ਰਿਟਾਇਰਮੈਂਟ ਦਾ ਮਨੋਵਿਗਿਆਨ

ਰਿਟਾਇਰਮੈਂਟ ਦਾ ਮਨੋਵਿਗਿਆਨ
ਲੇਖਕ - ਡਾ. ਹਰਪਾਲ ਸਿੰਘ ਪੰਨੂ
 
ਥੋੜ੍ਹੇ ਜਿਹੇ ਮੁਲਾਜ਼ਮ ਅਜਿਹੇ ਦੇਖੇ ਹਨ ਜਿਨ੍ਹਾਂ ਵਾਸਤੇ ਰਿਟਾਇਰਮੈਂਟ ਮੌਤ ਵਾਂਗ ਸਾਹਮਣੇ ਨਹੀਂ ਆਈ। ਵਧੀਕ ਗਿਣਤੀ ਅਜਿਹੇ ਮਹਾਂਪੁਰਖਾਂ ਦੀ ਹੈ ਜਿਹੜੇ ਇਸ ਸਮੇਂ ਮਾਨਸਿਕ ਤਵਾਜ਼ਨ ਗੁਆ ਬੈਠਦੇ ਹਨ। ਜਿੱਥੇ ਨੌਕਰੀ ਕੀਤੀ, ਉਸ ਦਫਤਰ ਵਿੱਚ ਜਾ ਬੈਠਦੇ ਹਨ ਪਰ ਕੋਈ ਆਖਾ ਨਹੀਂ ਮੰਨਦਾ, ਕਿਸੇ ਕੋਲ ਗੱਲ ਕਰਨ ਸੁਣਨ ਦੀ ਫੁਰਸਤ ਨਹੀਂ, ਦੁਖੀ ਹੋ ਕੇ ਘਰ ਆ ਜਾਂਦੇ ਹਨ ਤਾਂ ਘਰ ਵਾਲਿਆਂ ਲਈ ਮੁਸੀਬਤ ਬਣ ਜਾਂਦੇ ਹਨ। ਤੁਰਦੇ ਤੁਰਦੇ ਧੁੱਪ ਵਿੱਚ ਰੁਕ ਜਾਂਦੇ ਹਨ, ਫਿਰ ਪਿੱਛੇ ਵੱਲ ਮੁੜਦੇ ਹਨ, ਕੋਈ ਚੀਜ਼ ਭੁੱਲ ਆਏ ਹਨ, ਇਸ ਕਰਕੇ ਨਹੀਂ, ਸਗੋਂ ਕੁਝ ਵੀ ਯਾਦ ਨਹੀਂ ਰਿਹਾ, ਇਸ ਕਰਕੇ ਪਰਤਦੇ ਹਨ। ਜਿੱਧਰ ਜਾ ਰਹੇ ਸਨ, ਪਤਾ ਨਹੀਂ ਲੱਗਿਆ ਕਿਉਂ ਜਾ ਰਹੇ ਸਨ। ਇਨ੍ਹਾਂ ਦੀ ਹਾਲਤ ਐਨ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਅਚਾਨਕ ਮਾਂ ਆਪਣੇ ਬੱਚੇ ਤੋਂ ਦੁੱਧ ਛੁਡਾ ਲਵੇ। ਬੱਚਾ ਬੌਂਦਲ ਜਾਂਦਾ ਹੈ, ਉਸ ਨੂੰ ਪਤਾ ਨਹੀਂ ਲਗਦਾ, ਉਸ ਤੋਂ ਕੀ ਪਾਪ ਹੋ ਗਿਆ। ਉਹ ਕਦੀ ਚੁਗਾਠ ਨਾਲ ਲੱਗਾ ਗਲੀ ਵਲ ਦੇਖਦਾ ਰਹਿੰਦਾ ਹੈ, ਕਦੀ ਰੋ ਪੈਂਦਾ ਹੈ, ਕਦੀ ਬਿਨਾ ਕਾਰਨ ਹੱਸ ਪੈਂਦਾ ਹੈ। ਇਹ ਤਾਂ ਬੱਚੇ ਦੀ ਹਾਲਤ ਹੋਈ, ਬੁੱਢੇ ਦੀ ਹਾਲਤ ਵੀ ਰਿਟਾਇਰਮੈਂਟ ਵੇਲੇ ਅਜਿਹੀ ਕਿਉਂ ਹੋ ਜਾਂਦੀ ਹੈ? ਇਹ ਸਵਾਲ ਕੱਲ੍ਹ ਨਾਗਸੈਨ ਨੂੰ ਪੁੱਛਿਆ।
 
ਨਾਗਸੈਨ ਨੇ ਦੱਸਿਆ- ਬਹੁਤ ਸਾਰੇ ਅਜਿਹੇ ਸਰਕਾਰੀ ਡਾਕਟਰ ਦੇਖੋਗੇ ਜਿਹੜੇ ਆਪਣੇ ਕਿੱਤੇ ਵਿੱਚ ਨਿਪੁੰਨ ਹਨ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ, ਪਰ ਅਜਿਹੀ ਆਗਿਆ ਨਹੀਂ। ਉਨ੍ਹਾਂ ਦੀ ਇੱਛਾ ਅਸਤੀਫਾ ਦੇ ਕੇ ਪ੍ਰੈਕਟਿਸ ਕਰਨ ਦੀ ਨਹੀਂ ਹੁੰਦੀ, ਚਾਹੁੰਦੇ ਹਨ ਕਿ ਰਿਟਾਇਰਮੈਂਟ ਤਕ ਦੇ ਪੈਨਸ਼ਨ ਆਦਿਕ ਲਾਭ ਲੈ ਕੇ ਫਿਰ ਆਪਣਾ ਕੰਮ ਕਰਨ। ਉਨ੍ਹਾਂ ਦੀ ਇੱਛਾ ਜਲਦੀ ਰਿਟਾਇਰ ਹੋਣ ਦੀ ਹੁੰਦੀ ਹੈ ਤੇ ਜਿੱਥੇ ਅਜਿਹੀ ਸੁਵਿਧਾ ਹੋਵੇ ਕਿ ਵਲੰਟਰੀ ਰਿਟਾਇਰਮੈਂਟ ਮਿਲ ਸਕੇ, ਉਹ ਰਿਟਾਇਰਮੈਂਟ ਲੈ ਲੈਂਦੇ ਹਨ। ਪਰ ਨਾਲਾਇਕ ਬੰਦਾ ਚਾਹੇਗਾ ਕਿ ਰਿਟਾਇਰਮੈਂਟ ਦੀ ਉਮਰ ਹੱਦ ਸੱਠ ਸਾਲ ਦੀ ਥਾਂ ਪੈਂਹਠ ਸਾਲ ਹੋ ਜਾਵੇ। ਸੱਤਰ ਸਾਲ ਹੋ ਜਾਵੇ ਫਿਰ ਤਾਂ ਕਹਿਣੇ ਹੀ ਕੀ। ਨਾਲਾਇਕ ਬੱਚਾ ਸਾਰੀ ਉਮਰ ਲਈ ਸਰਕਾਰੀ ਚੁੰਘਣੀ ਚਾਹੇਗਾ।
 
ਬਾਪੂ ਜੀ ਮੈਂਨੂੰ ਸਕੂਲ ਵਿੱਚ ਦਾਖਣ ਕਰਵਾਉਣ ਵਾਸਤੇ ਲੈ ਗਏ। ਮਾਸਟਰ ਜੀ ਨੇ ਨਾਮ ਪੁੱਛਿਆ, ਉਮਰ ਪੁੱਛੀ। ਬਾਪੂ ਜੀ ਨੇ ਕਿਹਾ-ਦੇਖ ਲੋ ਤੁਸੀਂ ਆਪੇ। ਸੱਤ ਕੁ ਸਾਲ ਦਾ ਹੋਣੈ ਇਹ। ਮਾਸਟਰ ਜੀ ਨੇ ਕਿਹਾ- ਸੱਤ ਸਾਲ ਦਾ ਕਿੱਥੇ ਐ ਇਹ? ਮਸਾਂ ਪੰਜ ਸਾਲ ਦਾ ਹੋਣੈ। ਦਿਸਦਾ ਨੀਂ? ਨਿਕਾ ਜਿਹਾ ਤਾਂ ਹੈ। ਬਾਪੂ ਜੀ ਨੇ ਕਿਹਾ- ਤਾਂ ਫੇਰ ਪੰਜ ਸਾਲ ਦਾ ਹੋਊਗਾ। ਜੀ ਸਾਨੂੰ ਅਨਪੜ੍ਹਾਂ ਨੂੰ ਕੀ ਪਤਾ। ਮਾਸਟਰ ਜੀ ਨੇ ਮੈਂਨੂੰ ਕਿਹਾ- ਮੈਂ ਤੇਰਾ ਬਹੁਤ ਵੱਡਾ ਫਾਇਦਾ ਕਰ ਦਿੱਤੈ ਮੁੰਡਿਆ। ਜਦੋਂ ਤੂੰ ਅਫਸਰ ਬਣਕੇ ਪੈਨਸ਼ਨ ਲਵੇਂਗਾ ਨਾ, ਉਦੋਂ ਮੈਂਨੂੰ ਯਾਦ ਕਰੇਂਗਾ ਕਿ ਬਾਪੂ ਨੇ ਨੁਕਸਾਨ ਕਰਵਾ ਦੇਣਾ ਸੀ, ਮਾਸਟਰ ਨੇ ਬਚਾ ਲਿਆ। ਘਰ ਆ ਕੇ ਖੂਬ ਹੱਸੇ। ਅੱਵਲ ਤਾਂ ਮੈਂਨੂੰ ਪੜ੍ਹਨਾ ਆਏਗਾ ਹੀ ਨਹੀਂ। ਚਿੱਠੀ ਲਿਖਣੀ-ਪੜ੍ਹਨੀ ਆ ਜਾਵੇ ਬੱਸ ਹੋਰ ਕੀ ਚਾਹੀਦਾ ਹੈ? ਵਿੱਦਿਆ ਕਰਮਾਂ ਵਾਲਿਆਂ ਦੇ ਨਸੀਬਾਂ ਵਿੱਚ ਹੋਇਆ ਕਰਦੀ ਹੈ, ਸਾਡੇ ਗਰੀਬਾਂ ਦੇ ਕਰਮ ਕਿੱਥੇ? ਚਲੋ ਫਰਜ਼ ਕਰ ਲਉ, ਪੜ੍ਹ ਲਿਖ ਵੀ ਗਏ, ਫੇਰ ਨੌਕਰੀ ਧਰੀ ਪਈ ਐ? ਇਹਨਾਂ ਮਾਸਟਰਾਂ ਨੂੰ ਤੇ ਸਾਰੇ ਵਡੇਰਿਆਂ ਨੂੰ ਬੱਸ ਅਸੀਸਾਂ ਜਿਹੀਆਂ ਦੇਣ ਦੀ ਆਦਤ ਪਈ ਹੋਈ ਹੁੰਦੀ ਹੈ। ਕੁਝ ਨਾ ਕੁਝ ਕਹਿਣਾ ਤਾਂ ਹੁੰਦਾ ਈ ਐ, ਚਲੋ ਅਸੀਸ ਹੀ ਸਹੀ। ਮੇਰੇ ਇਹ ਮਾਸਟਰ ਜੀ ਅਜੇ ਚੰਗੀ ਸਿਹਤ ਵਿੱਚ ਹਨ। ਜਦੋਂ ਮਿਲਦੇ ਹਾਂ, ਇਹ ਗੱਲ ਯਾਦ ਕਰਕੇ ਦੋਵੇਂ ਖੂਬ ਹੱਸਦੇ ਹਾਂ।
 
ਚਲੋ ਆਪਣੇ ਕਿੱਤੇ, ਆਪਣੇ ਭਾਈਚਾਰੇ ਦੀ ਗੱਲ ਕਰੀਏ। ਸਾਡੇ ਵਿਭਾਗ ਵਿੱਚ ਬੰਗਾਲ ਤੋਂ ਆਈ ਪ੍ਰੋਫੈਸਰ ਭਾਸਵਤੀ ਭੱਟਾਚਾਰੀਆਂ ਬੜੀ ਹੱਸਮੁਖ ਮੈਡਮ ਸੀ। ਗੱਲਾਂ ਕਰਦਿਆਂ ਇੱਕ ਦਿਨ ਮੈਂ ਕਿਹਾ- ਕਈ ਅਧਿਆਪਕ ਅਜਿਹੇ ਦੇਖੇ ਹਨ, ਜੇ ਕਿਤੇ ਹੁਣ ਨੌਕਰੀ ਲੈਣੀ ਪੈ ਜਾਵੇ, ਉਨ੍ਹਾਂ ਨੂੰ ਕੋਈ ਕਲਰਕ ਵੀ ਨਾ ਰੱਖੇ। ਉਹ ਬੋਲੀ- ਇਸੀ ਲੀਏ ਤੋਂ ਪ੍ਰੋਫੈਸਰੀ ਕਰਨੀ ਪੜ੍ਹ ਰਹੀ ਹੈ, ਅਗਰ ਕਹੀਂ ਕਲਰਕ ਲੱਗ ਸਕਤੇ ਤੋਂ ਜ਼ਰੂਰ ਲੱਗ ਜਾਤੇ। ਕਿਉਂਕਿ ਔਰ ਕਹੀਂ ਨੌਕਰੀ ਮਿਲੇਗੀ ਨਹੀਂ, ਸੋ ਯਹੀ ਠੀਕ ਹੈ।
 
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਧਿਆਪਕਾਂ ਦੀ ਉਮਰ ਹੱਦ ਸੱਠ ਤੋਂ ਪੈਂਹਠ ਸਾਲ ਕਰ ਦਿੱਤੀ ਜਾਵੇ। ਪੰਜਾਬੀ ਯੂਨੀਵਰਸਿਟੀ ਆਪਣੇ ਤੌਰ ’ਤੇ ਫੈਸਲਾ ਕਰ ਚੁੱਕੀ ਹੈ ਕਿ ਕਿ 30 ਜੂਨ ਅਤੇ 31 ਦਸੰਬਰ, ਸਾਲ ਵਿੱਚ ਕੇਵਲ ਦੋ ਵਾਰ ਅਧਿਆਪਕਾਂ ਦੀ ਰਿਟਾਇਰਮੈਂਟ ਹੋਇਆ ਕਰੇਗੀ ਤਾਂ ਕਿ ਕਲਾਸਾਂ ਦਾ ਨੁਕਸਾਨ ਨਾ ਹੋਵੇ। ਸੱਠ ਸਾਲ ਤੋਂ ਬਾਦ ਖੋਜ ਦਾ ਕੰਮ ਕਰਨ ਲਈ ਦੋ ਸਾਲ ਹੋਰ ਵੀ ਦਿੱਤੇ ਜਾਂਦੇ ਹਨ। ਇਸ ਨਾਲ ਸਬਰ ਨਹੀਂ ਆਉਂਦਾ। ਆਪਣੇ ਆਲੇ ਦੁਆਲੇ ਮੈਂ ਅਜਿਹੇ ਅਧਿਆਪਕ ਦੇਖ ਰਿਹਾ ਹਾਂ ਜਿਨ੍ਹਾਂ ਨੇ ਸਾਰੀ ਉਮਰ ਧਰਮ, ਗੁਰਬਾਣੀ ਉੱਪਰ ਕੰਮ ਕੀਤਾ, ਮਾਇਆ ਤੋਂ ਮੁਕਤ ਰਹਿਣ ਦੇ ਉਪਦੇਸ਼ ਦਿੱਤੇ, ਦੇਖਣ ਨੂੰ ਪੂਰੇ ਧੂਪੀਏ ਜਾਪੀਏ ਲਗਦੇ ਹਨ, ਉਮਰ 65 ਸਾਲ ਕਰਵਾਉਣ ਵਾਸਤੇ ਉਹ ਅਦਾਲਤਾਂ ਦੇ ਚੱਕਰ ਲਾ ਰਹੇ ਹਨ, ਸਰਕਾਰ ਖਿਲਾਫ ਵਕੀਲਾਂ ਕੋਲ ਮੁਕੱਦਮਾ ਦਾਇਰ ਕਰਨ ਲਈ ਸਾਹੋ ਸਾਹ ਹੋਏ ਪਏ ਹਨ। ਉਨ੍ਹਾਂ ਦੀ ਇਹ ਹਾਲਤ ਦੇਖਦਿਆਂ ਮੇਰੇ ਮਨ ਵਿੱਚ ਆਉਂਦਾ ਹੈ ਕਿ ਇਸ ਹਿਸਾਬ ਤਾਂ ਇਨ੍ਹਾਂ ਨੇ ਚੋਲਾ ਛੱਡਣੋ ਵੀ ਮੁਨਕਿਰ ਹੋ ਜਾਣਾ ਹੈ। ਜਦੋਂ ਜਮਦੂਤ ਆਇਆ ਇਹ ਹਾਈਕੋਰਟ ਦਾ ਸਟੇਅ ਆਰਡਰ ਉਸ ਦੇ ਹੱਥ ਫੜਾ ਦੇਣਗੇ।
 
ਮੋਹਨ ਸਿੰਘ ਸੰਧੂ ਅੰਗਰੇਜ਼ੀ ਦਾ ਪ੍ਰੋਫੈਸਰ ਹੁੰਦਾ ਸੀ। ਕਿਹਾ ਕਰਦਾ- ਰਿਟਾਇਰ ਹੋਇਆ ਪ੍ਰੋਫੈਸਰ ਮੈਂਨੂੰ ਸਬਜ਼ੀ ਮੰਡੀ ਦਾ ਸਾਨ੍ਹ ਲਗਦਾ ਹੁੰਦਾ ਹੈ। ਕਦੀ ਇਸ ਰੇਹੜੀ ’ਤੇ ਬੁਰਕ ਮਾਰ ਲਿਆ, ਫਿਰ ਅਗਲੀ ’ਤੇ ਚਲਾ ਗਿਆ। ਜੇ ਦੁਕਾਨਦਾਰ ਤੱਕੜੀ ਦੀ ਡੰਡੀ ਨੱਕ ’ਤੇ ਮਾਰ ਦੇਵੇ ਤਾਂ ਵੀ ਬੁਰਾ ਨਹੀਂ ਮਨਾਏਗਾ, ਰਤਾ ਕੰਨ ਹਿਲਾਏਗਾ, ਪੂਛ ਘੁਮਾਏਗਾ, ਅਗਲੀ ਰੇਹੜੀ ਕੋਲ ਜਾ ਖਲੋਏਗਾ।
 
ਲੰਘੇ ਜਾਂਦੇ ਦੋਸਤ ਨੇ ਇੱਕ ਪ੍ਰੋਫੈਸਰ ਨੂੰ ਪੁੱਛ ਲਿਆ- ਪਤਾ ਲੱਗਾ ਐ ਤੁਸੀਂ ਪੈਨਸ਼ਨ ਲੈ ਲਈ? ਪ੍ਰੋਫੈਸਰ ਨੇ ਕਿਹਾ- ਪੈਨਸ਼ਨ ਤਾਂ ਸਾਰੀ ਉਮਰ ਲਈ ਹੈ। ਹੁਣ ਕੰਮ ਕਰਨ ਦਾ ਮਨ ਬਣਾ ਰਿਹਾਂ।
 
ਇਟਾਲੀਅਨ ਲੇਖਕ ਕੁਲੌਦੀ ਦਾ ਨਾਵਲ ਪਿਨਾਕੀਓ ਜਿਸ ਨੇ ਹੁਣ ਤਕ ਨਹੀਂ ਪੜ੍ਹਿਆ ਜ਼ਰੂਰ ਪੜ੍ਹੇ। ਲਿਖਿਆ ਤਾਂ ਉਸਨੇ ਬੱਚਿਆਂ ਲਈ ਸੀ ਪਰ ਵੱਡਿਆਂ ਦੇ ਵੀ ਕੰਮ ਦੀ ਚੀਜ਼ ਹੈ। ਸਕੂਲੀਏ ਮੁੰਡੇ ਪਿਨਾਕੀਓ ਨੂੰ ਗ੍ਰਿਫਤਾਰ ਕਰਨ ਵਾਸਤੇ ਹੌਲਦਾਰ ਨੇ ਪੁਲਿਸ ਦਾ ਕੁੱਤਾ ਉਸ ਮਗਰ ਦੌੜਾ ਦਿੱਤਾ। ਪਿਨਾਕੀਓ ਦੂਰ ਤਕ ਤੇਜ਼ ਦੌੜਦਾ ਰਿਹਾ, ਅੱਗੇ ਸਮੁੰਦਰ ਆ ਗਿਆ, ਉਸਨੇ ਸਮੁੰਦਰ ਵਿੱਚ ਛਾਲ ਲਾ ਦਿੱਤੀ। ਜੋਸ਼ ਵਿੱਚ ਆਏ ਕੁੱਤੇ ਨੇ ਵੀ ਮਗਰੇ ਛਾਲ ਮਾਰ ਦਿੱਤੀ। ਕੁੱਤਾ ਪਿਨਾਕੀਉ ਵਾਂਗ ਵਧੀਆ ਤੈਰਾਕ ਨਾ ਹੋਣ ਕਰਕੇ ਡੁੱਬਣ ਲੱਗਾ ਤਾਂ ਪਿਨਾਕੀਓ ਅੱਗੇ ਬਚਾਉਣ ਦੀਆਂ ਮਿੰਨਤਾਂ ਕਰਨ ਲੱਗਾ। ਪਿਨਾਕੀਓ ਨੇ ਹੱਸਦਿਆਂ ਕਿਹਾ- ਮੈਂਨੂੰ ਵੱਢਣ ਲੱਗਾ ਸੀ ਤੂੰ ਤਾਂ। ਤੈਨੂੰ ਪਤਾ ਹੀ ਨਹੀਂ ਕਿ ਮੈਂ ਬੇਕਸੂਰ ਆਂ। ਕੁੱਤੇ ਨੇ ਕਿਹਾ- ਪਹਿਲਾ ਬਾਹਰ ਤਾਂ ਕੱਢ ਮੈਂਨੂੰ। ਫੇਰ ਦੱਸਾਂਗਾ। ਪਿਨਾਕੀਉ ਨੇ ਤਰਸ ਖਾ ਕੇ ਕੁੱਤਾ ਬਾਹਰ ਕੱਢ ਲਿਆਂਦਾ। ਕੁੱਤੇ ਨੇ ਕਿਹਾ- ਤੂੰ ਮੇਰੇ ਘਰ ਆ ਕੇ ਦੇਖੀਂ। ਠਾਣੇ ਵਿੱਚੋਂ ਛੁੱਟੀ ਮਿਲਣ ਸਾਰ ਮੈਂ ਗਲੀ ਦੇ ਬੱਚਿਆਂ ਨਾਲ ਖੇਡਿਆਂ ਕਰਦਾਂ। ਕੋਈ ਮੇਰੇ ਕੰਨ ਪੁੱਟਦਾ ਹੈ, ਕੋਈ ਪੂਛ ਖਿੱਚਦਾ ਹੈ, ਕੋਈ ਮੇਰੀ ਪਿੱਠ ਤੇ ਸਵਾਰ ਹੋ ਜਾਂਦਾ ਹੈ। ਮੈਂਨੂੰ ਬੱਚੇ ਚੰਗੇ ਲਗਦੇ ਨੇ। ਪਿਨਾਕੀਓ ਨੇ ਪੁੱਛਿਆ- ਪਰ ਮੈਂ ਤੇਰਾ ਕੀ ਵਿਗਾੜਿਆ ਸੀ ਉਏ? ਮੇਰੇ ਪਿੱਛੇ ਕਿਉਂ ਲੱਗਾ ਸੀ ਤੂੰ? ਕੁੱਤੇ ਨੇ ਕਿਹਾ- ਮੇਰੀ ਰਿਟਾਇਰਮੈਂਟ ਵਿੱਚ ਬੱਸ ਦੋ ਮਹੀਨੇ ਰਹਿੰਦੇ ਨੇ। ਜੇ ਹੌਲਦਾਰ ਦਾ ਹੁਕਮ ਨਾ ਮੰਨਦਾ, ਫੇਰ ਉਹਨੇ ਮੇਰੀ ਪੈਨਸ਼ਨ ਬੰਦ ਕਰਵਾ ਦੇਣੀ ਸੀ। ਮੈਂ ਆਪਣੇ ਕਤੂਰਿਆਂ ਨੂੰ ਕੀ ਖਵਾਉਂਦਾ ਫੇਰ? ਹੁਣ ਤੂੰ ਨੱਠ। ਹੌਲਦਾਰ ਵੀ ਭੱਜਿਆ ਆਉਂਦਾ ਹੋਣੈ। ਜੇ ਗੱਲਾਂ ਕਰਦਿਆਂ ਦੇਖ ਲਿਆ, ਆਪਾਂ ਦੋਵਾਂ ਨੂੰ ਕੁੱਟੇਗਾ।
 
ਰਜਨੀਸ਼ ਨੇ ਕਿਹਾ ਸੀ- ਸਾਰੀ ਦੁਨੀਆਂ ਮੈਂਨੂੰ ਬਿਮਾਰਾਂ ਦਾ ਹਸਪਤਾਲ ਲਗਦੀ ਹੈ। ਹਸਪਤਾਲ ਵੀ ਇਸ ਤਰ੍ਹਾਂ ਦਾ ਜਿੱਥੇ ਮਰੀਜ਼ ਬਹੁਤੇ ਨੇ ਤੇ ਮੰਜੇ ਥੋੜ੍ਹੇ। ਫਰਸ਼ ’ਤੇ ਪਏ ਮਰੀਜ਼ ਉਡੀਕੀ ਜਾਂਦੇ ਨੇ ਕਿ ਬੈੱਡ ਉੱਪਰਲਾ ਮਰੀਜ਼ ਮਰੇ ਤਾਂ ਮੰਜਾ ਮਿਲੇ। ਜਦੋਂ ਬੈੱਡ ਵਾਲਾ ਕੋਈ ਮਰੀਜ਼ ਮਰਦਾ ਹੈ ਤਾਂ ਹੇਠਾਂ ਲੇਟੇ ਮਰੀਜ਼ ਆਪਸ ਵਿੱਚ ਲੜ ਪੈਂਦੇ ਨੇ, ਹਰੇਕ ਖਾਲੀ ਮੰਜੇ ਉੱਪਰ ਆਪਣਾ ਹੱਕ ਜਮਾਉਂਦਾ ਹੈ। ਸਭ ਨੂੰ ਪਤਾ ਹੈ, ਮਰਨਾ ਹੈ, ਪਰ ਹਰੇਕ ਮੰਜੇ ਉੱਪਰ ਮਰਨ ਦਾ ਇਛੁਕ ਹੈ। ਬਿਮਾਰੀ ਨਾਲ ਮਰਨ ਦੀ ਥਾਂ ਮੰਜੇ ਵਾਸਤੇ ਲੜਾਈ ਕਰਨ ਕਰਕੇ ਬਹੁਤੇ ਮਰੀਜ਼ ਮਰਦੇ ਦੇਖੇ!
 
ਅਨੰਦਪੁਰ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਚਾਰ ਬੰਦੇ ਅਰਥੀ ਚੁੱਕੀ ਲਈ ਜਾਂਦੇ ਦੇਖੇ। ਪੁੱਛਿਆ- ਕਿਸਦੀ ਮ੍ਰਿਤੂ ਹੋ ਗਈ? ਦੱਸਿਆ- ਜੀ ਗੇਂਦਾ ਰਾਮ ਦੀ। ਉੱਧਰ ਰਹਿੰਦਾ ਸੀ। ਮਹਾਰਾਜ ਨੇ ਪੁੱਛਿਆ- ਦੀਵਾਨ ਵਿੱਚ ਆਇਆ ਦੇਖਿਆ ਨਹੀਂ ਕਦੀ। ਦੱਸਿਆ- ਜੀ ਕਿਹਾ ਕਰਦਾ ਸੀ, ਗੁਰੂ ਜੀ ਦੇ ਲਾਗੇ ਗਏ ਤਾਂ ਮੁਗਲ ਮਾਰ ਦੇਣਗੇ। ਮਹਾਰਾਜ ਹੱਸ ਪਏ, ਫੁਰਮਾਇਆ- ਇੰਨਾ ਸਿਆਣਾ ਸੀ ਫਿਰ ਇਸਦੇ ਟਿਕਾਣੇ ਦਾ ਸਿਰਨਾਵਾਂ ਜਮਰਾਜ ਨੂੰ ਕੌਣ ਦੱਸ ਆਇਆ?
 
- ਡਾ. ਹਰਪਾਲ ਸਿੰਘ ਪੰਨੂ