ਕਸ਼ਮੀਰੀ ਬਜ਼ੁਰਗ ਦੀ ਗੋਲੀਆਂ ਨਾਲ ਵਿੰਨੀ ਲਾਸ਼ 'ਤੇ ਬੈਠਾ ਰਿਹਾ ਤਿੰਨ ਸਾਲ ਦਾ ਮਾਸੂਮ ਬੱਚਾ

ਕਸ਼ਮੀਰੀ ਬਜ਼ੁਰਗ ਦੀ ਗੋਲੀਆਂ ਨਾਲ ਵਿੰਨੀ ਲਾਸ਼ 'ਤੇ ਬੈਠਾ ਰਿਹਾ ਤਿੰਨ ਸਾਲ ਦਾ ਮਾਸੂਮ ਬੱਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜੰਮੂ ਕਸ਼ਮੀਰ ਦੇ ਸੋਪੋਰ ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਭਾਰਤੀ ਸੁਰੱਖਿਆ ਬਲਾਂ (ਸੀਆਰਪੀਐਫ) ਅਤੇ ਕਸ਼ਮੀਰੀ ਖਾੜਕੂਆਂ ਦਰਮਿਆਨ ਮੁਕਾਬਲਾ ਹੋਇਆ ਜਿਸ ਵਿਚ ਇਕ ਭਾਰਤੀ ਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਸੀਆਰਪੀਐਫ ਜਵਾਨ ਜ਼ਖਮੀ ਹੋਏ ਹਨ। ਇਸ ਦੌਰਾਨ ਸੜਕ 'ਤੇ ਜਾ ਰਿਹਾ ਇਕ ਕਸ਼ਮੀਰੀ ਬਜ਼ੁਰਗ ਵੀ ਗੋਲੀਆਂ ਵੱਜਣ ਕਰਕੇ ਮਾਰਿਆ ਗਿਆ। ਇਸ ਬਜ਼ੁਰਗ ਨਾਲ ਉਸ ਸਮੇਂ ਤਿੰਨ ਸਾਲਾਂ ਦਾ ਛੋਟਾ ਬੱਚਾ ਸੀ ਜੋ ਬਜ਼ੁਰਗ ਦੀ ਮੌਤ ਤੋਂ ਬਾਅਦ ਉਸਦੀ ਛਾਤੀ 'ਤੇ ਬੈਠਾ ਰਿਹਾ। ਗੋਲੀਆਂ ਨਾਲ ਭੁੰਨੇ ਹੋਏ ਬਜ਼ੁਰਗ ਦੀ ਛਾਤੀ 'ਤੇ ਬੈਠੇ ਤਿੰਨ ਸਾਲਾ ਬੱਚੇ ਦੀ ਤਸਵੀਰ ਦੁਨੀਆ ਭਰ ਵਿਚ ਵਾਇਰਲ ਹੋ ਰਹੀ ਹੈ ਅਤੇ ਇਸਨੇ ਕਸ਼ਮੀਰੀਆਂ ਦੇ ਦਰਦ ਨੂੰ ਇਕ ਵਾਰ ਫੇਰ ਦੁਨੀਆ ਸਾਹਮਣੇ ਲਿਆ ਖੜ੍ਹਾ ਕੀਤਾ ਹੈ।

ਹਮਲੇ ਵਿਚ ਮਾਰੇ ਗਏ ਕਸ਼ਮੀਰੀ ਬਜ਼ੁਰਗ ਦੇ ਪਰਿਵਾਰ ਦਾ ਕਹਿਣਾ ਹੈ ਕਿ ਭਾਰਤੀ ਫੌਜੀਆਂ ਨੇ ਉਸ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਗੋਲੀ ਮਾਰੀ। ਜਦਕਿ ਸੀਆਰਪੀਐਫ ਦੇ ਬੁਲਾਰੇ ਨੇ ਕਿਹਾ ਕਿ ਬਜ਼ੁਰਗ ਦੀ ਮੌਤ ਕਸ਼ਮੀਰੀ ਖਾੜਕੂਆਂ ਵੱਲੋਂ ਚਲਾਈ ਗੋਲੀ ਨਾਲ ਹੋਈ।

ਅੱਜ ਹੋਏ ਇਸ ਮੁਕਾਬਲੇ ਬਾਰੇ ਸੀਆਰਪੀਐਫ ਦੇ ਬੁਲਾਰੇ ਨੇ ਦੱਸਿਆ ਕਿ ਸੀਆਰਪੀਐਫ ਅਤੇ ਜੰਮੂ ਕਸ਼ਮੀਰ ਪੁਲਸ ਵੱਲੋਂ ਲਾਏ ਗਏ ਸਾਂਝੇ ਨਾਕੇ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਸੀਆਰਪੀਐਫ ਜਵਾਨਾਂ ਨੇ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ।

ਬਜ਼ੁਰਗ ਦੇ ਪਰਿਵਾਰ ਵੱਲੋਂ ਲਾਏ ਗਏ ਇਹਨਾਂ ਦੋਸ਼ਾਂ ਦਾ ਸੋਪੋਰ ਪੁਲਸ ਨੇ ਵੀ ਖੰਡਨ ਕੀਤਾ ਹੈ। ਸੋਪੋਰ ਪੁਲਸ ਨੇ ਬਜ਼ੁਰਗ ਦੀ ਮੌਤ ਦਾ ਦੋਸ਼ ਭਾਰਤੀ ਫੌਜ 'ਤੇ ਲਾਉਣ ਦੀਆਂ ਖਬਰਾਂ ਦੇਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।

ਜੰਮੂ ਕਸ਼ਮੀਰ ਅਪਨੀ ਪਾਰਟੀ ਨੇ ਕਸ਼ਮੀਰੀ ਬਜ਼ੁਰਗ ਦੀ ਮੌਤ ਦੀ ਜਾਂਚ ਕਰਾਉਣ ਦੀ ਮੰਗ ਕਰ ਦਿੱਤੀ ਹੈ।