹਸਪਤਾਲ ਵੱਲੋਂ ਕੋਵਿਡ-19 ਦਾ ਪ੍ਰਮਾਣ ਪੱਤਰ ਮਿਲਿਆ ਸੀ। ਪਰ ਵੱਡੀ ਗਿਣਤੀ 'ਚ ਲੋਕ ਤਾਂ ਘਰਾਂ 'ਚ ਹੀ ਮਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਟੈਸਟ ਵੀ ਨਹੀਂ ਕਰਵਾਇਆ ਸੀ। ਅਜਿਹੀ ਸਥਿਤੀ 'ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸ਼ਹਿਰ ਤੋਂ ਬਾਹਰ ਜਾਂ ਫਿਰ ਨੇੜਲੇ ਜ਼ਿਲ੍ਹਿਆਂ ਜਿਵੇਂ ਕਿ ਉਨਾਓ ਵਿਖੇ ਮ੍ਰਿਤਕ ਦੇਹ ਨੂੰ ਲੈ ਜਾਣ ਦਾ ਫ਼ੈਸਲਾ ਕੀਤਾ, ਪਰ ਜਦੋਂ ਉਨ੍ਹਾਂ ਨੂੰ ਉੱਥੇ ਵੀ ਲੱਕੜੀ ਜਾਂ ਫਿਰ ਸਸਕਾਰ ਕਰਨ ਲਈ ਜਗ੍ਹਾ ਨਾ ਮਿਲੀ ਤਾਂ ਉਨ੍ਹਾਂ ਨੇ ਦੇਹਾਂ ਨੂੰ ਨਦੀ ਕੰਢੇ ਮਿੱਟੀ 'ਚ ਹੀ ਦੱਬ ਦਿੱਤਾ।"ਪ੍ਰਯਾਗਰਾਜ  ਵਿਚ ਵੀ ਅਜਿਹੀ ਸਥਿਤੀ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਜਾਂ ਤਾਂ ਕੋਵਿਡ ਮਰੀਜ਼ਾਂ ਦੀਆਂ ਸਨ, ਜੋ ਕਿ ਬਿਨ੍ਹਾਂ ਟੈਸਟ ਕਰਵਾਏ ਘਰ 'ਚ ਹੀ ਦਮ ਤੋੜ ਗਏ ਜਾਂ ਫਿਰ ਗਰੀਬ ਲੋਕਾਂ ਦੀਆਂ ਜੋ ਕਿ ਸਸਕਾਰ ਦਾ ਖ਼ਰਚਾ ਨਹੀਂ ਚੁੱਕ ਸਕਦੇ ਸਨ।ਇਹ ਦਿਲ ਦਹਿਲਾ ਦੇਣ ਵਾਲੀ ਸਥਿਤੀ ਹੈ। ਇਹ ਸਾਰੇ ਲੋਕ ਕਿਸੇ ਦੇ ਪੁੱਤਰ, ਧੀ, ਮਾਤਾ, ਪਿਤਾ ਅਤੇ ਭਰਾ ਸਨ। ਉਹ ਮੌਤ ਤੋਂ ਬਾਅਦ ਵੀ ਕੁਝ ਸਤਿਕਾਰ ਦੇ ਹੱਕਦਾਰ ਸਨ। ਪਰ ਉਹ ਸਰਕਾਰੀ ਅੰਕੜਿਆਂ ਦਾ ਹਿੱਸਾ ਹੀ ਨਹੀਂ ਬਣੇ, ਜਿਸ ਕਰਕੇ ਉਹ ਅਨਜਾਣੀ ਮੌਤ ਮਰੇ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਏ ਬਿਨ੍ਹਾਂ ਹੀ ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ।"ਨਦੀ ਕੰਢੇ ਅਣਪਛਾਤੀਆਂ ਕਬਰਾਂ, ਪਾਣੀ 'ਚ ਤੈਰਦੀਆਂ ਜਾਂ ਫਿਰ ਕੰਢੇ ਲੱਗੀਆਂ ਲਾਸ਼ਾਂ ਅਤੇ ਇਸ ਗੱਲ ਦਾ ਡਰ ਕੇ ਕਿਤੇ ਇਹ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੀਆਂ ਤਾਂ ਨਹੀਂ...ਇਸ ਨੇ ਨਦੀ ਨਾਲ ਲੱਗਦੇ ਪਿੰਡਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਹਿਮਾਲਿਆਂ 'ਚੋਂ ਨਿਕਲਣ ਵਾਲੀ ਗੰਗਾ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਦੀਆਂ 'ਚੋਂ ਇੱਕ ਹੈ। ਹਿੰਦੂ ਇਸ ਨੂੰ ਪਵਿੱਤਰ ਮੰਨਦੇ ਹਨ ।ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ 'ਚ ਡੁੱਬਕੀ ਲਗਾਉਣ ਨਾਲ ਉਨ੍ਹਾਂ ਦੇ ਪਾਪ ਧੋਤੇ ਜਾਣਗੇ ਅਤੇ ਗੰਗਾ ਦੇ ਪਾਣੀ ਦੀ ਵਰਤੋਂ ਧਾਰਮਿਕ ਅਤੇ ਸ਼ੁੱਭ ਕੰਮਾਂ ਲਈ ਵੀ ਕੀਤੀ ਜਾਂਦੀ ਹੈ।

ਕਨੌਜ ਦੇ 63 ਸਾਲਾ ਪਿੰਡਵਾਸੀ ਜਗਮੋਹਨ ਤਿਵਾੜੀ ਨੇ  ਦੱਸਿਆ, "ਉਸ ਨੇ ਨਦੀ ਦੇ ਕੰਢੇ 150-200 ਕਬਰਾਂ ਵੇਖੀਆਂ ਹਨ। ਸਵੇਰੇ 7 ਵਜੇ ਤੋਂ ਰਾਤ ਦੇ 11 ਵਜੇ ਤੱਕ ਲਾਸ਼ਾਂ ਨੂੰ ਦਫ਼ਨਾਉਣ ਦਾ ਕੰਮ ਚੱਲਦਾ ਹੈ। ਇਹ ਆਤਮਾ ਨੂੰ ਝੰਜੋੜ ਕੇ ਰੱਖਣ ਵਾਲੀ ਸਥਿਤੀ ਹੈ।"ਇਸ ਤਰ੍ਹਾਂ ਨਾਲ ਕਬਰਾਂ ਦੇ ਮਿਲਣ ਨਾਲ ਖੇਤਰ 'ਚ ਤਣਾਅ ਦੀ ਸਥਿਤੀ ਬਣ ਗਈ ਹੈ। ਲੋਕਾਂ ਨੂੰ ਡਰ ਹੈ ਕਿ ਲਗਾਤਾਰ ਮੀਂਹ ਪੈਣ ਅਤੇ ਨਦੀ 'ਚ ਪਾਣੀ ਦਾ ਪੱਧਰ ਵੱਧਣ ਨਾਲ ਜ਼ਮੀਨ 'ਚ ਦੱਬੀਆਂ ਇਹ ਲਾਸ਼ਾਂ ਨਦੀ 'ਚ ਤੈਰਨ ਲੱਗ ਪੈਣਗੀਆਂ।ਪਿਛਲੇ ਦਿਨੀਂ ਰਾਜ ਸਰਕਾਰ ਨੇ 'ਜਲ ਪ੍ਰਵਾਹ' 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਗਰੀਬ ਪਰਿਵਾਰ ਜੋ ਕਿ ਸਸਕਾਰ ਕਰਨ ਦੇ ਯੋਗ ਨਹੀਂ ਸਨ, ਉਨ੍ਹਾਂ ਨੂੰ ਫੰਡ ਦੀ ਪੇਸ਼ਕਸ਼ ਵੀ ਕੀਤੀ ਹੈ।ਕਈ ਥਾਵਾਂ 'ਤੇ ਪੁਲਿਸ ਨਦੀ ਕੰਢੇ ਲੱਗੀਆਂ ਲਾਸ਼ਾਂ ਨੂੰ ਡੰਡਿਆਂ ਨਾਲ ਬਾਹਰ ਕੱਢ ਰਹੀ ਹੈ ਅਤੇ ਨਾਲ ਹੀ ਨਦੀ 'ਚ ਤੈਰਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਮਲਾਹਾਂ ਨੂੰ ਤੈਨਾਤ ਕਰ ਰਹੀ ਹੈ।ਉੱਥੇ ਮਿਲੀਆਂ ਸੜੀਆਂ-ਗਲੀਆਂ ਲਾਸ਼ਾਂ ਨੂੰ ਜਾਂ ਤਾਂ ਮਿੱਟੀ 'ਚ ਟੋਆ ਪੁੱਟ ਕੇ ਦਫ਼ਨਾ ਦਿੱਤਾ ਜਾਂਦਾ ਹੈ ਜਾਂ ਫਿਰ ਸਾੜ ਦਿੱਤਾ ਜਾਂਦਾ ਹੈ।

ਬਲੀਆ ਦੇ ਪੁਲਿਸ ਸੁਪਰਡੈਂਟ ਵਿਪਨ ਟਾਡਾ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਕਿ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਮ੍ਰਿਤਕ ਦੇਹਾਂ ਨੂੰ ਨਦੀ 'ਚ ਨਹੀਂ ਸੁੱਟਣਾ ਚਾਹੀਦਾ ਹੈ ਅਤੇ ਜੋ ਲੋਕ ਦਾਹ ਸਸਕਾਰ ਕਰਨ ਤੋਂ ਅਸਮਰਥ ਹਨ, ਉਨ੍ਹਾਂ ਨੂੰ ਵਿੱਤੀ ਮਦਦ ਮਿਲ ਸਕਦੀ ਹੈ।ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਮੰਗਲਾ ਪ੍ਰਸਾਦ ਸਿੰਘ ਨੇ ਦੱਸਿਆ ਕਿ ਟੀਮਾਂ ਤੱਟੀ ਖੇਤਰਾਂ ਅਤੇ ਸ਼ਮਾਸ਼ਾਨ ਘਾਟਾਂ ਦੀ ਗਸ਼ਤ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਲਾਸ਼ਾਂ ਪਾਣੀ 'ਚ ਸੁੱਟਣ ਅਤੇ ਦਫ਼ਨਾਉਣ ਤੋਂ ਰੋਕਿਆ ਜਾ ਸਕੇ।