ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨ ਦੇ ਖ਼ੌਫ਼ ਨੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਖ਼ੁਦਕੁਸ਼ੀ ਦੇ ਰਾਹ ਧੱਕਿਆ

ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨ ਦੇ ਖ਼ੌਫ਼ ਨੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਖ਼ੁਦਕੁਸ਼ੀ ਦੇ ਰਾਹ ਧੱਕਿਆ
ਪੀੜਤ ਪਰਿਵਾਰ ਨੂੰ ਮਿਲਦੇ ਹੋਏ ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸਿੱਖ ਯੂਥ ਆਫ ਪ੍ਰਧਾਨ ਪਰਮਜੀਤ ਸਿੰਘ ਮੰਡ

ਦਲ ਖਾਲਸਾ ਨੇ ਨੌਜਵਾਨ ਲਵਪ੍ਰੀਤ ਸਿੰਘ ਵੱਲੋਂ ਭੇਦਭਰੀ ਹਾਲਾਤ ਵਿੱਚ ਕੀਤੀ ਖ਼ੁਦਕੁਸ਼ੀ ਦੀ ਹਾਈ ਕੋਰਟ ਤੋ  ਨਿਆਇਕ ਜਾਂਚ ਮੰਗੀ

ਸੰਗਰੂਰ:  ਦਲ ਖਾਲਸਾ ਨੇ ਅੱਜ ਸੰਗਰੂਰ ਦੇ ਨੌਜਵਾਨ ਲਵਪ੍ਰੀਤ ਸਿੰਘ ਵਲੋਂ ਭੇਦਭਰੀ ਸਥਿਤੀ ਵਿੱਚ ਮੁਹਾਲੀ ਸਥਿਤ ਗੁਰਦੁਆਰਾ  ਅੰਬ  ਸਾਹਿਬ  ਵਿਖੇ ਕੀਤੀ ਖ਼ੁਦਕੁਸ਼ੀ ਦੀ ਹਾਈ  ਕੋਰਟ  ਦੇ  ਜੱਜ  ਤੋ ਨਿਆਇਕ ਜਾਂਚ ਦੀ ਮੰਗ ਕੀਤੀ।

ਜਥੇਬੰਦੀ ਦੇ ਆਗੂਆਂ ਨੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਵਿਖੇ ਮੁਲਾਕਾਤ ਕਰਕੇ ਦੁਖ ਵੰਡਾਇਆ ਅਤੇ ਇਸ ਕੇਸ ਦੀ ਉਚ  ਪੱਧਰੀ ਨਿਆਇਕ ਜਾਂਚ ਕਰਨ ਦੀ ਮੰਗ ਕੀਤੀ। ਪਰਿਵਾਰ ਅਨੁਸਾਰ ਉਹਨਾਂ ਦੇ ਬਚੇ ਨਾਲ ਜਿਆਦਤੀ ਹੋਈ ਹੈ ਅਤੇ ਕੁਝ ਰਹਸਮਈ ਗਲਤ ਵਾਪਰਿਆ ਹੈ। 

ਲਵਪ੍ਰੀਤ ਸਿੰਘ ਅੰਮਿ੍ਤਧਾਰੀ ਸਿੰਘ ਸੀ ਜੋ ਪੇਸ਼ੇ ਵਜੋਂ ਇਕ ਗ੍ਰੰਥੀ ਸੀ।  ਉਸ 'ਤੇ ਅੰਮਿ੍ਤਸਰ ਪੁਲਿਸ ਨੇ 2018 ਵਿੱਚ ਯੂ.ਏ.ਪੀ.ਏ  ਤਹਿਤ ਕੇਸ ਦਰਜ ਕੀਤਾ ਸੀ ਜਿਸ ਨੂੰ ਅਪ੍ਰੈਲ 2020 ਵਿਚ ਅੈਨਆਈਏ ਨੇ ਆਪਣੇ ਹੱਥਾਂ  ਵਿੱਚ ਲੈ ਲਿਆ ਸੀ ਅਤੇ 13 ਜੁਲਾਈ  ਨੂੰ  ਕੇਂਦਰੀ  ਏਜੰਸੀ ਨੇ ਲਵਪ੍ਰੀਤ ਨੂੰ ਮੁਹਾਲੀ ਦਫਤਰ ਵਿੱਚ ਤਲਬ ਕੀਤਾ ਸੀ। 

ਕੱਲ੍ਹ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਸੁਖਪਾਲ ਸਿੰਘ ਖਹਿਰਾ ਨਾਲ ਮਿਲਕੇ ਸੰਗਰੂਰ ਦੇ ਐਸਐਸਪੀ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਐਸਐਸਪੀ ਨੇ ਜਾਂਚ ਸਥਾਨਕ ਐਸ ਪੀ ਰੈਂਕ ਦੇ ਅਧਿਕਾਰੀ ਨੂੰ ਸੌਂਪ ਦਿੱਤੀ।  ਜਾਂਚ ਅੈਸਪੀ ਨੂੰ ਦਿੱਤੇ ਜਾਣ  'ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲਿਸ ਅਧਿਕਾਰੀ ਕਦੀ ਵੀ ਐਨਆਈਏ ਦੇ ਅਧਿਕਾਰੀਆਂ ਤੋਂ ਸਹੀ ਢੰਗ ਨਾਲ ਪੁੱਛਗਿੱਛ ਨਹੀਂ ਕਰ ਸਕਣਗੇ ਕਿਉਂਕਿ ਕੇਦਰੀ ਏਜੰਸੀ ਕੋਲ ਅੰਨੀਆਂ ਤਾਕਤਾ ਹਨ ਅਤੇ ਉਸਦਾ ਰੁਤਬਾ ਪੰਜਾਬ ਪੁਲਸ ਤੋ ਉੱਚਾ ਹੈ। ਉਹਨਾਂ ਕਿਹਾ ਕਿ ਕੇਵਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮੌਜੂਦਾ ਜੱਜ ਹੀ ਸੱਚਾਈ ਦਾ ਪਤਾ ਲਗਾ ਸਕਦੇ ਹਨ।   ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਜਾਂਚ ਉੱਚ ਨਿਆਂਪਾਲਿਕਾ ਨੂੰ ਸੌਂਪਣ ਤਾਂ ਜੋ ਦੋਸ਼ੀ ਨੰਗੇ ਹੋਣ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ। 

ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ 13 ਜੁਲਾਈ ਨੂੰ ਮੋਹਾਲੀ ਐਨਆਈਏ ਦਫਤਰ ਗਿਆ ਸੀ ਅਤੇ ਸਾਰਾ ਦਿਨ ਉਥੇ ਰਿਹਾ।  ਦੇਰ ਸ਼ਾਮ ਵਾਪਸ ਆਉਣ ਤੋਂ ਬਾਅਦ ਉਸਨੇ ਗੁਰਦੁਆਰਾ ਅੰਬ ਸਾਹਿਬ ਦੇ ਕਮਰਾ ਨੰਬਰ 43 ਵਿਚ ਆਤਮ-ਹੱਤਿਆ ਕਰ ਲਈ।  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੈਨਆਈਏ ਨੇ ਜਰੂਰ ਲਵਪ੍ਰੀਤ ਦੇ ਦਿਮਾਗ ਅਤੇ ਮਨ ਉਤੇ ਅਜਿਹਾ ਦਬਾਅ ਪਾਇਆ ਜਾਂ ਉਸਨੂੰ ਇਸ ਕਦਰ ਭੈ-ਭੀਤ ਕੀਤਾ ਕਿ ਛੋਟੇ ਉਮਰ ਦੇ ਲੜਕੇ ਨੇ ਇਹ ਕਠੋਰ ਕਦਮ ਚੁੱਕਿਆ ਅਤੇ ਆਪਣੀ ਜ਼ਿੰਦਗੀ ਖਤਮ ਕਰ ਲਈ। 

ਉਨ੍ਹਾਂ ਕਿਹਾ ਕਿ ਰਿਫਰੈਂਡਮ 2020 ਦੀ ਆੜ ਹੇਠ ਸਰਕਾਰ  ਨੌਜਵਾਨਾਂ ਨੂੰ ਤੰਗ ਪਰੇਸ਼ਾਨ ਤੇ ਖਜਲ ਖੁਆਰ ਕਰ ਰਹੀ ਹੈ ਅਤੇ ਯੂਏਪੀਏ ਵਰਗੇ ਕਠੋਰ ਕਾਨੂੰਨਾਂ ਦੀ ਦੁਰਵਰਤੋੰ ਕਰ ਰਹੀ ਹੈ ਅਤੇ ਲਵਪ੍ਰੀਤ ਇਨ੍ਹਾਂ ਕਠੋਰ ਕਾਨੂੰਨਾਂ ਦਾ ਸ਼ਿਕਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਲੇ ਕਾਨੂੰਨਾਂ ਨੂੰ ਖਤਮ ਕਰਨਾ ਸਮੇ ਦੀ ਜ਼ਰੂਰਤ ਹੈ।

ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਰਕਾਰ ਵੱਖਰੀ ਸੋਚ ਰਖਣ ਵਾਲੇ ਲੋਕਾਂ ਨੂੰ ਚੁੱਪ ਕਰਾਉਣ ਲਈ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ਵਿਚ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਸਣੇ ਰਾਜਨੀਤਿਕ ਲੀਡਰਸ਼ਿਪ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਅਤੇ ਪੁਲਿਸ ਨੂੰ ਮਨਮਰਜੀ ਕਰਨ ਦੀ ਖੁੱਲ ਦਿਤੀ ਹੋਈ ਹੈ।