ਜਦੋਂ ਸਰਬੱਤ ਖ਼ਾਲਸਾ ਜਥੇਦਾਰ ਅਤੇ ਐਸਜੀਪੀਸੀ ਦੇ ਜਥੇਦਾਰ ਇਕ ਵਿਚਾਰ ਪ੍ਰਗਟਾ ਰਹੇ ਹਨ, ਫਿਰ ਅਗਲੇਰੇ ਅਮਲ ਤੁਰੰਤ ਹੋਣ : ਮਾਨ

ਜਦੋਂ ਸਰਬੱਤ ਖ਼ਾਲਸਾ ਜਥੇਦਾਰ ਅਤੇ ਐਸਜੀਪੀਸੀ ਦੇ ਜਥੇਦਾਰ ਇਕ ਵਿਚਾਰ ਪ੍ਰਗਟਾ ਰਹੇ ਹਨ, ਫਿਰ ਅਗਲੇਰੇ ਅਮਲ ਤੁਰੰਤ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ: "ਜਦੋਂ ਭਾਈ ਧਿਆਨ ਸਿੰਘ ਮੰਡ ਜਥੇਦਾਰ ਸਰਬੱਤ ਖ਼ਾਲਸਾ ਅਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਐਸਜੀਪੀਸੀ ਮੌਜੂਦਾ ਪੰਥਕ ਹਾਲਾਤਾਂ ਉਤੇ ਇਕੋ ਸੋਚ ਵਾਲੇ ਵਿਚਾਰਾਂ ਦਾ ਇਜਹਾਰ ਕਰ ਰਹੇ ਹਨ ਅਤੇ ਇਹ ਮਹਿਸੂਸ ਕਰ ਰਹੇ ਹਨ ਕਿ ਸਮੁੱਚੀ ਸਿੱਖ ਕੌਮ ਦੀ ਏਕਤਾ ਤੋਂ ਬਿਨ੍ਹਾਂ ਸਿੱਖ ਕੌਮ ਦੇ ਗੰਭੀਰ ਤੇ ਪੇਚੀਦਾ ਮਸਲਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ, ਫਿਰ ਦੋਵੇ ਜਥੇਦਾਰ ਸਾਹਿਬਾਨ ਅਗਲੇਰੀ ਅਮਲੀ ਕਾਰਵਾਈ ਵਿਚ ਹੋਰ ਦੇਰੀ ਬਿਲਕੁਲ ਨਾ ਕਰਨ ਅਤੇ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ 'ਆਜ਼ਾਦ ਬਾਦਸ਼ਾਹੀ ਸਿੱਖ ਰਾਜ' ਵੱਲ ਫੌਰੀ ਕਦਮ ਉਠਾਉਣ ਤਾਂ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਤਾਨਾਸ਼ਾਹੀ ਸੋਚ ਅਧੀਨ ਕੀਤੇ ਜਾਂਦੇ ਆ ਰਹੇ ਜ਼ਬਰ ਤੋਂ ਸਥਾਈ ਤੌਰ ਤੇ ਨਿਜਾਤ ਦਿਵਾਈ ਜਾ ਸਕੇ ।" 

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇਂ ਸਮੇਂ ਤੋਂ ਜਥੇਦਾਰ ਸਾਹਿਬਾਨ ਦੇ ਚੱਲਦੇ ਆ ਰਹੇ ਵਿਚਾਰਾਂ ਅਤੇ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀਂ ਮੌਕੇ ਹਾਜਰ ਹੋ ਕੇ ਸਿੱਖ ਕੌਮ ਦੇ ਸੰਜ਼ੀਦਾ ਮਸਲਿਆ ਪ੍ਰਤੀ ਇਕੋ ਜਿਹੇ ਵਿਚਾਰ ਪ੍ਰਗਟਾਉਣ ਨੂੰ ਸੁਭ ਸਗਨ ਕਰਾਰ ਦਿੰਦੇ ਹੋਏ ਅਤੇ ਦੋਵੇ ਜਥੇਦਾਰ ਸਾਹਿਬਾਨ ਨੂੰ ਅਮਲੀ ਰੂਪ ਵਿਚ ਕੌਮ ਨੂੰ ਇਸ ਸੰਕਟ ਵਿਚੋਂ ਕੱਢਣ ਹਿੱਤ ਅਗਲੇਰੀ ਕਾਰਵਾਈ ਫੌਰੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਾਦਲ ਦਲੀਏ ਆਪਣੇ ਸਿਆਸੀ ਅਤੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ਼ਜੀ਼ਪੀ਼ਸੀ਼ ਵਰਗੀਆ ਸੰਸਥਾਵਾਂ ਦੀ ਲੰਮੇਂ ਸਮੇਂ ਤੋਂ ਦੁਰਵਰਤੋਂ ਹੀ ਨਹੀਂ ਕਰਦੇ ਆ ਰਹੇ, ਬਲਕਿ ਇਨ੍ਹਾਂ ਸੰਸਥਾਵਾਂ ਰਾਹੀ ਸਿੱਖ ਕੌਮ ਨੂੰ ਗਰੁੱਪਾਂ ਵਿਚ ਵੰਡਣ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਕੇ ਹਿੰਦੂਤਵ ਤਾਕਤਾਂ ਦੀਆਂ ਸਾਜ਼ਿਸਾਂ ਨੂੰ ਨੇਪਰੇ ਚਾੜਨ ਦੇ ਕੌਮ ਵਿਰੋਧੀ ਦੁੱਖਦਾਇਕ ਅਮਲ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਸਮੁੱਚੀ ਸਿੱਖ ਕੌਮ ਆਪਣੀਆ ਕੌਮੀ ਤੇ ਸਮਾਜਿਕ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਕਰਨ ਅਤੇ ਸੰਪੂਰਨ ਆਜ਼ਾਦੀ ਪ੍ਰਾਪਤ ਕਰਨ ਲਈ ਇਕੱਤਰ ਨਹੀਂ ਹੋ ਰਹੀ । ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਕਿ ਉਪਰੋਕਤ ਸ਼ਹੀਦੀ ਸਮਾਗਮ ਉਤੇ ਦੋਵੇ ਜਥੇਦਾਰ ਸਾਹਿਬਾਨ ਨੇ ਕੌਮਪ੍ਰਸਤੀ ਵਾਲੀ ਅਤੇ ਕੌਮ ਨੂੰ ਸਭ ਮੁਸ਼ਕਿਲਾਂ ਵਿਚੋਂ ਬਾਹਰ ਕੱਢਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਸੰਸਥਾਂ ਦੀ ਅਗਵਾਈ ਵਿਚ ਇਕੱਤਰ ਹੋਣ ਦੀ ਅਰਥ ਭਰਪੂਰ ਗੱਲ ਕੀਤੀ ਹੈ । ਜਿਸਦਾ ਇੰਡੀਆਂ ਅਤੇ ਵਿਦੇਸ਼ਾਂ ਵਿਚ ਬੈਠੇ ਸਭ ਸਿੱਖਾਂ ਨੂੰ ਜਿਥੇ ਸਵਾਗਤ ਕਰਨਾ ਬਣਦਾ ਹੈ, ਉਥੇ ਦੋਵੇ ਜਥੇਦਾਰ ਸਾਹਿਬਾਨ ਵੱਲੋਂ ਪ੍ਰਗਟਾਈ ਕੌਮੀ ਏਕਤਾ ਪੱਖੀ ਸੋਚ ਨੂੰ ਬਲ ਦੇਣ ਲਈ ਆਪਣਾ ਜਿਥੇ ਯੋਗਦਾਨ ਪਾਉਣਾ ਬਣਦਾ ਹੈ, ਉਥੇ ਜਥੇਦਾਰ ਸਾਹਿਬਾਨ ਨੂੰ ਵੀ ਇਸ ਦਿਸ਼ਾ ਵੱਲ ਕੋਈ ਵੀ ਅਜਿਹੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਿਸ ਨਾਲ ਕੌਮ ਆਪਣੇ ਨਿਸ਼ਾਨੇ ਅਤੇ ਆਪਣੀਆ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੂਹਿਕ ਰੂਪ ਵਿਚ ਇਕੱਤਰ ਹੋ ਸਕੇ । 

ਮਾਨ ਨੇ ਸਿੱਖ ਕੌਮ ਅਤੇ ਜਥੇਦਾਰ ਸਾਹਿਬਾਨ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਪਹਿਲੇ ਹੁਕਮਰਾਨਾਂ ਨੇ ਯੂਪੀ ਵਿਚ 40-50 ਦੇ ਕਰੀਬ ਮੁਤੱਸਵੀ ਸੋਚ ਅਧੀਨ ਮੁਸਲਮਾਨਾਂ ਤੇ ਹਮਲੇ ਕੀਤੇ, ਅਸਾਮ ਵਿਚ 19 ਲੱਖ 60 ਹਜ਼ਾਰ ਉਨ੍ਹਾਂ ਮੁਸਲਮਾਨਾਂ ਨੂੰ ਜੋ ਬੀਤੇ ਲੰਮੇਂ ਸਮੇਂ ਤੋਂ ਇੰਡੀਆਂ ਦੇ ਨਾਗਰਿਕ ਹਨ, ਉਨ੍ਹਾਂ ਦੀ ਨਾਗਰਿਕਤਾ ਤੋਂ ਵਾਂਝੇ ਕਰਨ ਤੇ ਉਨ੍ਹਾਂ ਨੂੰ ਯਹੂਦੀਆ ਦੀ ਤਰ੍ਹਾਂ ਕੈਪਾਂ ਵਿਚ ਬੰਦ ਕਰਨ ਦੀ ਕਾਰਵਾਈ ਕੀਤੀ ਜੋ ਦੂਸਰੇ ਸੂਬਿਆ ਵਿਚ ਜਾਰੀ ਹੈ। ਇਸ ਉਪਰੰਤ ਸਿੱਖ ਕੌਮ ਦੀ ਵਾਰੀ ਆਵੇਗੀ, ਫਿਰ ਕਾਂਗਰਸੀਆ ਦੀ ਅਤੇ ਇਸੇ ਦੌਰਾਨ ਆਦਿਵਾਸੀਆ, ਕਬੀਲਿਆ, ਫਿਰਕਿਆ, ਰੰਘਰੇਟਿਆ, ਲਿੰਗਾਇਤਾਂ ਨੂੰ ਹਿੰਦੂਤਵ ਅਜਗਰ ਦੇ ਮੂੰਹ ਵਿਚ ਨਿਘਾਲਣ ਦੇ ਇਹ ਮੁਤੱਸਵੀ ਪ੍ਰੋਗਰਾਮ ਬਣਾਉਣਗੇ । ਅਜਿਹਾ ਜ਼ਾਬਰਨ ਸਮਾਂ ਸਾਡੇ ਉਤੇ ਆਵੇ, ਉਸ ਤੋਂ ਪਹਿਲੇ ਉਪਰੋਕਤ ਸਭ ਕਬੀਲਿਆ, ਫਿਰਕਿਆ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਸੋਚ ਅਧੀਨ ਇਕੱਤਰ ਕਰਕੇ ਇਹ ਹਿੰਦੂਤਵ ਰੂਪੀ ਅਜਗਰ ਨੂੰ ਇਸ ਧਰਤੀ ਤੋਂ ਖ਼ਤਮ ਕਰਨ ਲਈ ਸਾਨੂੰ ਸੰਜ਼ੀਦਗੀ ਨਾਲ ਅਮਲ ਕਰਨੇ ਪੈਣਗੇ, ਜਿਸ ਲਈ ਦੋਵੇ ਜਥੇਦਾਰ ਅੱਗੇ ਹੋ ਕੇ ਇਹ ਜ਼ਿੰਮੇਵਾਰੀ ਪੂਰਨ ਕਰਨ ।         

ਮਾਨ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਹੀ ਮੌਕੇ ਉਤੇ ਸਹੀ ਸੋਚ ਅਧੀਨ ਪ੍ਰਗਟਾਏ ਗਏ ਆਪਣੇ ਇਕੋ ਜਿਹੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ, ਸਵਾਰਥੀ ਸਿਆਸਤਦਾਨਾਂ ਅਤੇ ਹੋਰ ਵਲਗਣਾ ਤੋਂ ਉਪਰ ਉੱਠਕੇ ਸਮੁੱਚੀ ਕੌਮ ਦੀ ਬਿਹਤਰੀ ਲਈ ਅਤੇ ਕੌਮੀ ਆਜ਼ਾਦੀ ਲਈ ਬਿਨ੍ਹਾਂ ਕਿਸੇ ਸਿਆਸੀ ਪ੍ਰਭਾਵ ਅਤੇ ਹੋਰ ਦੁਨਿਆਵੀ ਵਰਤਾਰਿਆ ਤੋਂ ਨਿਰਲੇਪ ਰਹਿਕੇ ਜਲਦੀ ਹੀ ਸਾਂਝਾ ਉਦਮ ਕਰਦੇ ਹੋਏ ਕੌਮ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਵਿਚੋਂ ਆਪਣੀ ਵਿਦਵਤਾ ਨਾਲ ਸਰੂਖਰ ਕਰਨਗੇ ਅਤੇ ਆਪਣੀ ਆਖਰੀ ਮੰਜ਼ਿਲ ਕੌਮੀ ਆਜ਼ਾਦੀ ਵੱਲ ਵੱਧਣਗੇ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।