ਸਿੱਖਾਂ ਦੇ ਕੌਮੀ ਕਿਰਦਾਰ ਨੂੰ ਸਮਝਣ ਵਿੱਚ ਵੱਡੀ ਕੁਤਾਹੀ ਕਰ ਗਈ ਇੰਦਰਾ ਗਾਂਧੀ

ਸਿੱਖਾਂ ਦੇ ਕੌਮੀ ਕਿਰਦਾਰ ਨੂੰ ਸਮਝਣ ਵਿੱਚ ਵੱਡੀ ਕੁਤਾਹੀ ਕਰ ਗਈ ਇੰਦਰਾ ਗਾਂਧੀ
ਇੰਦਰਾ ਗਾਂਧੀ

ਸੁਖਵਿੰਦਰ ਸਿੰਘ
ਜੂਨ 1984 ਵਿੱਚ ਜਦੋਂ ਦਰਬਾਰ ਸਾਹਿਬ 'ਤੇ ਭਾਰਤੀ ਫੌਜਾਂ ਨੇ ਹਮਲਾ ਕੀਤਾ ਤਾਂ ਸਿੱਖ ਮਨਾਂ ਦੀ ਤੜਫ ਨੂੰ ਇੱਕ ਨੌਜਵਾਨ ਵਿਦਿਆਰਥੀ ਦੇ ਸ਼ਬਦਾਂ ਨਾਲ ਸਮਝਿਆ ਜਾ ਸਕਦਾ ਹੈ ਜੋ ਹਮਲੇ ਤੋਂ ਬਾਅਦ ਪਹਿਲੀ ਵਾਰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਦਰਬਾਰ ਸਾਹਿਬ ਦੇ ਦੀਦਾਰ ਕਰਨ ਗਿਆ ਸੀ। ਅੰਮ੍ਰਿਤਸਰ ਦੇ ਖਾਲਸਾ ਕਾਲਜ ਦਾ ਇਹ ਵਿਦਿਆਰਥੀ ਦਸਦਾ ਹੈ, "ਮੈਂ ਅੰਮ੍ਰਿਤਸਰ ਵਿੱਚ ਰਹਿੰਦਿਆਂ ਵੀ ਕਦੇ ਸੰਤ ਜਰਨੈਲ ਸਿੰਘ ਦਾ ਭਾਸ਼ਣ ਸੁਣਨ ਨਹੀਂ ਸੀ ਗਿਆ। ਮੈਂ ਉਹ ਵਿਦਿਆਰਥੀ ਸੀ ਜਿਸ ਨੂੰ ਆਪਣੀ ਪੜ੍ਹਾਈ ਤੱਕ ਮਤਲਬ ਸੀ। ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਕਿ ਸੰਗਤ ਨੂੰ ਦਰਸ਼ਨਾਂ ਲਈ ਜਾਣ ਦਿੱਤਾ ਜਾ ਰਿਹਾ ਹੈ ਤਾਂ ਮੈਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲਾ ਗਿਆ। ਪਰ ਜਦੋਂ ਮੈਂ ਦਰਬਾਰ ਸਾਹਿਬ ਦੀ ਪਰਕਰਮਾ ਅੰਦਰ ਦਾਖਲ ਹੋ ਕੇ ਹਾਲਾਤ ਦੇਖੇ ਤਾਂ ਮੇਰੀ ਰੂਹ ਨੇ ਮੈਨੂੰ ਅਵਾਜ਼ ਦਿੱਤੀ ਕਿ ਹੁਣ ਕੌਮੀ ਅਣਖ ਖਾਤਰ ਹਥਿਆਰ ਚੁੱਕੇ ਬਿਨ੍ਹਾਂ ਨਹੀਂ ਸਰਨਾ। ਬਸ ਮੈਂ ਉਸ ਦਿਨ ਹੀ ਫੈਂਸਲਾ ਕਰ ਲਿਆ ਤੇ ਕੁੱਝ ਸਮੇਂ ਬਾਅਦ ਪਰਲੇ ਪਾਰ (ਪਾਕਿਸਤਾਨ) ਲੰਘ ਕੇ ਖਾੜਕੂ ਸਿੰਘਾਂ ਨਾਲ ਜਾ ਰਲਿਆ।"

ਇਸ ਸਿੱਖ ਦੇ ਇਹਨਾਂ ਸ਼ਬਦਾਂ ਤੋਂ ਉਸ ਸਮੇਂ ਦੀ ਸਿੱਖ ਕੌਮ ਦੇ ਹਾਲਾਤਾਂ ਦੀ ਇੱਕ ਵੱਡੀ ਸਮਝ ਪੈ ਸਕਦੀ ਹੈ ਅਤੇ 1984 ਤੋਂ ਬਾਅਦ ਲਗਭਗ ਇੱਕ ਦਹਾਕਾ ਸਿੱਖ ਕੌਮ ਵੱਲੋਂ ਭਾਰਤ ਸਰਕਾਰ ਖਿਲਾਫ ਆਪਣੇ ਅਜ਼ਾਦ ਦੇਸ਼ ਲਈ ਲੜੀ ਗਈ ਹਥਿਆਰਬੰਦ ਲੜਾਈ ਵਿੱਚ ਸਿੱਖ ਕੌਮ ਨੂੰ ਮਿਲੀ ਤਾਕਤ ਦੇ ਰੂਹਾਨੀ ਵਸੀਲੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸੇ ਰੋਸ਼ਨੀ ਵਿੱਚ ਰੱਖ ਕੇ ਉਹ ਵਰਤਾਰਾ ਵੀ ਸਮਝਿਆ ਜਾ ਸਕਦਾ ਹੈ ਜੋ 31 ਅਕਤੂਬਰ, 1984 ਨੂੰ ਭਾਰਤ ਦੀ ਰਾਜਧਾਨੀ ਵਿੱਚ ਵਾਪਰਿਆ ਜਦੋਂ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦਾ ਹੁਕਮ ਦੇਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗਰੱਖਿਅਕਾਂ ਨੇ ਸਿੱਖ ਕੌਮ ਦੀ ਦੋਖੀ ਇੰਦਰਾ ਦਾ ਸੋਧਾ ਲਾ ਦਿੱਤਾ। 


ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ

ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੂੰ ਸਿੱਖ ਕੌਮ ਨੇ ਸ਼ਹੀਦ ਦਾ ਮਾਣਮੱਤਾ ਦਰਜਾ ਦੇ ਨੇ ਨਵਾਜਿਆ ਅਤੇ ਇਸ ਕਾਰਵਾਈ ਵਿੱਚ ਇਹਨਾਂ ਦੇ ਸਹਿਯੋਗੀ ਰਹੇ ਭਾਈ ਕਿਹਰ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਗਿਆ। ਜਿੱਥੇ ਭਾਰਤੀ ਰਾਸ਼ਟਰਵਾਦੀ ਲੋਕ ਹਰ ਵਰ੍ਹੇ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਯਾਦ ਕਰਦੇ ਹਨ ਉੱਥੇ ਸਮੁੱਚਾ ਸਿੱਖ ਜਗਤ ਇਸ ਦਿਨ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦੀ ਯਾਦ ਵਿੱਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਕਰਦਾ ਹੈ। ਇਹ ਵਿਲੱਖਣਤਾ ਹੀ ਸਿੱਖ ਨੂੰ ਭਾਰਤੀਆਂ ਨਾਲੋਂ ਵੱਖ ਕਰਦੀ ਹੈ, ਜਿਸ ਕਰਕੇ ਸਿੱਖਾਂ ਦਾ ਸਵੈ-ਨਿਰਣੇ ਦੇ ਹੱਕ ਦਾ ਦਾਅਵਾ ਇੱਕ ਅਟੱਲ ਸੱਚ ਬਣ ਕੇ ਅੱਜ ਦੁਨੀਆ ਸਾਹਮਣੇ ਖੜ੍ਹਾ ਹੈ। 

ਇੰਦਰਾ ਗਾਂਧੀ ਦੀ ਅਗਵਾਈ ਵਿੱਚ ਭਾਰਤੀਆਂ ਨੇ ਸਿੱਖ ਕੌਮ ਨਾਲ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਸਿੱਖਾਂ ਦੇ ਕੌਮੀ ਕਿਰਦਾਰ ਨੂੰ ਸਮਝਣ ਵਿੱਚ ਵੱਡੀ ਕੁਤਾਹੀ ਕਰ ਦਿੱਤੀ ਜਿਸ ਕਾਰਨ ਉਹਨਾਂ ਨੂੰ ਜੂਨ 1984 ਦੇ ਹਮਲੇ ਵਿੱਚ ਵੀ ਸਿੱਖਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਬਾਅਦ ਵਿੱਚ ਆਪਣੇ ਵੱਡੇ ਆਗੂਆਂ ਨੂੰ ਵੀ ਸਿੱਖ ਕੌਮ ਦਾ ਨਿਸ਼ਾਨਾ ਬਣਨ ਤੋਂ ਨਹੀਂ ਬਚਾ ਸਕੇ। ਇਹ ਕੌਮੀ ਕਿਰਦਾਰ ਕਿਸ ਸਿੱਖ ਵਿੱਚ ਗੁਰੂ ਦੀ ਕਿਰਪਾ ਸਦਕਾ ਕਿਸ ਪੱਲ ਪ੍ਰਕਾਸ਼ਮਾਨ ਹੋ ਜਾਵੇ ਇਹ ਕਿਸੇ ਵੀ ਮਨੁੱਖੀ ਮਨ ਦੀ ਪਕੜ ਤੋਂ ਪਰੇ ਦੀ ਗੱਲ ਹੈ। ਸਿੱਖ ਮਨਾਂ ਅੰਦਰ ਦਰਬਾਰ ਸਾਹਿਬ ਦੇ ਹਮਲੇ ਦੀ ਪੀੜ ਕਿਸ ਕਦਰ ਅਸਰਅੰਦਾਜ਼ ਹੋਈ ਇਹ ਦੁਨੀਆ ਦੇ ਇਤਿਹਾਸ ਦਾ ਇੱਕ ਅਲੌਕਿਕ ਵਰਤਾਰਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।