ਹਿਜਾਬ ਵਿਵਾਦ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ: ਪ੍ਰਿਅੰਕਾ ਗਾਂਧੀ

ਹਿਜਾਬ ਵਿਵਾਦ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ: ਪ੍ਰਿਅੰਕਾ ਗਾਂਧੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕਰਨਾਟਕ ਤੋਂ ਸ਼ੁਰੂ ਹੋਇਆ ਹਿਜਾਬ ਵਿਵਾਦ ਹੁਣ ਰਾਸ਼ਟਰੀ ਰਾਜਨੀਤੀ ਦਾ ਮੁੱਦਾ ਬਣਦਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਇਸ ਮਾਮਲੇ 'ਤੇ ਆਪਣਾ ਰੁਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਪਹਿਰਾਵਾ ਪਾਉਣ ਦਾ ਅਧਿਕਾਰ ਹੈ। ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਚਾਹੇ ਪਰਦਾ, ਜੀਨਸ ਜਾਂ ਹਿਜਾਬ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਹ ਅਧਿਕਾਰ ਸੰਵਿਧਾਨ ਤੋਂ ਮਿਲਿਆ ਹੈ, ਇਸ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਹੋਣਾ ਚਾਹੀਦਾ ਹੈ।

ਵਿਵਾਦ ਇਸ ਸਾਲ ਜਨਵਰੀ ਵਿੱਚ ਉਡੁਪੀ, ਕਰਨਾਟਕ ਦੇ ਇੱਕ ਸਰਕਾਰੀ ਕਾਲਜ ਵਿੱਚ ਸ਼ੁਰੂ ਹੋਇਆ ਸੀ, ਜਦੋਂ ਛੇ ਕੁੜੀਆਂ ਨੂੰ ਹੈੱਡ ਸਕਾਰਫ਼ ਪਹਿਨ ਕੇ ਕੈਂਪਸ ਛੱਡਣ ਲਈ ਕਿਹਾ ਗਿਆ ਸੀ। ਪ੍ਰਦਰਸ਼ਨ ਨੇ ਮੰਗਲਵਾਰ ਨੂੰ ਹਿੰਸਕ ਰੂਪ ਲੈ ਲਿਆ। ਇਹ ਮਾਮਲਾ ਕਰਨਾਟਕ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਗਿਆ ਹੈ। ਹੁਣ ਇਸ ਦੀ ਗੂੰਜ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸੁਣਾਈ ਦੇ ਰਹੀ ਹੈ।

ਇਸ ਤੋਂ ਪਹਿਲਾਂ ਓਵੈਸੀ ਨੇ ਵੀ ਇਸ 'ਤੇ ਟਿੱਪਣੀ ਕੀਤੀ ਸੀ, ਆਈ ਐਮ ਆਈ ਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਸੰਭਲ 'ਚ ਚੋਣ ਪ੍ਰਚਾਰ ਕਰਦੇ ਹੋਏ ਸਵਾਲ ਕੀਤਾ ਕਿ ਭਾਜਪਾ ਸਰਕਾਰ ਸਾਡੀਆਂ ਧੀਆਂ ਨੂੰ ਹਿਜਾਬ ਪਾ ਕੇ ਪੜ੍ਹਾਈ ਨਹੀਂ ਕਰਨ ਦੇ ਰਹੀ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਤਲਾਕ ਕਾਨੂੰਨ ਨਾਲ ਮੁਸਲਿਮ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਨ। ਕੀ ਇਹ ਉਸ ਦੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੀ ਪਿਚ ਹੈ..?