ਬ੍ਰਹਿਮੰਡਲੀ ਦ੍ਰਿਸ਼ਟੀਕੋਣ (Cosmic Perspective)

ਬ੍ਰਹਿਮੰਡਲੀ ਦ੍ਰਿਸ਼ਟੀਕੋਣ (Cosmic Perspective)
ਲੇਖਕ - ਪਾਹੁਲਮੀਤ ਸਿੰਘ 

ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਟੈਲੀਵਿਜ਼ਨ ਉੱਤੇ ‘Cosmos’ ਨਾਮ ਦੀ ਡੌਕੂਮੈਂਟਰੀ ਦੇਖਣ ਲੱਗ ਪਿਆ। ਉਸ ਵਕਤ ਪਹਿਲੀ ਵਾਰ ਅਮਰੀਕਨ ਵਿਗਿਆਨੀ, ਨੀਅਲ ਡੀਗ੍ਰਾਸ ਟਾਈਸਨ, ਤੋਂ  ਬ੍ਰਹਿਮੰਡਲੀ ਦ੍ਰਿਸ਼ਟੀਕੋਣ (Cosmic Perspective) ਬਾਰੇ ਵਿਸਤਾਰ ਨਾਲ ਪਤਾ ਲੱਗਾ। ਟਾਈਸਨ ਮੁਤਾਬਿਕ ਇਸ ਦ੍ਰਿਸ਼ਟੀਕੋਣ ਨੂੰ ਜਾਣ ਕੇ ਜ਼ਿਆਦਾਤਰ ਲੋਕ ਬਹੁਤ ਸੁਰਖਰੂ ਅਤੇ ਸੰਤੁਸ਼ਟ ਮਹਿਸੂਸ ਕਰਦੇ ਹਨ ਕਿਉਂਕਿ ਉਹ ਆਪਣਾ ਮੂਲ ਪਹਿਚਾਨਣ ਲੱਗ ਪੈਂਦੇ ਹਨ। ਦੂਸਰੇ ਪਾਸੇ, ਕੁਝ ਲੋਕ ਬਹੁਤ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਫ਼ੋਕੀ ਹਉਮੈ ਅਤੇ ਟੌਰ ਨਿਰਾਰਥਿਕ ਹੋ ਨਿੱਬੜਦੀ ਹੈ। 

ਆਓ, ਆਪਾਂ ਇਸ ਬ੍ਰਹਿਮੰਡ ਦੀ ਛੋਟਾ ਜਿਹਾ ਦੌਰਾ ਕਰੀਏ| ਸਭ ਤੋਂ ਪਹਿਲਾਂ ਸਰੀਰ ਦੇ ਬਾਹਰ ਝਾਤ ਮਾਰੀਏ। ਇਸ ਧਰਤੀ ਉੱਤੇ ੮ ਬਿਲੀਅਨ(੮,੦੦੦,੦੦੦,੦੦੦) ਲੋਕ ਹਨ ਅਤੇ ਅਣਗਿਣਤ ਹੋਰ ਜੀਵ ਜੰਤੂ ਰਹਿੰਦੇ ਹਨ। ਸਾਡਾ ਸੂਰਜ ਮਹਿਜ਼ ਇੱਕ ਤਾਰਾ ਹੈ ਜਿਸ ਦੇ ਆਲੇ-ਦੁਆਲੇ ੮ ਗ੍ਰਹਿ ਤੇ ਬੇਅੰਤ ਹੋਰ ਪੁਲਾੜੀ ਚੀਜ਼ਾਂ ਘੁੰਮ ਰਹੀਆਂ ਹਨ| ਇਹਨਾਂ ਗ੍ਰਹਿਾਂ ਦੇ ਦੁਆਲੇ ਚੰਦ੍ਰਮਾ ਵਾਂਗੂ ਹੋਰ ਕਈ ਉਪ-ਗ੍ਰਹਿ ਘੁੰਮ ਰਹੇ ਹਨ। ਇਸ ਤਰ੍ਹਾਂ, ਸਾਡੀ ਅਕਾਸ਼ਗੰਗਾ/ਗਲੈਕਸੀ ਵਿੱਚ ਕਰੋੜਾਂ ਹੋਰ ਤਾਰੇ ਹਨ ਜਿਨ੍ਹਾਂ ਦੇ ਆਲੇ ਦੁਆਲੇ ਕਈ ਗ੍ਰਹਿ, ਉਪ-ਗ੍ਰਹਿ, ਤੇ ਹੋਰ ਪੁਲਾੜੀ ਚੀਜ਼ਾਂ ਘੁੰਮਦੀਆਂ ਰਹਿੰਦੀਆਂ ਹਨ। ਇਸ ਤਰਾਂ ਹੋਰ ਕਰੋੜਾਂ ਹੀ ਗਲੈਕਸੀਆਂ ਵੀ ਹਨ| ਗੱਲ ਇਥੇ ਹੀ ਰੁਕ ਨਹੀਂ ਜਾਂਦੀ, ਫ਼ੈਲਾਅ ਮੁਸਲਸਲ ਹੋਈ ਜਾਂਦਾ ਹੈ। 

ਇਸ ਸਭ ਦੇ ਦਰਮਿਆਨ ਇੱਕ ਇਨਸਾਨ ਹੀ ਐਸਾ ਜੀਵ ਹੈ ਜਿਸਨੂੰ ਲਗਦਾ ਹੈ ਕਿ ਸਾਰੀ ਦੁਨੀਆ ਉਸਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਸ ਸਭ ਦੇ ਵਿਚਕਾਰ ਇੱਕ ਇਨਸਾਨ ਹੀ ਐਸਾ ਜੀਵ ਹੈ ਜੋ ਅਕਸਰ ਇਹ ਸੋਚ ਕੇ ਘੁਟਨ ਜਿਹੀ ਮਹਿਸੂਸ ਕਰਦਾ ਹੈ ਕਿ ਮਤਾਂ ਲੋਕ ਕੀ ਕਹਿਣਗੇ, ਕਿੰਨੇ ਲਾਈਕ ਮਿਲਣਗੇ, ਕਿੰਨੇ 'ਗਾਡਰ' ਤੇ 'ਅੱਤ' ਕੰਮੈਂਟ ਮਿਲਣਗੇ, ਕਿੰਨੀ ਬੱਲੇ-ਬੱਲੇ ਹੋਊਗੀ,  ਇਤਿਆਦਿ।  

ਚਲੋ! ਆਓ, ਹੁਣ ਸਰੀਰ ਦੇ ਅੰਦਰ ਵੱਲ ਝਾਤੀ ਮਾਰੀਏ। ਸਾਡੇ ਸਰੀਰ ਦੀ ਸਭ ਤੋਂ ਛੋਟੀ ਇਕਾਈ 'ਸੈੱਲ' ਹੁੰਦੀ ਹੈ ਅਤੇ ਸਾਡੇ ਸਰੀਰ ਵਿੱਚ ਘਟੋ-ਘੱਟ ੩੭.੨ ਟ੍ਰਿਲੀਅਨ (੩੭,੨੦੦,੦੦੦,੦੦੦,੦੦੦) ਸੈੱਲ ਜੀਵਤ ਹਨ। ਉਦਹਾਰਣ ਵਜੋਂ ਜੇ ਆਪਾਂ ਆਪਣੀ ਵੱਡੀ ਆਂਦਰ ਦੇ ਇਕ ਸੈਂਟੀਮੀਟਰ ਵਰਗ ਦੇ ਖੇਤਰ ਨੂੰ ਵੇਖੀਏ ਤਾਂ ਇਸ ਥੋੜ੍ਹੇ ਜਹੇ ਖੇਤਫਲ ਵਿੱਚ ਕੁੱਲ ਸੈੱਲਾਂ ਦੀ ਗਿਣਤੀ ਧਰਤੀ ਉੱਤੇ ਅੱਜ ਤੱਕ ਪੈਦਾ ਹੋਏ ਕੁਲ ਇਨਸਾਨਾਂ ਦੀ ਗਿਣਤੀ ਤੋਂ ਜ਼ਿਆਦਾ ਹੈ। ਗੱਲ ਇਥੇ ਵੀ ਨਹੀਂ ਮੁੱਕਦੀ, ਅੱਗਿਓਂ ਹਰ ਇੱਕ ਸੈੱਲ ਦੇ ਅੰਦਰ ਕਈ ਭਾਗ ਹਨ ਤੇ ਭਾਗਾਂ ਦੇ ਅੱਗੇ ਕਈ ਭਾਗ ਹਨ। ਸਾਡੇ ਪਿੰਡੇ ਅੰਦਰ ਸੈੱਲਾਂ ਦੇ ਨਾਲ-ਨਾਲ ਹੋਰ ਬਹੁਤ ਕੁਝ ਹੈ। ਕਈ ਸਦੀਆਂ ਤੋਂ ਅਸੀਂ ਸਰੀਰ ਨੂੰ ਜਾਨਣਾ ਚਾਹ ਰਹੇ ਹਾਂ ਅਤੇ ਅਜੇ ਵੀ  ਪੂਰੀ ਤਰ੍ਹਾਂ ਨਹੀਂ ਸਮਝ ਸਕੇ| ਜਿਤਨੀ ਵਿਸ਼ਾਲਤਾ ਬਾਹਰ ਹੈ ਉਤਨੀ ਅੰਦਰ ਵੀ। “ਜੋ ਬ੍ਰਹਮੰਡੇ ਸੋਈ ਪਿੰਡੇ”? ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਕਿ ਇਨਸਾਨ ਤੇ ਬਾਕੀ ਬ੍ਰਹਿਮੰਡ ਇੱਕ ਹੀ ਚੀਜ਼ ਤੋਂ ਬਣੇ ਹਨ ਜਿਸ ਨੂੰ ਸਟਾਰ-ਡਸਟ (Star Dust) ਆਖਿਆ ਜਾਂਦਾ ਹੈ। "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।" 

ਅਖੀਰ, ਇਸ ਦ੍ਰਿਸ਼ਟੀਕੋਣ ਦਾ ਸਤ ਇਹ ਨਿਕਲਦਾ ਹੈ ਕਿ ਇਨਸਾਨ ਇੱਕ ਬਹੁਤ ਵੱਡੇ ਅਤੇ ਅਸੀਮ ਪ੍ਰਬੰਧ ਦਾ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ। ਕਿਸੇ ਨੂੰ ਇਹ ਜਾਣ ਕੇ ਅਥਾਹ ਸਕੂਨ ਮਿਲਦਾ ਹੈ ਕਿ ਉਹ ਇੱਕ ਬਹੁਤ ਵੱਡੇ ਪ੍ਰਬੰਧ ਦਾ ਹਿੱਸਾ ਹੈ। ਕਿਸੇ ਨੂੰ ਇਹ ਜਾਣ ਕੇ ਬੇਚੈਨੀ ਹੁੰਦੀ ਹੈ ਕਿ ਉਹ ਬਹੁਤ ਛੋਟਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਸਾਨੂੰ ਸਭ ਨੂੰ ਸਕੂਨ ਮਿਲੇ। ਇਸ ਸਕੂਨ ਨੂੰ ਅੱਗਿਓਂ ਹਲੀਮੀ ਨਾਲ ਗੁਣਾ ਕਰੀਏ, ਆਪਣੇ ਹੰਕਾਰ ਨਾਲ ਤਕਸੀਮ ਨਾ ਕਰੀਏ।  

"ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ।।" 

(ਵਧੇਰੇ ਜਾਣਕਾਰੀ ਲਈ ਨੀਅਲ ਡੀਗ੍ਰਾਸ ਦੀ ਕਿਤਾਬ ‘Astrophysics For People on Hurry’ ਪੜ੍ਹ ਸਕਦੇ ਹੋ - ਲੇਖਕ )