ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਬਣਾਈ ਨੀਤੀ; 11 ਕਰੋੜ ਰੁਪਏ ਖਰਚਣ ਦਾ ਫੈਂਸਲਾ

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਬਣਾਈ ਨੀਤੀ; 11 ਕਰੋੜ ਰੁਪਏ ਖਰਚਣ ਦਾ ਫੈਂਸਲਾ
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਖਾਲਸਾ ਏਡ ਦੇ ਨੁਮਾਂਇੰਦੇ

ਚੰਡੀਗੜ੍ਹ: ਵਿਸ਼ਵ ਪੱਧਰ 'ਤੇ ਸਿੱਖੀ ਦੇ ਰਾਹ ਦਸੇਰੇ 'ਤੇ ਚਲਦਿਆਂ ਸੇਵਾ ਕਾਰਜ ਕਰ ਰਹੀ ਸੇਵਾ ਸੰਸਥਾ "ਖਾਲਸਾ ਏਡ" ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਗਿਆਰਾਂ ਕਰੋੜ ਰੁਪਏ ਖਰਚ ਕਰਨ ਦਾ ਫੈਂਸਲਾ ਕੀਤਾ ਹੈ। ਇਸ ਰਕਮ ਨਾਲ ਹੜ੍ਹ ਪੀੜਤ ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਲਈ ਸਾਜ਼ੋ-ਸਾਮਾਨ ਵੀ ਦਿੱਤਾ ਜਾਵੇਗਾ ਜੋ ਕਿ ਹੜ੍ਹਾਂ ਦੀ ਮਾਰ ਨਾਲ ਨੁਕਸਾਨਿਆ ਗਿਆ ਹੈ। 

ਖਾਲਸਾ ਏਡ ਵਲੋਂ ਚਾਰ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ, ਤਵੀਆਂ ਅਤੇ ਮਸ਼ੀਨ ਸਮੇਤ ਰੋਟਾਵੇਟਰ ਦਿੱਤੇ ਗਏ ਹਨ। ਖਾਲਸਾ ਏਡ ਨੇ ਪੀੜਤਾਂ ਨੂੰ ਮਦਦ ਦੇਣ ਲਈ ਸੂਬੇ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਸਹਿਯੋਗ ਮੰਗਿਆ ਹੈ। ਮੰਤਰੀ ਨੇ ਸਹਿਯੋਗ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਇਸੇ ਸਿਲਸਿਲੇ ਵਿਚ 25 ਸਤੰਬਰ ਨੂੰ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਸੱਦ ਲਈ ਗਈ ਹੈ।

ਖਾਲਸਾ ਏਡ ਏਸ਼ੀਆ ਪੈਸੇਫਿਕ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਖਾਲਸਾ ਏਡ ਦੇ ਵਫਦ ਨੇ ਪੰਜਾਬ ਦੇ ਸਹਿਕਾਰਤਾ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਸ਼ੁਰੂ ਕੀਤੇ ਪ੍ਰਾਜੈਕਟ ਵਿਚ ਸਹਿਕਾਰੀ ਸਭਾਵਾਂ ਕਾਫੀ ਮਦਦ ਕਰ ਸਕਦੀਆਂ ਹਨ ਕਿਉਂਕਿ ਸੁਸਾਇਟੀਆਂ ਕੋਲ ਪਿੰਡਾਂ ਦੀ ਵਿਆਪਕ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਏਡ ਨੇ ਹੜ੍ਹ ਪੀੜਤ ਪਿੰਡਾਂ ਦੀ ਜਾਣਕਾਰੀ ਇਕੱਤਰ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਚਾਰ ਪਿੰਡਾਂ ਦੀਆਂ ਸੁਸਾਇਟੀਆਂ ਮਾਣਕ, ਨਲ, ਕਾਕੜ ਕਲਾਂ, ਕੰਗ ਖੁਰਦ ਨੂੰ ਇਕ-ਇਕ ਟਰੈਕਟਰ, ਰੋਟਾਵੇਟਰ ਤੇ ਤਵੀਆਂ ਦਿੱਤੀਆਂ ਗਈਆਂ ਹਨ ਤੇ ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਜ਼ਿਆਦਾ ਤਬਾਹੀ ਹੋਈ ਹੈ ਉਨ੍ਹਾਂ ਪਿੰਡਾਂ ਦੇ ਛੋਟੇ ਕਿਸਾਨਾਂ ਨੂੰ ਡੀਏਪੀ ਖਾਦ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰੋਪੜ ਦੀਆਂ ਤਿੰਨ, ਸ਼ਾਹਕੋਟ ਦੀਆਂ ਛੇ ਅਤੇ ਫਿਲੌਰ ਦੀਆਂ ਦੋ ਸੁਸਾਇਟੀਆਂ ਦੀ ਮਦਦ ਵਾਸਤੇ ਚੋਣ ਕੀਤੀ ਗਈ ਹੈ।

ਸਹਿਕਾਰਤਾ ਮੰਤਰੀ ਨੇ ਵਫਦ ਨੂੰ ਹਰ ਮਦਦ ਤੇ ਸਬਸਿਡੀ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸਹਿਕਾਰਤਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਐਸ.ਕੇ.ਬਾਤਿਸ਼ ਨੂੰ ਕਿਹਾ ਕਿ ਉਹ 25 ਦੀ ਮੀਟਿੰਗ ਲਈ ਸਬੰਧਤ ਅਫਸਰਾਂ ਦੀਆਂ ਡਿਊਟੀਆਂ ਲਗਾ ਦੇਣ।