ਜੰਮੂ ਬੱਸ ਅੱਡੇ ਵਿਚ ਗ੍ਰਨੇਡ ਧਮਾਕਾ; 1 ਦੀ ਮੌਤ 32 ਲੋਕ ਫੱਟੜ ਹੋਏ

ਜੰਮੂ ਬੱਸ ਅੱਡੇ ਵਿਚ ਗ੍ਰਨੇਡ ਧਮਾਕਾ; 1 ਦੀ ਮੌਤ 32 ਲੋਕ ਫੱਟੜ ਹੋਏ

ਜੰਮੂ: ਜੰਮੂ ਦੇ ਬੱਸ ਅੱਡੇ 'ਤੇ ਅੱਜ ਹੋਏ ਗ੍ਰਨੇਡ ਧਮਾਕੇ ਵਿਚ ਇੱਕ ਦੀ ਮੌਤ ਜਦਕਿ 32 ਲੋਕਾਂ ਦੇ ਫੱਟੜ ਹੋਣ ਦੀ ਖ਼ਬਰ ਹੈ। ਪਿਛਲੇ ਸਾਲ ਮਈ ਮਹੀਨੇ ਤੋਂ ਹੁਣ ਤਕ ਜੰਮੂ ਦੇ ਬੱਸ ਅੱਡੇ ਵਿਚ ਹੋਇਆ ਤੀਜਾ ਹਮਲਾ ਹੈ। ਭਾਰਤੀ ਸੁਰੱਖਿਆ ਅਜੈਂਸੀਆਂ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਪਿੱਛੇ ਮੁੱਖ ਮਕਸਦ ਆਪਸੀ ਭਾਈਚਾਰਕ ਸਾਂਝ ਨੂੰ ਤੋੜਨਾ ਹੈ।

ਅੱਜ ਹੋਏ ਧਮਾਕੇ ਵਿਚ ਹਰਿਦੁਆਰ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਮੋਹਮਦ ਸ਼ਰੀਕ ਦੀ ਮੌਤ ਹੋਈ ਹੈ। ਫੱਟੜ ਹੋਇਆਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ 2 ਫੱਟੜਾਂ ਦਾ ਅਪਰੇਸ਼ਨ ਕਰਕੇ ਉਨ੍ਹਾਂ ਦੀ ਜਾਨ ਬਚਾ ਲਈ ਗਈ ਹੈ।

ਜ਼ਖਮੀਆਂ ਵਿਚ 11 ਲੋਕ ਕਸ਼ਮੀਰ ਨਾਲ ਸਬੰਧਿਤ ਹਨ, 2 ਬਿਹਾਰ ਅਤੇ ਇਕ-ਇਕ ਛੱਤੀਸਗੜ੍ਹ ਅਤੇ ਹਰਿਆਣਾ ਨਾਲ ਸਬੰਧਿਤ ਹੈ।

ਜੰਮੂ ਪੁਲਿਸ ਦੇ ਇੰਸਪੈਕਟਰ ਜਨਰਲ ਐਮ.ਕੇ ਸਿਨਹਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਵਲੋਂ ਦੁਪਹਿਰ ਵੇਲੇ ਬੱਸ ਸਟੈਂਡ ਵਿਚ ਗ੍ਰਨੇਡ ਰੋੜਿਆ ਗਿਆ। 

ਗ੍ਰਨੇਡ ਦੇ ਧਮਾਕੇ ਵਿਚ ਰਾਜ ਸੜਕ ਆਵਾਜਾਈ ਕੋਰਪੋਰੇਸ਼ਨ (ਐਸਆਰਟੀਸੀ) ਦੀ ਬੱਸ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। 

ਆਈ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਿਸੇ ਹਮਲੇ ਦੀ ਅਜੈਂਸੀਆਂ ਵਲੋਂ ਕੋਈ ਇਤਲਾਹ ਨਹੀਂ ਦਿੱਤੀ ਗਈ ਸੀ।

ਜੰਮੂ ਮੁਸਲਿਮ ਫਰੰਟ ਨੇ ਹਮਲੇ ਦੀ ਨਿੰਦਾ ਕੀਤੀ
ਜੰਮੂ:
ਬੱਸ ਅੱਡ ਵਿਚ ਹੋਏ ਗ੍ਰਨੇਡ ਹਮਲੇ ਦੀ ਜੰਮੂ ਮੁਸਲਿਮ ਫਰੰਟ ਵਲੋਂ ਸਖਤ ਨਿੰਦਾ ਕੀਤੀ ਗਈ ਹੈ। ਇਸ ਨੂੰ ਇਕ ਬੁਜ਼ਦਿਲੀ ਵਾਲਾ ਕਾਰਾ ਦੱਸਦਿਆਂ ਫਰੰਟ ਨੇ ਜੰਮੂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਜਿਹੇ ਅਨਸਰਾਂ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਇਹ ਧਮਾਕਾ ਜੰਮੂ ਦੇ ਮਾਹੌਲ ਨੂੰ ਵਿਗਾੜਨ ਲਈ ਕੀਤਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ