ਬਚਪਨ ਤੋਂ ਖੋਹੀ ਜਾ ਰਹੀ ਮਾਂ-ਬੋਲੀ

ਬਚਪਨ ਤੋਂ ਖੋਹੀ ਜਾ ਰਹੀ ਮਾਂ-ਬੋਲੀ

ਹੱਡ ਬੀਤੀ

ਇੱਕ ਦਿਨ ਮੈਂ ਆਪਣੀਆਂ ਦੋਨੋਂ ਬੇਟੀਆਂ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਤੋਂ ਲੈ ਕੇ ਵਾਪਸ ਆ ਰਹੀ ਸਾਂ। ਰਸਤੇ ਵਿੱਚ ਖੇਤਾਂ ਕੋਲੋਂ ਲੰਘੇ ਤਾਂ ਛੋਟੀ ਬੇਟੀ ਨੇ ਉਤਸੁਕਤਾ ਨਾਲ ਛਾਲ ਮਾਰਦਿਆਂ ਕਿਹਾ, ‘‘ਮੰਮਾ! ਦੇਖੋ ਕਿੰਨਾ ਵੱਡਾ ਚੁੰਡੀ ਵਾਲਾ ਬਊ।’’ ਫਿਰ ਉਸ ਨੇ ਖੇਤ ਵਿੱਚ ਲੱਗੇ ਇੱਕ ਕੁੱਪ ਵੱਲ ਇਸ਼ਾਰਾ ਕਰਦਿਆਂ ਮੇਰੇ ਵੱਲ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਬਹੁਤ ਹੈਰਾਨੀ ਅਤੇ ਡਰ ਸੀ। ਮੈਂ ਸਮਝ ਗਈ ਕਿ ਕੁੱਪ ਦੀ ਬਣਤਰ ਅਤੇ ਆਕਾਰ ਦੇ ਕਾਰਨ ਮੇਰੀ ਬੇਟੀ ਨੂੰ ਉਹ ਟੈਲੀਵਿਜ਼ਨ ਦੇ ਕਾਰਟੂਨਾਂ ਵਿੱਚ ਆਉਣ ਵਾਲੇ ਭੂਤ ਦੀ ਤਰ੍ਹਾਂ ਲੱਗ ਰਿਹਾ ਹੈ। ਦਰਅਸਲ ਅੱਜ-ਕੱਲ੍ਹ ਬਹੁਤ ਸਾਰੇ ਮਾਪੇ ਖ਼ੁਦ ਹੀ ਆਪਣੇ ਬੱਚਿਆਂ ਨੂੰ ਵੱਖ-ਵੱਖ ਚੀਜ਼ਾਂ ਦੇ ਨਾਮ ਪੰਜਾਬੀ ਵਿੱਚ ਦੱਸਣ ਤੋਂ ਗੁਰੇਜ਼ ਕਰਦੇ ਹਨ। ਜੇ ਮੇਰੀ ਬਜਾਏ ਕਿਸੇ ਸ਼ਹਿਰੀ ਮਾਂ ਦੇ ਬੱਚੇ ਨੇ ਕੁੱਪ ਬਾਰੇ ਪੁੱਛਿਆ ਹੁੰਦਾ ਤਾਂ ਸ਼ਾਇਦ ਉਸ ਬੱਚੇ ਨੂੰ ਕਦੇ ਵੀ ਕੁੱਪ ਸ਼ਬਦ ਨਾ ਸਿਖਾਇਆ ਜਾਂਦਾ।

ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੇਰਾ ਜਨਮ ਪਿੰਡ ਵਿੱਚ ਹੋਇਆ ਅਤੇ ਮੇਰੀ ਜ਼ਿੰਦਗੀ ਦਾ ਵੱਡਾ ਅਰਸਾ ਪਿੰਡ ਵਿੱਚ ਗੁਜ਼ਰਿਆ। ਪਿੰਡਾਂ ਦੀ 1990ਵਿਆਂ ਦੀ ਜ਼ਿੰਦਗੀ ਅੱਜ-ਕੱਲ੍ਹ ਪਿੰਡਾਂ ਦੀ ਜ਼ਿੰਦਗੀ ਤੋਂ ਬਹੁਤ ਅਲੱਗ ਸੀ। ਜ਼ਿਆਦਾਤਰ ਬੱਚੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਵਿੱਚ ਪੜ੍ਹਦੇ। ਮੈਂ ਵੀ ਦਸਵੀਂ ਤੱਕ ਦੀ ਸਿੱਖਿਆ ਪਿੰਡਾਂ ਦੇ ਸਕੂਲਾਂ ਵਿੱਚ ਹੀ ਪ੍ਰਾਪਤ ਕੀਤੀ ਅਤੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਸਕੂਲ ਵਿੱਚ ਦਾਖ਼ਲਾ ਲਿਆ। ਮੇਰੀਆਂ ਜ਼ਿਆਦਾਤਰ ਹਮਜਮਾਤਣਾਂ ਸ਼ਹਿਰੀ ਸਨ। ਮੈਂ ਪਹਿਲੀ ਵਾਰ ਕਿਸੇ ਵੱਡੇ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਨ ਦੀ ਘਬਰਾਹਟ ਕਾਰਨ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੀ ਸਾਂ ਪਰ ਜੇ ਮੈਂ ਕਦੇ ਕਿਸੇ ਨਾਲ ਗੱਲ ਕਰਦੀ ਤਾਂ ਮੇਰੀਆਂ ਸ਼ਹਿਰੀ ਜਮਾਤਣਾਂ ਨੂੰ ਮੇਰੇ ਕਈ ਪੰਜਾਬੀ ਸ਼ਬਦਾਂ ਦੀ ਸਮਝ ਨਾ ਲੱਗਦੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਪਿੰਡਾਂ ਵਾਲਿਆਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਅਨੇਕਾਂ ਸ਼ਬਦ ਸ਼ਹਿਰਾਂ ਵਾਲਿਆਂ ਲਈ ਪਹੇਲੀ ਹੀ ਹਨ। ਸ਼ਬਦ ਹੀ ਨਹੀਂ, ਉਹ ਤਾਂ ਬਹੁਤ ਸਾਰੀਆਂ ਰੋਜ਼ਮਰ੍ਹਾ ਦੀਆਂ ਪ੍ਰਕਿਰਿਆਵਾਂ, ਚੀਜ਼ਾਂ, ਭਾਂਡਿਆਂਂ ਦੇ ਨਾਵਾਂ ਤੋਂ ਵੀ ਅਣਜਾਣ ਸਨ। ਉਨ੍ਹਾਂ ਨੂੰ ਕਈ ਰਿਸ਼ਤਿਆਂ ਦੇ ਨਾਂ ਵੀ ਨਹੀਂ ਪਤਾ ਸਨ। ਇਸ ਸਥਿਤੀ ਵਿੱਚ ਉਹ ਮੇਰੇ ਵਰਤੇ ਸ਼ਬਦਾਂ ਨੂੰ ਨਾ ਸਮਝ ਸਕਣ ਕਾਰਨ ਕਦੇ ਮੇਰੇ ’ਤੇ ਹੱਸਦੀਆਂ ਅਤੇ ਕਦੇ ਮੇਰੀ ਭਾਸ਼ਾ ਨੂੰ ਪੇਂਡੂ ਕਹਿ ਕੇ ਮਜ਼ਾਕ ਉਡਾਉਂਦੀਆਂ।

ਕਾਲਜ ਵਿੱਚ ਦਾਖ਼ਲਾ ਲਿਆ ਤਾਂ ਹੋਰ ਵੀ ਜ਼ਿਆਦਾ ਸ਼ਹਿਰੀ ਪਿਛੋਕੜ ਅਤੇ ਪੰਜਾਬੀ ਘੱਟ ਸਮਝਣ ਵਾਲੇ ਵਿਦਿਆਰਥੀ ਮੇਰੀ ਜਮਾਤ ਵਿੱਚ ਆ ਗਏ। ਹੌਲੀ-ਹੌਲੀ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਪੰਜਾਬ ਵਿੱਚ ਪੰਜਾਬੀ ਬੋਲਣ ਨੂੰ ਬੁਰਾ ਅਤੇ ਪਛੜਿਆ ਹੋਣ ਦਾ ਪ੍ਰਤੀਕ ਹੀ ਮੰਨਿਆ ਜਾਂਦਾ ਹੈ।

ਅਜੋਕੇ ਸਮੇਂ ਵਿੱਚ ਭਾਸ਼ਾ ਵਿੱਚ ਹੀ ਬਦਲਾਅ ਨਹੀਂ ਆਇਆ, ਸਾਡੀ ਜੀਵਨ ਸ਼ੈਲੀ ਵੀ ਬਹੁਤ ਬਦਲ ਗਈ ਹੈ। ਜਦੋਂ ਮੈਂ ਤੇ ਮੇਰੀਆਂ ਵੱਡੀਆਂ ਭੈਣਾਂ ਪੜ੍ਹਦੀਆਂ ਸਨ ਤਾਂ ਅਸੀਂ ਮਾਤਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੜਕਦੀ ਧੁੱਪੇ ਖੇਤਾਂ ’ਚ ਮੂੰਗੀ ਤੋੜਨ ਜਾਂਦੇ। ਅੱਜ-ਕੱਲ੍ਹ ਦੀਆਂ ਲੜਕੀਆਂ ਧੁੱਪ ਨਾਲ ਰੰਗ ਕਾਲਾ ਹੋਣ ਦੇ ਡਰੋਂ ਬਾਹਰ ਹੀ ਨਹੀਂ ਨਿਕਲਦੀਆਂ। ਅਸੀਂ ਗਰਮੀਆਂ ਵਿੱਚ ਪਾਥੀਆਂ ਦਾ ਗੁਹਾਰਾ ਲਗਾਉਂਦੇ। ਆਂਢ-ਗੁਆਂਢ ਦੀਆਂ ਔਰਤਾਂ ਵਿੱਚ ਪੂਰਾ ਮੁਕਾਬਲਾ ਹੁੰਦਾ ਸੀ ਕਿ ਕੌਣ ਸਭ ਤੋਂ ਪਹਿਲਾਂ ਗੁਹਾਰਾ ਲਗਾਏਗੀ ਅਤੇ ਕਿਸ ਦਾ ਗੁਹਾਰਾ ਵੱਡਾ ਤੇ ਸਾਫ ਲਿੱਪਿਆ ਹੋਵੇਗਾ। ਅੱਤ ਦੀ ਗਰਮੀ ਹੁੰਦੀ ਪਰ ਫੇਰ ਵੀ ਅਸੀਂ ਬੇਸਬਰੀ ਨਾਲ ਚਾਹ ਦੇ ਸਮੇਂ ਦਾ ਇੰਤਜ਼ਾਰ ਕਰਦੇ ਅਤੇ ਲਿੱਬੜੇ ਹੱਥਾਂ ਨਾਲ ਹੀ ਚਾਹ ਪੀ ਵੀ ਲੈਂਦੇ। ਹੁਣ ਇਹ ਸਭ ਗੱਲਾਂ ਪਿੰਡਾਂ ਦੀ ਜੀਵਨ-ਸ਼ੈਲੀ ਵਿੱਚੋਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।

ਮੈਂ ਅਤੇ ਮੇਰੇ ਪਤੀ ਆਪਣੀਆਂ ਨੌਕਰੀਆਂ ਕਰ ਕੇ ਮਾਤਾ-ਪਿਤਾ ਤੋਂ ਦੂਰ ਰਹਿ ਰਹੇ ਹਾਂ। ਸਾਡੀ ਗੈਰ-ਮੌਜੂਦਗੀ ਵਿੱਚ ਬੱਚਿਆਂ ਨੂੰ ਸਾਂਭ-ਸੰਭਾਲ ਲਈ ਉਨ੍ਹਾਂ ਦੀ ਨਾਨੀ ਦੇ ਘਰ ਛੱਡਦੇ ਹਾਂ ਜੋ ਪਿੰਡ ਵਿੱਚ ਹਨ। ਇਸ ਸਦਕਾ ਮੇਰੇ ਦੋਨੋਂ ਬੱਚਿਆਂ ਦੇ ਬਚਪਨ ਵਿੱਚ ਵੀ ਪਿੰਡ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਮੇਰੇ ਬੱਚਿਆਂ ਨੇ ਪੇਂਡੂ ਅਤੇ ਆਮ ਪਰਿਵਾਰ ਵਿੱਚ ਹੋਣ ਵਾਲੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਨੇੜੇ ਤੋਂ ਵੇਖਿਆ ਅਤੇ ਅਨੁਭਵ ਵੀ ਕੀਤਾ ਹੈ। ਉਨ੍ਹਾਂ ਲਈ ਮੱਝਾਂ, ਗਾਵਾਂ, ਪੱਠੇ ਲਿਆਉਣੇ, ਟਰੈਕਟਰ-ਟਰਾਲੀ, ਗੱਡਾ, ਧਾਰਾਂ ਚੋਣੀਆਂ, ਖੁਰਲੀ, ਕੱਟਾ-ਕੱਟੀ, ਵੱਛਾ-ਵੱਛੀ, ਪਤੀਲਾ, ਪੀੜ੍ਹੀ, ਭਰਿੰਡਾਂ ਕੋਈ ਨਵੇਂ ਜਾਂ ਅਣਜਾਣ ਸ਼ਬਦ ਨਹੀਂ, ਵਰਨਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਭਰਿੰਡ ਨਹੀਂ ‘ਵਾਸਪ’ ਹੀ ਪਤਾ ਹੈ।

ਇਹ ਨੁਕਸਾਨ ਪੰਜਾਬੀ ਅਤੇ ਪੰਜਾਬੀ ਮਾਤ-ਭਾਸ਼ਾ ਦੋਨਾਂ ਦਾ ਹੋ ਰਿਹਾ ਹੈ। ਸਕੂਲਾਂ ਵਿੱਚ ਵੀ ਪੰਜਾਬੀ ਬੋਲਣ ’ਤੇ ਜੁਰਮਾਨਾ ਹੋਣ ਲੱਗਾ ਹੈ। ਬੱਚੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀ ਖਿਚੜੀ ਭਾਸ਼ਾ ਬੋਲਣ ਲੱਗੇ ਹਨ। ਜ਼ਿਆਦਾਤਰ ਲੋਕ ਇਸ ਲਈ ਕੇਵਲ ਸਕੂਲਾਂ ਵਿੱਚ ਹੋ ਰਹੀ ਸਖ਼ਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਇਸ ਵਿੱਚ ਮਾਪਿਆਂ ਦਾ ਵੀ ਪੂਰਾ ਕਸੂਰ ਹੈ। ਜਦੋਂ ਪਰਿਵਾਰ ਵਿੱਚ ਕੋਈ ਬੱਚਾ ਬੋਲਣਾ ਸਿੱਖਣਾ ਸ਼ੁਰੂ ਕਰਦਾ ਹੈ ਤਾਂ ਜ਼ਿਆਦਾਤਰ ਮਾਪੇ ਬੱਚੇ ਨੂੰ ਪੰਜਾਬੀ ਦੀ ਬਜਾਏ ਅੰਗਰੇਜ਼ੀ ਸ਼ਬਦ ਸਿਖਾਉਣੇ ਸ਼ੁਰੂ ਕਰ ਦਿੰਦੇ ਹਨ। ਉਹ ਬੱਚੇ ਨੂੰ ਕਾਂ ਦੱਸਣ ਦੀ ਬਜਾਏ ‘ਕਰੋਅ’ ਦੱਸਣਾ ਬਿਹਤਰ ਸਮਝਦੇ ਹਨ। ਸਮਾਜ ਵਿੱਚ ਵਧਦੀ ਮੁਕਾਬਲੇਬਾਜ਼ੀ ਨੇ ਬੱਚਿਆਂ ਤੋਂ ਨਾ ਕੇਵਲ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ, ਬਲਕਿ ਉਨ੍ਹਾਂ ਦੀ ਮਾਤ-ਭਾਸ਼ਾ ਵੀ ਖੋਹ ਲਈ ਹੈ। ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਤ-ਭਾਸ਼ਾ ਨੂੰ ਵਿਸਾਰਨਾ ਗ਼ਲਤ ਹੈ।

 

ਡਾ. ਹਰਜੀਤ ਕੌਰ