ਭਾਰਤੀ ਅਮਰੀਕੀ ਜੱਜ ਬਲਸਾਰਾ ਡਿਸਟ੍ਰਿਕਟ ਜੱਜ ਬਣੇ,ਸੈਨੇਟ ਨੇ ਕੀਤੀ ਪੁਸ਼ਟੀ

ਭਾਰਤੀ ਅਮਰੀਕੀ ਜੱਜ ਬਲਸਾਰਾ  ਡਿਸਟ੍ਰਿਕਟ ਜੱਜ ਬਣੇ,ਸੈਨੇਟ ਨੇ ਕੀਤੀ ਪੁਸ਼ਟੀ
ਕੈਪਸ਼ਨ ਸੰਕੇਟ ਬਲਸਾਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਸੈਨੇਟ ਨੇ ਭਾਰਤੀ ਅਮਰੀਕੀ ਜੱਜ ਸੰਕੇਟ ਬਲਸਾਰਾ ਦੀ ਨਿਊਯਾਰਕ ਦੇ ਪੂਰਬੀ ਜਿਲੇ ਲਈ ਡਿਸਟ੍ਰਿਕਟ ਜੱਜ ਵਜੋਂ 51-42 ਵੋਟਾਂ ਦੇ ਅੰਤਰ ਨਾਲ ਪੁਸ਼ਟੀ ਕਰ ਦਿੱਤੀ ਹੈ। ਇਸ ਪੂਰਬੀ ਜਿਲੇ ਵਿਚ ਬਰੁਕਲਿਨ, ਕੁਈਨਜ ਤੇ ਲੌਂਗ ਆਈਲੈਂਡ ਆਉਂਦੇ ਹਨ ਜਿਨਾਂ ਦੀ ਆਬਾਦੀ 70 ਲੱਖ ਹੈ। ਸੈਨੇਟ ਦੇ ਬਹੁਗਿਣਤੀ ਆਗੂ ਚਕ ਸ਼ੂਮਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਮੈ ਇਸ ਅਦਭੁੱਤ ਨਿਊਯਾਰਕ ਵਾਸੀ ਸੰਕੇਟ ਬਲਸਾਰਾ ਦੇ ਨਾਂ ਦੀ ਡਿਸਟ੍ਰਿਕਟ ਜੱਜ ਵਜੋਂ ਪੁਸ਼ਟੀ ਕਰਦਾ ਹਾਂ। ਉਨਾਂ ਕਿਹਾ ਕਿ ਸੰਕੇਟ ਬਲਸਾਰਾ 2017 ਵਿਚ ਸੈਕੰਟ ਸਰਕਟ ਵਿਖੇ ਪਹਿਲੇ ਭਾਰਤੀ ਅਮਰੀਕੀ ਮਜਿਸਟ੍ਰੇਟ ਜੱਜ ਬਣੇ ਸਨ। ਰਾਸ਼ਟਰਪਤੀ ਜੋ ਬਾਇਡਨ ਦੁਆਰਾ ਨਾਮਜ਼ਦ ਉਹ 195 ਵੇਂ ਜੱਜ ਹਨ ਜਿਨਾਂ ਦੇ ਨਾਂ ਦੀ ਅਸੀਂ ਪੁਸ਼ਟੀ ਕਰਦੇ ਹਾਂ। ਬਲਸਾਰਾ ਦੇ ਮਾਪੇ 50 ਸਾਲ ਪਹਿਲਾਂ ਅਮਰੀਕਾ ਆਏ ਸਨ। ਉਨਾਂ ਦੇ ਪਿਤਾ ਨੇ ਨਿਊਯਾਰਕ ਵਿਚ ਇੰਜੀਨੀਅਰ ਵਜੋਂ ਕੰਮ ਕੀਤਾ ਹੈ ਜਦ ਕਿ ਉਨਾਂ ਦੀ ਮਾਂ ਇਕ ਸਮਰਪਿਤ ਨਰਸ ਸਨ।