ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਹਵਾਬਾਜ਼ੀ ਮੰਤਰੀ ਨੂੰ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਅਪੀਲ

ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਹਵਾਬਾਜ਼ੀ ਮੰਤਰੀ ਨੂੰ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਅਪੀਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਮਈ 23, 2024: ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਵਧੇਰੇ ਹਵਾਈ ਸੰਪਰਕ ਅਤੇ ਸੁਵਿਧਾਵਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਜਿਓਤਿਰਾਦਿੱਤਿਆ ਸਿੰਧੀਆ, ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੰਜੀਵ ਕੁਮਾਰ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਯਾਤਰੀਆਂ ਨੂੰ ਆ ਰਹੀਆਂ ਦਰਪੇਸ਼ ਮੁ਼ਸ਼ਕਲਾਂ ਨੂੰ ਉਜਾਗਰ ਕੀਤਾ ਹੈ। ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ ਵਾਸੀ) ਅਤੇ ਭਾਰਤ ਦੇ ਕਨਵੀਨਰ ਤੇ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਆ ਰਹੀਆਂ ਇਹਨਾਂ ਮੁਸ਼ਕਲਾਂ ‘ਤੇ ਤੁਰੰਤ ਕਾਰਵਾਈ ਕਰਕੇ ਜਲਦ ਹੱਲ ਕਰਨ ਅਤੇ ਹਵਾਈ ਅੱਡੇ ‘ਤੇ ਵਧੇਰੇ ਸਹੂਲਤਾਂ ਦੇਣ ਦੀ ਅਪੀਲ ਕੀਤੀ ਹੈ।

ਇਹਨਾਂ ਆਗੂਆਂ ਨੇ ਲਿਖਿਆ ਹੈ ਕਿ ਹਵਾਈ ਅੱਡੇ ‘ਤੇ ਯਾਤਰੀਆਂ ਦੀ ਰੋਜ਼ਾਨਾ ਆਵਾਜਾਈ 10,000 ਅਤੇ ਸਲਾਨਾ 30 ਲੱਖ ਤੋਂ ਵੱਧ ਹੋਣ ਦੇ ਨਾਲ, ਮੌਜੂਦਾ ਟਰਮੀਨਲ ਦੀ ਸੰਭਾਲ ਅਤੇ ਵਿਸਤਾਰ ਲਈ ਲੋੜੀਂਦੀ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ। ਯਾਤਰੀਆਂ ਦੀ ਆਵਾਜਾਈ ਵਧਣ ਨਾਲ ਟਰਮੀਨਲ ਦੀ ਐਂਟਰੀ, ਐਕਸ-ਰੇ, ਚੈੱਕ-ਇਨ ਕਾਉੰਟਰਾਂ, ਇਮੀਗਰੇਸ਼ਨ, ਸੁਰੱਖਿਆ ਜਾਂਚ, ਪਿੱਕ-ਅੱਪ ਡ੍ਰੋਪ ਖੇਤਰ ‘ਚ ਲੰਮੀਆਂ ਲਾਈਨਾਂ ਅਤੇ ਜ਼ਿਆਦਾ ਭੀੜ ਹੋਣ ਨਾਲ ਯਾਤਰੀਆਂ ਨੂੰ ਖੱਜਲ-ਖੁਆਰੀ ਹੋ ਰਹੀ ਹੈ ਅਤੇ ਉਡਾਣ ਲੈਣ ਵਿੱਚ ਵੀ ਦੇਰੀ ਹੋ ਜਾਂਦੀ ਹੈ। ਵੱਡੀ ਗਿਣਤੀ ‘ਚ ਯਾਤਰੀ ਸਮਾਨ ਵਾਲੀਆਂ ਟਰਾਲੀਆਂ ਅਤੇ ਲੋੜੀਂਦੀ ਗਿਣਤੀ ‘ਚ ਵ੍ਹੀਲਚੇਅਰਾਂ ਦੇ ਉਪਲੱਬਧ ਨਾ ਹੋਣ ਕਾਰਨ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਕਾਮਰਾ ਨੇ ਕਿਹਾ, ਮੰਗ ਪੱਤਰ ‘ਚ ਹਵਾਈ ਅੱਡੇ ਦੇ ਰਵਾਨਗੀ ਵਾਲੇ ਟਰਮੀਨਲ ਦੇ ਅੰਦਰ ਜਾਣ ਵਾਲੇ ਗੇਟ ਤੇ ਲੰਗੀਆਂ ਲੰਮੀਆਂ ਕਤਾਰਾਂ ਨੂੰ ਦੂਰ ਕਰਨ ਲਈ ਦੂਜਾ ਗੇਟ ਖੋਲਣ ਦੀ ਬੇਨਤੀ ਕੀਤੀ ਗਈ ਹੈ। ਵੱਡੀ ਗਿਣਤੀ ਵਿੱਚ ਯਾਤਰੀ ਫਲਾਈ ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਰਾਹੀਂ ਟਰਮੀਨਲ ਦੇ ਆਗਮਨ ਵਾਲੇ ਪਾਸੇ ਦੇ ਬਾਥਰੂਮ ਸਾਫ ਨਾ ਹੋਣ, ਏਅਰਪੋਰਟ ਦੇ ਸਟਾਫ ਦੁਆਰਾ ਆਗਮਨ ਅਤੇ ਰਵਾਨਗੀ ਵਾਲੇ ਪਾਸੇ ਯਾਤਰੀਆਂ ਦਾ ਸਮਾਨ ਟਰਾਲੀਆਂ ਤੇ ਰੱਖਣ ਲਈ ਜ਼ਬਰਦਸਤੀ ਮਦਦ ਕਰਕੇ ਵੱਧ ਪੈਸੇ ਮੰਗਣ ਅਤੇ ਜਿੰਨਾਂ ਨੂੰ ਮਦਦ ਦੀ ਲੋੜ ਹੈ, ਉਹਨਾਂ ਕੋਲ਼ੋਂ ਵੀ ਬਹੁਤ ਜ਼ਿਆਦਾ ਪੈਸੇ ਮੰਗਣ ਦੀ ਸ਼ਕਾਇਤ ਕਰ ਰਹੇ ਹਨ।

ਇਹਨਾਂ ਆਗੂਆਂ ਨੇ ਅਥਾਰਟੀ ਨੂੰ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਧ ਕਿਰਾਇਆ ਵਸੂਲਣ ਸੰਬੰਧੀ ਗਈਆਂ ਸ਼ਕਾਇਤਾਂ ਅਤੇ ਪ੍ਰਬੰਧਕਾਂ ਵੱਲੋਂ ਕਈ ਵਾਰ ਜੁਰਮਾਨੇ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਇਸ ਦੇ ਪੱਕੇ ਹੱਲ ਲਈ ਫਾਸਟ-ਟੈਗ ਪ੍ਰਣਾਲੀ ਨੂੰ ਜਲਦ ਚਾਲ ਕਰਨੂ, ਨਵੀਂ ਬਹੁ-ਮੰਜ਼ਲਾ ਪਾਰਕਿੰਗ, ਪਿੱਕਅੱਪ ਅਤੇ ਡਰਾਪ ਖੇਤਰ ਨੂੰ ਆਧੁਨਿਕ ਤਰੀਕੇ ਨਾਲ ਵਿਕਾਸ ਅਤੇ ਸੁੰਦਰੀਕਰਨ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਉਹਨਾਂ ਏਅਰਪੋਰਟ ਦੀ ਪਹਿਲੀ ਮੰਜ਼ਿਲ 'ਤੇ ਅਯੋਗ ਘੋਸ਼ਣਾ ਪ੍ਰਣਾਲੀ, ਪੰਛੀ, ਚੂਹਿਆਂ ਅਤੇ ਮੱਛਰਾਂ ਦੀ ਮੌਜੂਦਗੀ, ਮੀਂਹ ਪੈਣ ਨਾਲ ਪਾਣੀ ਦੇ ਨਿਕਾਸ ਵਰਗੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣ ਦੀ ਬੇਨਤੀ ਕੀਤੀ ਹੈ।

ਗੁਮਟਾਲਾ ਨੇ ਹਵਾਬਾਜ਼ੀ ਮੰਤਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਾਉਣ ਲਈ ਸੂਬਾ ਸਰਕਾਰ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ।