ਸਿੱਖਾਂ ਦੀ ਫੜੋ-ਫੜੀ ਜਾਰੀ; ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਤਿੰਨ ਹੋਰ ਸਿੱਖ ਗ੍ਰਿਫਤਾਰ ਕੀਤੇ

ਸਿੱਖਾਂ ਦੀ ਫੜੋ-ਫੜੀ ਜਾਰੀ; ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਤਿੰਨ ਹੋਰ ਸਿੱਖ ਗ੍ਰਿਫਤਾਰ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਵੱਲੋਂ ਬੈਨ ਕੀਤੀ ਗਈ ਸਿੱਖ ਜੁਝਾਰੂ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਲਗਾਤਾਰ ਜਾਰੀ ਹੈ। ਕੁੱਝ ਦਿਨ ਪਹਿਲਾਂ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤੇ ਬੀਤੇ ਕੱਲ੍ਹ ਉਹਨਾਂ ਨਾਲ ਸਬੰਧ ਜੋੜ ਕੇ ਤਿੰਨ ਹੋਰ ਸਿੱਖਾਂ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੰਜਾਬ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਨੇ ਪਟਿਆਲਾ ਜ਼ਿਲ੍ਹੇ ਵਿੱਚੋਂ ‘ਖ਼ਾਲਿਸਤਾਨ ਲਿਬਰੇਸ਼ਨ ਫੋਰਸ’ (ਕੇ.ਐੱਲ.ਐੱਫ) ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਕੋਲੋਂ 32 ਬੋਰ ਦੇ ਪਿਸਤੌਲ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਗ੍ਰਿਫਤਾਰ ਹੋ ਰਹੇ ਸਿੱਖਾਂ ਬਾਰੇ ਇਹ ਤੱਥ ਸਾਹਮਣੇ ਆਏ ਹਨ ਕਿ ਇਹ ਸਿੱਖ ਸੰਸਥਾਵਾਂ ਵੱਲੋਂ ਚਲਾਈਆਂ ਜਾਂਦੀਆਂ ਜਨਤਕ ਸੇਵਾਵਾਂ ਵਿਚ ਮੋਹਰੇ ਹੋ ਕੇ ਸੇਵਾ ਕਰਦੇ ਸਨ ਅਤੇ ਇਹਨਾਂ ਵਿਚੋਂ ਕੁੱਝ ਤਾਂ ਦਿੱਲੀ ਵਿਚ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਮੁਸਲਿਮ ਵਿਰੋਧੀ ਕਾਨੂੰਨ ਸੀਏਏ ਖਿਲਾਫ ਚੱਲ ਰਹੇ ਧਰਨੇ ਵਿਚ ਲੰਗਰਾਂ ਦੀ ਸੇਵਾ 'ਚ ਵੀ ਸ਼ਾਮਲ ਸਨ।

ਪੰਜਾਬ ਪੁਲਸ ਦੇ ਬੁਲਾਰੇ ਨੇ ਡੀਜੀਪੀ ਦਿਨਕਰ ਗੁਪਤਾ ਦੇ ਹਵਾਲੇ ਨਾਲ ਇਹਨਾਂ ਗ੍ਰਿਫਤਾਰੀਆਂ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਹਮੇਸ਼ਾ ਵਾਂਗ ਸਿੱਖਾਂ ਦੀ ਗ੍ਰਿਫਤਾਰੀ ਨੂੰ ਪਾਕਿਸਤਾਨ ਨਾਲ ਜੋੜਿਆ ਹੈ ਅਤੇ ਦਾਅਵਾ ਕੀਤਾ ਕਿ ਇਹ ਲੋਕ ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਯੋਜਨਾ ਬਣਾ ਰਹੇ ਸੀ। 

ਪੁਲਸ ਨੇ ਇਹਨਾਂ ਗ੍ਰਿਫਤਾਰ ਸਿੱਖਾਂ ਦਾ ਸਬੰਧ ਪਾਕਿਸਤਾਨ, ਸਾਊਦੀ ਅਰਬ ਅਤੇ ਯੂ.ਕੇ. ਅਧਾਰਿਤ ਖ਼ਾਲਿਸਤਾਨ ਲਈ ਸਰਗਰਮ ਸਿੱਖਾਂ ਨਾਲ ਜੋੜਦਿਆਂ ਦਾਅਵਾ ਕੀਤਾ ਹੈ ਕਿ ਉਪਰੋਕਤ ਬੰਦਿਆਂ ਦੇ ਇਸ਼ਾਰੇ ’ਤੇ ਇਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ। 

ਗ੍ਰਿਫਤਾਰ ਸਿੱਖਾਂ ਦੀ ਪਛਾਣ ਸੁਖਚੈਨ ਸਿੰਘ ਵਾਸੀ ਪਿੰਡ ਸੇਹਰਾ ਜ਼ਿਲ੍ਹਾ ਪਟਿਆਲਾ, ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਬੋਰੇਵਾਲ ਥਾਣਾ ਮਜੀਠਾ ਵਜੋਂ ਹੋਈ ਹੈ। ਇਨ੍ਹਾਂ  ਦੇ ਇੱਕ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਦੋ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਦੋ ਹੋਰ ਮੈਂਬਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। 

ਪੁਲਸ ਦੇ ਬਿਆਨ ਅਨੁਸਾਰ ਤਿੰਨੋਂ ਗ੍ਰਿਫਤਾਰ ਸਿੱਖ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਅਤੇ ਫਿਰ ਪਾਕਿਸਤਾਨ ਆਧਾਰਿਤ ਸੰਚਾਲਕਾਂ ਦੇ ਸੰਪਰਕ ਵਿੱਚ ਆ ਗਏ। ਇਹਨਾਂ ਖ਼ਿਲਾਫ਼ ਪਟਿਆਲਾ ਦੇ ਥਾਣਾ ਸਦਰ ਸਮਾਣਾ ਵਿਚ ਗ਼ੈਰਕਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 13,16,18,20 ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਹੈ।

ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਲੰਮੇ ਰਿਮਾਂਡ ਦੀ ਮੰਗ ਕੀਤੀ ਗਈ। ਅਦਾਲਤ ਨੇ ਤਿੰਨਾਂ ਦਾ 3 ਜੁਲਾਈ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪਟਿਆਲਾ ਦੇ ਐੱਸ.ਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਇਸ ਦੀ ਪੁਸ਼ਟੀ ਕੀਤੀ ਹੈ। 

ਸਬੰਧਿਤ ਖ਼ਬਰ: ਝੂਠੇ ਕੇਸਾਂ ਵਿਚ ਫਸਾਏ ਜਾਂਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਾਈ ਕਰੇ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

                      ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਦਿੱਲੀ ਪੁਲਸ ਨੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ