'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ

'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ

ਹਰਸਿਮਰਨ ਸਿੰਘ

ਸਿੱਖ ਧਰਮ ਅਥਵਾ ਦਰਸ਼ਨ ਦਾ ਉਦੈ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਹੋਇਆ ਸਮਝਿਆ ਜਾਂਦਾ ਹੈ। ਕਿਸੇ ਵੀ ਨਵੇਂ ਧਰਮ ਅਥਵਾ ਵਿਚਾਰਧਾਰਾ ਦੇ ਸਿਧਾਂਤਕ ਪਹਿਲੂ ਆਪਣੀ ਥਾਂ ਮਹੱਤਵਪੂਰਨ ਹੁੰਦੇ ਹਨ, ਪਰ ਅਮਲੀ ਜੀਵਨ ਵਿਚ ਕਿਹੋ ਜਿਹਾ ਮਨੁੱਖ ਅਤੇ ਵਿਵਸਥਾ ਸਿਰਜਦੇ ਹਨ, ਇਹ ਮੁੱਦੇ ਮਹੱਤਵਪੂਰਨ ਹੁੰਦੇ ਹਨ। ਪ੍ਰਚੱਲਿਤ ਧਰਮ ਤਾਂ ਆਪਣੇ ਵਿਹਾਰ ਵਿਚ ਕੁਝ ਸੁਧਾਰ ਲਿਆਉਂਦੇ ਰਹਿੰਦੇ ਹਨ, ਪਰ ਨਵੇਂ ਧਰਮ ਨੇ ਜਦੋਂ ਇਤਿਹਾਸ ਵਿਚ ਉਤਰਨਾ ਹੁੰਦਾ ਹੈ, ਉਦੋਂ ਇਸ ਲਈ ਨਵੇਂ ਨਗਰ, ਵਸੋਂ ਕੇਂਦਰ ਅਤੇ ਵਿਵਸਥਾ ਸਥਾਪਤ ਕਰਨੇ ਪਹਿਲੀ ਲੋੜ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਇਸ ਸਬੰਧੀ ਸੁਚੇਤ ਸਨ। ਇਸ ਲਈ ਅਸੀਂ ਵੇਖਦੇ ਹਾਂ ਕਿ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਵਲੋਂ ਰਾਵੀ ਨਦੀ ਦੇ ਕੰਢੇ ਵਸਾਏ ਗਏ ਕਰਤਾਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਨਿਰਮਿਤ ਕੀਤੇ ਗਏ ਨਗਰਾਂ ਨੇ ਸਿੱਖ ਧਰਮ, ਇਤਿਹਾਸ ਅਤੇ ਵਿਰਾਸਤ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਵੱਡਾ ਯੋਗਦਾਨ ਪਾਇਆ। ਦੂਸਰਾ, ਇਨ੍ਹਾਂ ਨਗਰਾਂ ਨੇ ਸਿੱਖ ਦਰਸ਼ਨ ਅਤੇ ਲੋਕਾਂ ਦੀਆਂ ਸਮਾਜੋ-ਆਰਥਿਕ ਅਤੇ ਵਿਵਸਥਾ ਦੀਆਂ ਲੋੜਾਂ ਸਬੰਧੀ ਜੋ ਮਾਡਲ ਵਿਕਸਿਤ ਕੀਤੇ, ਉਹ ਗੁਰੂ ਸਾਹਿਬ ਦੇ ਵਿਚਾਰਾਂ ਅਤੇ ਸੁਪਨਿਆਂ ਦੀ ਸ਼ਾਖਸ਼ਾਤ ਗਵਾਹੀ ਭਰਦੇ ਹਨ।

ਅਸਲ ਵਿਚ ਵਿਸ਼ਵ ਪੱਧਰ ਤੱਕ ਫੈਲੀ ਮਨੁੱਖੀ ਸੱਭਿਅਤਾ ਵੱਖ-ਵੱਖ ਭੂਗੋਲਿਕ ਖੇਤਰਾਂ ਵਾਲੇ ਦੇਸ਼ਾਂ ਵਿਚ ਵਸਦੇ ਸਮਾਜਾਂ ਦਾ ਸੰਯੁਕਤ ਰੂਪ ਹੈ। ਸਬੰਧਿਤ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆਪਣੇ ਭੂਗੋਲਿਕ ਖੇਤਰ ਵਿਚ ਵਸਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ, ਸਿਰਜਣਾਤਮਿਕ ਅਤੇ ਹਰ ਪ੍ਰਕਾਰ ਦੇ ਫਿਕਰਾਂ ਤੋਂ ਮੁਕਤ ਅਨੰਦ ਦੇਣ ਵਾਲੀ ਵਿਵਸਥਾ ਸਥਾਪਤ ਕਰਨਾ ਹੁੰਦਾ ਹੈ। ਵਿਸ਼ਵ ਦੇ ਬਹੁਤੇ ਦੇਸ਼ ਇਸ ਸਬੰਧੀ ਪੂਰਨ ਰੂਪ ਵਿਚ ਸਫ਼ਲ ਕਿਉਂ ਨਹੀਂ ਹੋਏ, ਇਹ ਇਕ ਵੱਖਰਾ ਵਿਸ਼ਾ ਹੈ। ਪਰ ਇਕ ਵਿਸਮਾਦੀ ਸਮਾਜ ਸਿਰਜਣਾ ਅਤੇ ਸਫ਼ਲ ਵਿਵਸਥਾ ਚਲਾਉਣੀ ਸਿਧਾਂਤਕ ਤੌਰ 'ਤੇ ਹਰ ਸੱਤਾਧਾਰੀ ਧਿਰ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ ਗੁਰੂ ਨਾਨਕ ਪਾਤਸ਼ਾਹ ਵਲੋਂ ਵਸਾਇਆ ਗਿਆ ਕਰਤਾਰਪੁਰ ਸਾਹਿਬ ਨਗਰ ਸਿੱਖ ਵਿਚਾਰਧਾਰਾ ਦੀਆਂ ਵਿਵਹਾਰਿਕ ਅਤੇ ਸਮਾਜਿਕ ਲੋੜਾਂ ਅਨੁਸਾਰ ਕੀਤਾ ਗਿਆ ਪਹਿਲਾ ਯਤਨ ਸੀ, ਜਿਸ ਤੋਂ ਅਸੀਂ ਗੁਰੂ ਸੁਪਨਿਆਂ ਦੇ ਨਵੇਂ ਸਮਾਜ ਦੀ ਸਿਰਜਣਾ ਅਤੇ ਸਥਾਪਤ ਕੀਤੀ ਜਾਣ ਵਾਲੀ ਵਿਵਸਥਾ ਦੀ ਰੂਪ-ਰੇਖਾ ਚਿਤਰ ਸਕਦੇ ਹਾਂ।

ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦਾ ਸਮਾਜ ਸਿਰਜਿਆ ਗਿਆ, ਉਸ ਦੇ ਮੁੱਖ ਤੌਰ 'ਤੇ ਪੰਜ ਨਕਸ਼ ਉੱਭਰਦੇ ਹਨ। (1) ਸਾਂਝੀ-ਕੁਦਰਤੀ ਖੇਤੀ (ਵਪਾਰ), (2) ਸੱਚੀ-ਸੁੱਚੀ ਕਿਰਤ ਕਰਨ ਵਾਲਾ ਸੱਭਿਆਚਾਰ, (3) ਜਾਤ-ਪਾਤ ਅਤੇ ਵਰਗਾਂ ਦੇ ਬੰਧਨਾਂ ਤੋਂ ਉੱਪਰ ਉੱਠੀ ਭਾਈਚਾਰਕ ਸਾਂਝ ਵਾਲੀ ਕੁਦਰਤਮੁਖੀ ਵਿਵਸਥਾ, (4) ਸਮਾਜੋ-ਆਰਥਿਕ ਵਿਕਾਸ ਪ੍ਰਬੰਧ ਅਤੇ (5) ਰੂਹਾਨੀ-ਪਦਾਰਥਕ ਸੰਤੁਸ਼ਟੀ ਅਤੇ ਸਹਿਜ ਵਾਲਾ ਵਿਸਮਾਦੀ ਮਨੁੱਖ ਅਤੇ ਵਾਤਾਵਰਨ। ਇਹੋ ਹੀ ਮੁੱਢਲੇ ਪੰਜ ਨਕਸ਼ ਅਸੀਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਕੀਰਤਪੁਰ-ਅਨੰਦਪੁਰ ਸਾਹਿਬ ਆਦਿ ਗੁਰੂ ਸਾਹਿਬ ਵਲੋਂ ਵਸਾਏ ਗਏ ਨਗਰਾਂ ਵਿਚ ਵੇਖਦੇ ਹਾਂ। ਸਪੱਸ਼ਟ ਹੈ ਕਿ ਜਿਸ ਤਰ੍ਹਾਂ ਦੇ ਅਨੰਦਿਤ, ਸੁਰੱਖਿਅਤ, ਸਮਾਜ ਅਤੇ ਇਸ ਦੀ ਵਿਵਸਥਾ ਦਾ ਸਿੱਖ ਵਿਚਾਰਧਾਰਾ ਦਮ ਭਰਦੀ ਹੈ, ਉਸ ਦੀ ਸ਼ੁਰੂਆਤ ਕਰਤਾਰਪੁਰ ਸਾਹਿਬ ਤੋਂ ਹੋਈ ਸੀ।

ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਵਿਕਸਿਤ ਹੋਏ ਇਸ ਮਾਡਲ ਦਾ ਸੁਭਾਅ ਅਤੇ ਵਿਹਾਰ ਕੁਦਰਤਮੁਖੀ ਸੀ। ਕੁਦਰਤ ਦੇ ਵਿਸ਼ਾਲ ਵਰਤਾਰਿਆਂ ਨੂੰ ਸਮਝ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਸ ਵਿਚ ਜਿਵੇਂ ਵਾਹਿਗੁਰੂ ਆਪ ਵਸਦਾ ਹੈ, ਉਸ ਅਨੁਸਾਰ ਕੁਦਰਤ ਅਤੇ ਇਥੇ ਪੈਦਾ ਹੋਈ ਬਨਸਪਤੀ ਧਰਤੀ ਉੱਤੇ ਜਨਮ ਲੈਣ ਵਾਲੇ ਹਰ ਤਰ੍ਹਾਂ ਦੇ ਜਲੀ-ਥਲੀ ਜੀਵਾਂ ਨੂੰ ਹਰ ਸਮੇਂ ਊਰਜਿਤ ਕਰਕੇ ਰੱਖਦੀ ਹੈ। ਇਸ ਦਾ ਆਪਣਾ ਉਤਪਾਦਨ ਪ੍ਰਬੰਧ ਹੈ, ਜੋ ਆਪਣੇ ਸਥਾਪਤ ਨਿਯਮਾਂ ਅਨੁਸਾਰ ਹਰ ਜੀਵ ਨੂੰ ਊਰਜਿਤ ਕਰਕੇ ਰੱਖਣ ਲਈ ਖੁੱਲ੍ਹਾ ਹੋਇਆ ਹੈ। ਕੁਦਰਤ ਦਾ ਸਮੁੱਚਾ ਸੁਭਾਅ ਸਿਰਜਣਾਤਮਿਕ ਹੈ। ਕੁਦਰਤ ਸਮਦ੍ਰਿਸ਼ਟ ਸੁਭਾਅ ਵਾਲੀ ਹੈ। ਇਹ ਮਨੁੱਖ ਸਮੇਤ ਹਰ ਜੀਵ-ਜੰਤ ਨਾਲ ਬ੍ਰਹਿਮੰਡੀ ਰਿਸ਼ਤਿਆਂ ਦੀ ਸਾਂਝ ਵਿਚ ਕਿਸੇ ਤਰ੍ਹਾਂ ਦੇ ਵਿਤਕਰੇ ਜਾਂ ਬਦਲਾਖੋਰੀ ਵਾਲੀ ਭਾਵਨਾ ਨਹੀਂ ਰੱਖਦੀ। ਕੁਦਰਤ ਅਨੁਸ਼ਾਸਨ ਵਿਚ ਰਹਿਣ ਵਾਲੀ ਹਸਤੀ ਹੈ। ਕੁਦਰਤ ਹਰ ਪਲ ਸਹਿਜ ਵਿਚ ਰਹਿੰਦੀ ਹੈ ਅਤੇ ਸਹਿਜ ਵਿਚ ਆਪਣਾ ਉਤਪਾਦਨ ਪ੍ਰਬੰਧ ਅਤੇ ਆਪਣਾ ਸੰਤੁਲਨ ਬਣਾ ਕੇ ਰੱਖਦੀ ਹੈ। ਸਪੱਸ਼ਟ ਹੈ ਕਿ ਕੁਦਰਤ ਦੀ ਆਪਣੀ ਵਿਵਸਥਾ ਹੈ। ਕੁਦਰਤ ਦੇ ਸਿਰਜਣ, ਪਾਲਣ ਅਤੇ ਵਿਨਾਸ਼ ਦੇ ਸਿਧਾਂਤ ਅਤੇ ਕਰਮ ਅਨੁਸਾਰ ਇਸ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਅਤੇ ਇਹ ਕਿਵੇਂ ਨਿਭਾਈ ਜਾ ਰਹੀ ਹੈ, ਇਸ ਬਾਰੇ ਮਹਿਸੂਸ ਕੀਤਿਆਂ ਹੀ ਸਮਝ ਲੱਗਦੀ ਹੈ।

ਸੋ, ਜਦੋਂ ਤੱਕ ਵਿਸ਼ਵ ਦੇਸ਼ ਅਤੇ ਮਾਨਵ ਸੱਭਿਅਤਾ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਲੋਕ ਕੁਦਰਤਮੁਖੀ ਸਮਾਜਿਕ ਪ੍ਰਬੰਧ ਨੂੰ ਨਹੀਂ ਅਪਣਾਉਂਦੇ ਅਤੇ ਉਸ ਦੀਆਂ ਲੀਹਾਂ ਉੱਤੇ ਆਪਣੀ ਰਾਜ ਵਿਵਸਥਾ ਨਹੀਂ ਚਲਾਉਂਦੇ, ਉਦੋਂ ਤੱਕ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਦੇ ਸੰਕਟਾਂ ਦਾ ਨਿਵਾਰਨ ਨਹੀਂ ਕੀਤਾ ਜਾ ਸਕਦਾ। ਯਕੀਨਨ ਮਾਨਵ ਜਾਤੀ ਕੁਦਰਤ ਅਨੁਸਾਰ ਜੀਵਨ ਜੀਊ ਕੇ ਹੀ ਆਪਣਾ ਬਚਾਅ ਕਰ ਸਕਦੀ ਹੈ।

ਸੋ ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੁਦਰਤਮੁਖੀ ਸਮਾਜਿਕ ਪ੍ਰਬੰਧ ਕਿਵੇਂ ਸਥਾਪਤ ਕੀਤਾ ਜਾਵੇ? ਗੁਰੂ ਨਾਨਕ ਪਾਤਸ਼ਾਹ ਵਲੋਂ ਕਰਤਾਰਪੁਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਵਿਕਾਸ ਮਾਡਲ ਨੂੰ ਅੱਜ ਦੇ ਸੰਕਟਮਈ ਹਾਲਾਤ ਵਿਚ ਹੋਰ ਪਾਸਾਰ ਕਿਵੇਂ ਦਿੱਤੇ ਜਾਣ ਕਿ ਇਤਿਹਾਸ ਦਾ ਇਕ ਮਹੱਤਵਪੂਰਨ ਵਰਤਾਰਾ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਇਕ ਨਵਾਂ ਵਿਕਸਿਤ, ਸੁਰੱਖਿਅਤ, ਸਿਰਜਣਾਤਮਿਕ ਅਤੇ ਅਨੰਦਮਈ ਸਮਾਜ ਅਥਵਾ ਵਿਵਸਥਾ ਸਿਰਜ ਸਕੇ। ਅੱਜ ਸਿੱਖ ਪੰਥ ਭਾਰਤ ਅਤੇ ਪਾਕਿਸਤਾਨ ਸਮੇਤ ਵਿਸ਼ਵ ਦੇਸ਼ਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿਚ ਮਨਾਉਣ ਜਾ ਰਿਹਾ ਹੈ। ਇਸ ਸਬੰਧੀ ਨਗਰ ਕੀਰਤਨਾਂ, ਵੱਡੀਆਂ ਇਮਾਰਤਾਂ, ਸੜਕਾਂ, ਲੰਗਰਾਂ, ਸੁਲਤਾਨਪੁਰ ਲੋਧੀ ਨੂੰ ਸਫ਼ੈਦ ਰੰਗਤ ਦੇਣ, ਸੈਮੀਨਾਰ ਕਰਵਾਉਣ ਆਦਿ ਵਰਗੇ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ। ਸਾਡੇ ਸਾਹਮਣੇ 1999 ਤੋਂ ਵਰਤਮਾਨ ਤੱਕ ਇਸੇ ਹੀ ਢੰਗ ਨਾਲ ਮਨਾਈਆਂ ਗਈਆਂ ਵੱਡੀਆਂ ਸ਼ਤਾਬਦੀਆਂ ਦੇ ਤਜਰਬਿਆਂ ਦਾ ਇਤਿਹਾਸ ਹੈ। ਇਕ ਅਨੁਮਾਨ ਅਨੁਸਾਰ 1999 ਤੋਂ ਵਰਤਮਾਨ ਤੱਕ ਮਨਾਈਆਂ ਗਈਆਂ ਸ਼ਤਾਬਦੀਆਂ ਉੱਤੇ 10 ਅਰਬ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪਰ ਕੀ ਸਿੱਖ ਪੰਥ ਅਤੇ ਵਿਸ਼ਵ ਲਈ ਅਜਿਹੇ ਉਪਰਾਲਿਆਂ ਨਾਲ ਕੋਈ ਸਾਰਥਿਕ ਨਤੀਜੇ ਨਿਕਲੇ ਹਨ? ਜਵਾਬ ਸਪੱਸ਼ਟ ''ਨਾਂਹ' ਵਿਚ ਹੈ। ਇਸੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਹਰ ਸੰਜੀਦਾ ਸਿੱਖ ਲੀਹ ਤੋਂ ਹਟ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਜਥੇਬੰਦ ਕਰਨਾ ਚਾਹੁੰਦੇ ਹਨ।

ਅੱਜ ਵਿਸ਼ਵ ਸਥਿਤੀਆਂ ਦਾ ਇਕ ਵੱਡਾ ਸੱਚ ਹੈ ਕਿ ਪੂੰਜੀਵਾਦੀ, ਸਮਾਜਵਾਦੀ, ਕਮਿਊਨਿਜ਼ਮ, ਇਸਲਾਮਿਕ ਅਤੇ ਸਥਾਨਕ ਪੱਧਰ ਦੇ ਸਮੁੱਚੇ ਸੰਸਾਰ ਪ੍ਰਬੰਧ ਅਜਿਹੀ 'ਦਾਰਸ਼ਨਿਕ ਥਕਾਵਟ ਅਤੇ ਅਸਪੱਸ਼ਟਤਾ' ਦੇ ਘੇਰੇ ਵਿਚ ਆ ਗਏ ਹਨ ਕਿ ਵਿਸ਼ਵ ਨੂੰ ਇਕ 'ਨਵੇਂ ਸੰਸਾਰ ਪ੍ਰਬੰਧ' ਦੀ ਲੋੜ ਆ ਪਈ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਦੇ ਅਜਿਹੇ ਤਨਾਅਪੂਰਨ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਵਾਲੇ ਅਜੋਕੇ ਸਮਾਜਿਕ ਪ੍ਰਬੰਧ ਦੀ ਥਾਂ 'ਤੇ ਇਕ ਨਵਾਂ ਸੰਸਾਰ ਪ੍ਰਬੰਧ ਸਿਰਜਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਇਨ੍ਹਾਂ ਸਥਿਤੀਆਂ ਵਿਚ ਸਿੱਖ ਪੰਥ ਦੀਆਂ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸੰਸਥਾਵਾਂ, ਸਮਾਜੋ-ਰਾਜਨੀਤਕ, ਧਾਰਮਿਕ-ਰਾਜਨੀਤਕ ਆਗੂ ਅਤੇ ਵਿਸ਼ਵ ਭਰ ਵਿਚ ਫੈਲੀ ਸਿੱਖ ਪ੍ਰਤਿਭਾ ਮਾਨਵ ਜਾਤੀ ਦੀ ਅਜਿਹੀ ਲੋੜ ਨੂੰ ਕਿਵੇਂ ਪੂਰਾ ਕਰ ਸਕਦੇ ਹਨ, ਇਹ ਸਮੁੱਚੇ ਸਿੱਖ ਪੰਥ ਦੀ ਇਕ ਵੱਡੀ ਜ਼ਿੰਮੇਵਾਰੀ ਅਥਵਾ ਚਿੰਤਾ ਹੋਣੀ ਜ਼ਰੂਰੀ ਹੈ।

ਇਹ ਇਥੇ ਹੀ ਹੈ ਕਿ ਮੇਰੀ ਨਵੀਂ ਰਚਨਾ 'ਵਿਸਮਾਦੀ ਵਿਸ਼ਵ ਆਰਡਰ' (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ) ਨਾ ਕੇਵਲ ਭਾਰਤ ਸਗੋਂ ਵਿਸ਼ਵ ਦੇਸ਼ਾਂ ਨੂੰ ਇਕ ਨਵਾਂ ਵਿਸਮਾਦੀ ਸਮਾਜ ਅਤੇ ਸਮਾਜਿਕ ਪ੍ਰਬੰਧ ਸਿਰਜਣ ਲਈ ਰਾਹ-ਦਸੇਰਾ ਸਾਬਤ ਹੋ ਸਕਦੀ ਹੈ। ਵਿਸ਼ਾਲ ਵਿਸ਼ਵ ਕੈਨਵਸ ਵਾਲੀ ਇਹ ਪੁਸਤਕ ਅਸਲ ਵਿਚ ਉਹ ਪੰਥਕ ਏਜੰਡਾ ਵੀ ਨਿਰਧਾਰਤ ਕਰਦੀ ਹੈ, ਜਿਸ ਦੀ ਪੰਥ ਨੂੰ ਅੱਜ ਵੱਡੀ ਲੋੜ ਹੈ। ਇਸ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਨੂੰ ਕਰਵਾਏ ਜਾਣ ਵਾਲੇ ਸੈਮੀਨਾਰਾਂ ਅਤੇ ਹੋਰ ਸਮਾਗਮਾਂ ਦਾ ਜੇਕਰ ਕੇਂਦਰੀ ਵਿਸ਼ਾ ਬਣਾ ਲਿਆ ਜਾਏ ਤਾਂ ਪਿਛਲੀਆਂ ਸ਼ਤਾਬਦੀਆਂ ਤੋਂ ਉਲਟ ਵੱਡੇ ਪ੍ਰਸੰਗਿਕ ਅਤੇ ਸਾਰਥਿਕ ਨਤੀਜੇ ਨਿਕਲ ਸਕਦੇ ਹਨ।

ਅਜਿਹੇ ਹਾਲਾਤ ਵਿਚ ਪ੍ਰਤਿਭਾਵਾਨ ਸਿੱਖਾਂ ਦਾ ਵੱਡਾ ਫਰਜ਼ ਬਣ ਜਾਂਦਾ ਹੈ ਕਿ ਉਹ ਸਿੱਖ ਫਿਲਾਸਫੀ ਦੀਆਂ ਅੰਤਰ-ਦ੍ਰਿਸ਼ਟੀਆਂ ਆਧਾਰਿਤ ਸਮਾਜਿਕ-ਸ਼ਾਸਕੀ ਪ੍ਰਬੰਧ ਬਾਰੇ ਮਾਨਵ ਸੱਭਿਅਤਾ ਨੂੰ ਨਾ ਕੇਵਲ ਜਾਣੂੰ ਕਰਵਾਉਣ, ਸਗੋਂ ਇਸ ਨੂੰ ਮਾਨਵ ਜੀਵਨ ਦਾ ਹਿੱਸਾ ਬਣਾਉਣ ਲਈ ਖੁਦ ਵੱਡੀ ਪਹਿਲਕਦਮੀ ਕਰਨ, ਜਿਸ ਦੀ ਬੁਨਿਆਦ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਿਖੇ ਰੱਖ ਦਿੱਤੀ ਸੀ। ਸਮਾਜਿਕ ਪ੍ਰਬੰਧ ਦਾ 'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ ਹੈ।