ਪੰਜਾਬੀ ਸੂਫੀ ਗਾਇਕੀ ਦੇ ਸਿਰ ਦਾ ਤਾਜ ਡਾ.ਸਤਿੰਦਰ ਸਰਤਾਜ
ਨਾਮਵਰ ਗਵੱਈਏ ਤੇ ਸ਼ਾਇਰ ਸਤਿੰਦਰ ਸਰਤਾਜ ਆਪਣੀ ਪਾਕ-ਸਾਫ਼ ਤੇ ਰੂਹ ਦੇ ਧੁਰ ਅੰਦਰ ਤੱਕ ਉਤਰ ਕੇ ਸਕੂਨ ਤੇ ਅਨੰਦ ਪ੍ਰਦਾਨ ਕਰਨ ਵਾਲੀ ਗਾਇਕੀ ਤੇ ਸ਼ਾਇਰੀ ਸਦਕਾ ਸਰੋਤਿਆਂ ਵਿਚ ਵੱਡੀ ਮਕਬੂਲੀਅਤ ਹਾਸਲ ਕਰ ਚੁੱਕਾ ਹੈ।
ਆਪਣੇ ਹਰੇਕ ਗੀਤ ਅਤੇ ਆਪਣੀ ਹਰੇਕ ਐਲਬਮ ਨਾਲ ਸ਼ੁਹਰਤ ਦੀਆਂ ਬੁਲੰਦੀਆਂ ਹਾਸਲ ਕਰਦਾ ਜਾ ਰਿਹਾ ਹੈ। ਉਹ ਖ਼ੁਦ ਦੱਸਦਾ ਹੈ ਕਿ ਉਸਦਾ ਮੁਕਾਬਲਾ ਖ਼ੁਦ ਨਾਲ ਹੈ, ਕਿਸੇ ਹੋਰ ਨਾਲ ਨਹੀਂ। ਉਹ ਆਪਣੇ ਹਰੇਕ ਗੀਤ ਨੂੰ ਆਪਣੇ ਪਿਛਲੇ ਗੀਤ ਨਾਲੋਂ ਬਿਹਤਰ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਉਸ ਦੀ ਵਿਲੱਖਣ ਖ਼ੁਸ਼ਬੂ ਤੇ ਮਦਮਸਤ ਸੁਰਾਂ ਵਾਲੀ ਗਾਇਕੀ ਦੇ ਦੀਵਾਨਿਆਂ ਦੀ ਗਿਣਤੀ ਲੱਖਾਂ ਹੀ ਨਹੀਂ ਕਰੋੜਾਂ ਵਿਚ ਹੈ।
ਸਰਤਾਜ ਆਪਣੇ ਆਪ ਨੂੰ ‘ਖੇਤਾਂ ਦਾ ਪੁਤ’ ਦੱਸਦਾ ਹੈ ਤੇ ਉਸ ਨੂੰ ਮਾਣ ਹੈ ਕਿ ਉਸਨੇ ਨਾ ਕੇਵਲ ਇਕ ਕਿਸਾਨ ਪਰਿਵਾਰ ਵਿਚ ਜਨਮ ਹੀ ਲਿਆ ਸਗੋਂ ਹੱਥੀਂ ਖੇਤੀ ਕਰਨ ਦਾ ਤਜਰਬਾ ਵੀ ਹਾਸਲ ਕੀਤਾ ਹੈ। ਸਰਤਾਜ ਦੀ ਪੈਦਾਇਸ਼ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਵਿਖੇ ਕਿਸਾਨ ਬਲਵਿੰਦਰ ਸਿੰਘ ਦੇ ਘਰ 31 ਅਗਸਤ, 1982 ਦੀ ਹੈ। ਉਹ ਅਜੇ ਤੀਜੀ ਕੁ ਜਮਾਤ ਵਿਚ ਪੜ੍ਹਦਾ ਸੀ ਜਦੋਂ ਉਸਨੂੰ ਗਾਇਕੀ ਦੀ ਚੇਟਕ ਲੱਗ ਗਈ ਤੇ ਉਹ ਸਕੂਲ ਦੀ ਬਾਲ ਸਭਾ ਤੋਂ ਸ਼ੁਰੂ ਹੋ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਉਸ ਵਕਤ ਦੇ ਪ੍ਰਚਲਿਤ ਗੀਤ ਗਾਉਣ ਲੱਗ ਪਿਆ। ਉਸਨੇ ਕਵਿਤਾ ਉਚਾਰਣ ਤੇ ਗੀਤ ਮੁਕਾਬਲਿਆਂ ਵਿਚ ਜ਼ਿਲ੍ਹਾ ਪੱਧਰ ’ਤੇ ਕਈ ਇਨਾਮ ਵੀ ਹਾਸਲ ਕੀਤੇ। ਸਰਤਾਜ ਦੱਸਦਾ ਹੈ ‘ਮੈਂ ਸੂਫ਼ੀ ਸੰਗੀਤ ਤੇ ਕੱਵਾਲੀ ਦੇ ਸ਼ਹਿਨਸ਼ਾਹ ਨੁਸਰਤ ਫ਼ਤਹਿ ਅਲੀ ਖ਼ਾਂ ਸਾਹਿਬ ਤੋਂ ਬਹੁਤ ਮੁਤਾਸਿਰ ਸਾਂ ਤੇ ਮੈਨੂੰ ਜਦੋਂ ਕੋਈ ਪੁੱਛਦਾ ਕਿ ਤੂੰ ਵੱਡਾ ਹੋ ਕੇ ਕੀ ਬਣੇਂਗਾ ਤਾਂ ਮੈਂ ਆਖ਼ਦਾ ਕਿ ਮੈਂ ਨੁਸਰਤ ਵਰਗਾ ਬਣਨਾ ਚਾਹਾਂਗਾ। ਕਈ ਵਾਰ ਮੇਰੇ ਜਾਣਕਾਰ ਅੱਗਿਉਂ ਹੱਸ ਕੇ ਆਖ ਦਿੰਦੇ ਕਿ ਨੁਸਰਤ ਦੇ ਪਰਿਵਾਰ ਵਿਚ ਗਾਇਕੀ ਦਾ ਛੇ ਸੌ ਸਾਲ ਦਾ ਇਤਿਹਾਸ ਤੇ ਤੂੰ ਤਾਂ ਸਿੱਧੇ-ਸਾਦੇ ਕਿਸਾਨ ਪਰਿਵਾਰ ’ਚੋਂ ਹੈ, ਤੇਰਾ ਗਾਇਕ ਬਣਨਾ ਸੌਖਾ ਨਹੀਂ।’
ਸਰਤਾਜ ਅੰਦਰ ਸੂਫ਼ੀ ਗਾਇਕ ਬਣਨ ਦੀ ਇੱਛਾ ਸੀ ਤੇ ਉਸੇ ਇੱਛਾ ਨੇ ਉਸਨੂੰ ਉਨ੍ਹਾਂ ਰਾਹਾਂ ’ਤੇ ਤੋਰ ਦਿੱਤਾ ਜੋ ਸਿੱਧਾ ਇਕ ਮਹਾਨ ਗਾਇਕ ਬਣਨ ਵਾਲੇ ਪਾਸੇ ਜਾਂਦੀਆਂ ਸਨ। ਉਸਨੇ ਸੰਗੀਤ ਦੀ ਹੀ ਪੜ੍ਹਾਈ ਕਰਨ ਦਾ ਮਨ ਬਣਾ ਲਿਆ ਤੇ ਮੁੱਢਲੀ ਪੜ੍ਹਾਈ ਪੂਰੀ ਕਰਨ ਮਗਰੋਂ ਸੰਗੀਤ ਵਿਚ ਪੰਜ ਸਾਲਾ ਡਿਪਲੋਮਾ ਸ਼ੁਰੂ ਕਰ ਦਿੱਤਾ। ਉਪਰੰਤ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸੰਗੀਤ ਵਿਚ ਗ੍ਰੈਜੂਏਸ਼ਨ ਕਰਨ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੂਫ਼ੀ ਸੰਗੀਤ ਵਿਚ ਪੋਸਟ ਗ੍ਰੈਜੂਏਸ਼ਨ ਅਤੇ ਪੀਐੱਚਡੀ ਦੀ ਡਿਗਰੀ ਹਾਸਲ ਕਰਨ ਦੇ ਨਾਲ-ਨਾਲ ਫ਼ਾਰਸੀ ਭਾਸ਼ਾ ਵਿਚ ਸਰਟੀਫ਼ਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ। ਸਰਤਾਜ ਬੜੀ ਸਾਫ਼ਗੋਈ ਨਾਲ ਬਿਆਨਦਾ ਹੈ ਕਿ ਉਸਨੇ ਇਕ ਪ੍ਰੋਫੈਸ਼ਨਲ ਗਾਇਕ ਬਣਨ ਬਾਰੇ ਨਾ ਤਾਂ ਕਦੇ ਸੋਚਿਆ ਸੀ ਤੇ ਨਾ ਹੀ ਇਸ ਸਬੰਧ ਵਿਚ ਕੋਈ ਯੋਜਨਾਬੰਦੀ ਕੀਤੀ ਸੀ। ਉਹ ਆਖਦਾ ਹੈ, ‘ਮੈਂ ਤਾਂ ਸੰਗੀਤ ਦਾ ਪ੍ਰੋਫੈਸਰ ਬਣਨਾ ਲੋਚਦਾ ਸਾਂ ਤੇ ਸੂਫ਼ੀ ਸੰਗੀਤ ਵਿਚ ਡਾਕਟਰੇਟ ਕਰਨ ਮਗਰੋਂ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿਚ ਹੀ ਸੰਗੀਤ ਦਾ ਪ੍ਰੋਫੈਸਰ ਨਿਯੁਕਤ ਹੋ ਗਿਆ ਤਾਂ ਮੈਨੂੰ ਲੱਗਾ ਕਿ ਮੈਂ ਆਪਣਾ ਉਦੇਸ਼ ਪੂਰਾ ਕਰ ਲਿਆ ਹੈ। ਮੈਂ ਛੇ ਸਾਲ ਯੂਨੀਵਰਸਿਟੀ ਵਿਚ ਪੜ੍ਹਾਇਆ ਹੈ।’
ਬੇਹੱਦ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸੰਗੀਤ ਵਿਚ ਉੱਚ ਸਿੱਖਿਆ ਹਾਸਲ ਕਰ ਚੁੱਕੇ ਤੇ ਯੂਨੀਵਰਸਿਟੀ ਵਿਚ ਸੰਗੀਤ ਅਧਿਆਪਨ ਕਰ ਚੁੱਕੇ ਸਰਤਾਜ ਨੂੰ ਆਪਣੇ ਸਫ਼ਰ ਜਾਂ ਖਾਲੀ ਵਕਤ ਦੌਰਾਨ ਗੀਤ ਸੁਣਨ ਦੀ ਥਾਂ ਕਿਤਾਬਾਂ ਪੜ੍ਹਨਾ ਜਾਂ ਕੇਵਲ ਤੇ ਕੇਵਲ ਇੰਸਟਰੂਮੈਂਟਲ ਸੰਗੀਤ ਤੇ ਉਹ ਵੀ ਵਿਸ਼ੇਸ਼ ਕਰ ਕੇ ਈਰਾਨੀ ਸੰਗੀਤ ਸੁਣਨਾ ਪਸੰਦ ਹੈ। ਉਹ ਈਰਾਨੀ ਸੱਭਿਆਚਾਰ, ਪਹਿਰਾਵੇ ਅਤੇ ਸੰਗੀਤ ਦਾ ਆਸ਼ਕ ਹੈ। ਉਸਨੇ ਫ਼ਿਰਦੌਸੀ, ਰੂਮੀ, ਸ਼ਮਸ ਤਬਰੇਜ਼, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਤੇ ਬਾਬਾ ਫ਼ਰੀਦ ਸਮੇਤ ਕਈ ਹੋਰ ਸੂਫ਼ੀ ਸ਼ਾਇਰਾਂ ਦਾ ਕਲਾਮ ਬੜਾ ਨਿੱਠ ਕੇ ਪੜ੍ਹਿਆ ਹੈ ਤੇ ਉਸ ਦੀਆਂ ਆਪਣੀਆਂ ਕਾਵਿ ਰਚਨਾਵਾਂ ਵਿੱਚੋਂ ਵੀ ਉਕਤ ਸ਼ਾਇਰਾਂ ਦੇ ਕਲਾਮ ਦਾ ਪ੍ਰਭਾਵ ਸਾਫ਼ ਝਲਕਦਾ ਹੈ।
ਪਹਿਲੀ ਵੱਡੀ ਪੇਸ਼ਕਾਰੀ 21 ਵਰ੍ਹਿਆਂ ਦੀ ਉਮਰ ’ਚ ਦਿੱਤੀ
ਸੂਫ਼ੀ ਕਲਾਮ ਤੇ ਸੂਫ਼ੀ ਸੰਗੀਤ ਦਾ ਸ਼ੈਦਾਈ ਸਰਤਾਜ ਆਖ਼ਦਾ ਹੈ,‘ਮੈਂ ਸੂਫ਼ੀ ਸੰਗੀਤ ਦੀ ਮਸਤੀ ਤੇ ਮਹਿਕ ਦੁਨੀਆ ਭਰ ਵਿਚ ਫੈਲਾਉਣਾ ਚਾਹੁੰਦਾ ਹਾਂ ਤੇ ਇਸਨੂੰ ਹੋਰ ਬੁਲੰਦੀਆਂ ਤੱਕ ਲੈ ਜਾਣ ਦਾ ਚਾਹਵਾਨ ਹਾਂ। ਮੈਂ ਤਾਂ ਸੂਫ਼ੀ ਸੰਗੀਤ ਦੇ ਜ਼ਰੀਏ ਹਿੰਦੁਸਤਾਨ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਨਾ ਲੋਚਦਾ ਹਾਂ।’ ਸਤਿੰਦਰ ਨੇ ਆਪਣੀ ਸੂਫ਼ੀ ਗਾਇਕੀ ਦੀ ਪਹਿਲੀ ਵੱਡੀ ਪੇਸ਼ਕਾਰੀ 21 ਵਰ੍ਹਿਆਂ ਦੀ ਉਮਰ ਵਿਚ ਆਪਣੀ ਐੱਮਏ ਦੀ ਡਿਗਰੀ ਦੌਰਾਨ ਚੰਡੀਗੜ੍ਹ ਵਿਖੇ ਦਿੱਤੀ ਸੀ ਤੇ ਉਦੋਂ ਉਸ ਨਾਲ ਕੇਵਲ ਤਿੰਨ ਕੁ ਹੀ ਸਾਜ਼ਿੰਦੇ ਸਨ। ਉਸਦੇ ਅਸਲੋਂ ਵੱਖਰੇ ਸੰਗੀਤ ਤੇ ਦਿਲ ਨੂੰ ਛੂਹ ਜਾਣ ਵਾਲੀ ਸ਼ਾਇਰੀ ਨੇ ਸਰੋਤਿਆਂ ਨੂੰ ਬਹੁਤ ਹੀ ਮੁਤਾਸਿਰ ਕੀਤਾ ਸੀ ਤੇ ਸਾਰਾ ਹਾਲ ਤਾੜੀਆਂ ਨਾਲ ਕਿੰਨਾ ਹੀ ਚਿਰ ਗੂੰਜਦਾ ਰਿਹਾ ਸੀ। ਉਸ ਮੰਚ ਤੋਂ ਸ਼ੁਰੂ ਕੀਤਾ ਗਾਇਕੀ ਦਾ ਉਸਦਾ ਸਫ਼ਰ ਵੱਡੇ ਤੋਂ ਵੱਡੇ ਕੌਮੀ ਤੇ ਕੌਮਾਂਤਰੀ ਮੰਚਾਂ ਤੋਂ ਗੁਜ਼ਰਦਾ ਹੋਇਆ ਬਾਦਸਤੂਰ ਜਾਰੀ ਹੈ।
ਸ਼ਾਇਰੀ ਸੋਚ ਕੇ ਨਹੀਂ ਲਿਖੀ ਜਾਂਦੀ, ਇਹ ਉਤਰਦੀ ਹੈ
ਸਰਤਾਜ ਇਹ ਸਵੀਕਾਰ ਕਰਦਾ ਹੈ ਕਿ ਉਹ ਜਿਸ ਵੀ ਕੰਮ ਜਾਂ ਕਲਾ ਨੂੰ ਹੱਥ ਪਾਉਂਦਾ ਹੈ ਜਦੋਂ ਤੱਕ ਉਸ ਵਿਚ ਪ੍ਰਬੀਨਤਾ ਹਾਸਲ ਨਾ ਕਰ ਲਵੇ ਉਸਦੀ ਰੂਹ ਨੂੰ ਚੈਨ-ਸਕੂਨ ਨਹੀਂ ਮਿਲਦਾ ਹੈ। ਉਹ ਆਪਣੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਦਿਨਾਂ ਨੂੰ ਆਪਣੀ ਜ਼ਿੰਦਗੀ ਦਾ ‘ਸੁਨਹਿਰੀ ਕਾਲ’ ਮੰਨਦਾ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਦਾ ਹੈ। ਉਸਨੂੰ ਆਪਣੇ ਚਾਹੁਣ ਵਾਲਿਆਂ ਨਾਲ ਤਸਵੀਰਾਂ ਖਿਚਵਾਉਣਾ ਚੰਗਾ ਲੱਗਦਾ ਹੈ। ਨਿਮਰਤਾ ਨਾਲ ਭਰਿਆ ਸਰਤਾਜ ਆਖਦਾ ਹੈ ‘ਮੈਂ ਤਾਉਮਰ ਇਕ ਸਿਖਿਆਰਥੀ ਬਣਿਆ ਰਹਿਣਾ ਚਾਹੁੰਦਾ ਹਾਂ ਤੇ ਹਰ ਘੜੀ, ਹਰ ਪਲ ਕੁਝ ਨਵਾਂ ਸਿੱਖ ਕੇ ਆਪਣੇ ਚਾਹੁਣ ਵਾਲਿਆਂ ਨੂੰ ਬੇਹਤਰ ਤੋਂ ਬੇਹਤਰੀਨ ਰਚਨਾਵਾਂ ਦੇ ਜਾਣਾ ਚਾਹੁੰਦਾ ਹਾਂ। ਮੇਰੇ ਲਈ ਸਫ਼ਲਤਾ ਮਾਅਨੇ ਨਹੀਂ ਰੱਖਦੀ ਹੈ ਸਗੋਂ ਮੇਰੇ ਲਈ ਮੇਰੇ ਸਰੋਤਿਆਂ ਦਾ ਪਿਆਰ ਹੀ ਸਰਬੋਤਮ ਹੈ।’ ਉਹ ਕਹਿੰਦਾ ਹੈ ਕਿ ਸ਼ਾਇਰੀ ਹਮੇਸ਼ਾ ਉਤਰਦੀ ਹੈ, ਇਹ ਕਦੇ ਵੀ ਸੋਚ ਕੇ ਨਹੀਂ ਲਿਖੀ ਜਾ ਸਕਦੀ ਹੈ। ਮੇਰੀ ਇੱਛਾ ਹੈ ਕਿ ਮੈਂ ਆਪਣੀ ਮਾਂ-ਬੋਲੀ ਤੇ ਆਪਣੇ ਲੋਕ ਸੰਗੀਤ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾ ਦਿਆਂ।’ ਉਸ ਦੀ ਸਭ ਤੋਂ ਪਹਿਲੀ ਮਕਬੂਲ ਰਚਨਾ ‘ਸਾਂਈਂ’ ਕਈ ਵਰ੍ਹਿਆਂ ਬਾਅਦ ਅੱਜ ਵੀ ਹਰੇਕ ਮੰਚ ਤੋਂ ਉਸ ਕੋਲੋਂ ਸੁਣੀ ਜਾਂਦੀ ਹੈ।
ਫਿਲਮ ‘ਦਿ ਬਲੈਕ ਪਿ੍ਰੰਸ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ
ਗਾਇਕੀ ਵਿਚ ਮੱਲਾਂ ਮਾਰਨ ਵਾਲਾ ਸਰਤਾਜ ਸੰਨ 2016 ਵਿਚ ਅਦਾਕਾਰੀ ਦੇ ਪਿੜ ਵਿਚ ਵੀ ਉਤਰ ਆਇਆ। ਮੁੰਬਈ ਦੇ ਇਕ ਮਸ਼ਹੂਰ ਐਕਟਿੰਗ ਸਕੂਲ ਤੋਂ ਅਦਾਕਾਰੀ ਦੀ ਕੇਵਲ ਵੀਹ ਕੁ ਦਿਨ ਦੀ ਸਿਖਲਾੲਂੀ ਲੈ ਕੇ ਫਿਲਮ ‘ਦਿ ਬਲੈਕ ਪਿ੍ਰੰਸ’ ਵਿਚ ਕੁੰਵਰ ਦਲੀਪ ਸਿੰਘ ਦੀ ਭੂਮਿਕਾ ਅਦਾ ਕਰ ਦਿੱਤੀ। ਇਸ ਤੋਂ ਬਾਅਦ ਸਰਤਾਜ ਦੀਆਂ ਹੁਣ ਤੱਕ ‘ਇੱਕੋ-ਮਿੱਕੇ’,‘ਕਲੀ ਜੋਟਾ’ ਅਤੇ ‘ਸ਼ਾਇਰ’ ਆਦਿ ਪੰਜਾਬੀ ਫਿਲਮਾਂ ਰਿਲੀਜ਼ ਹੋ ਚੁੱਕੀਆਂ। ਗਾਇਕੀ, ਸ਼ਾਇਰੀ, ਅਦਾਕਾਰੀ, ਨਾਚ ਤੇ ਹੋਰ ਕਲਾਵਾਂ ਵਿਚ ਇੱਕੋ ਵੇਲੇ ਸੰਪੂਰਨ ਹੋ ਜਾਣਾ ਕਿਸੇ ਵਿਰਲੇ ਫ਼ਨਕਾਰ ਦੇ ਹਿੱਸੇ ਆਉਂਦਾ ਹੈ ਤੇ ਸਤਿੰਦਰ ਸਰਤਾਜ ਅਜਿਹਾ ਹੀ ਇਕ ਲਾਮਿਸਾਲ ਫ਼ਨਕਾਰ ਹੈ।
ਬਾਕਮਾਲ ਭੰਗੜਾ ਫ਼ਨਕਾਰ
ਸਤਿੰਦਰ ਸਰਤਾਜ ਕੇਵਲ ਇਕ ਬੇਹਤਰੀਨ ਗਵੱਈਆ ਜਾਂ ਬਾਕਮਾਲ ਸ਼ਾਇਰ ਹੀ ਨਹੀਂ ਸਗੋਂ ਇਕ ਭੰਗੜਾ ਫ਼ਨਕਾਰ ਤੇ ਸੂਝਵਾਨ ਅਦਾਕਾਰ ਵੀ ਹੈ। ਉਹ ਭੰਗੜੇ ਵਿਚ ‘ਬੈਸਟ ਭੰਗੜਾ ਡਾਂਸਰ’ ਦਾ ਇਨਾਮ ਹਾਸਲ ਕਰ ਚੁੱਕਾ ਹੈ। ਉਨ੍ਹਾਂ ਦੀ ਸਹਿਜ ਅਦਾਕਾਰੀ ਦੀ ਵੀ ਪ੍ਰਸ਼ੰਸਾ ਹੁੰਦੀ ਰਹਿੰਦੀ ਹੈ।
ਅਨੇਕ ਮਾਣ ਸਨਮਾਨ ਮਿਲੇ
ਸਾਲ 2011 ਵਿਚ ਕਰਵਾਏ ਗਏ ‘ਬਿ੍ਰਟ-ਏਸ਼ੀਆ ਟੀਵੀ ਮਿਊਜ਼ਿਕ ਐਵਾਰਡ ਸਮਾਗਮ’ ਵਿਚ ਸਤਿੰਦਰ ਸਰਤਾਜ ਨੂੰ ‘ਸਰਬੋਤਮ ਕੌਮਾਂਤਰੀ ਪੇਸ਼ਕਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਜਦੋਂ ਸੰਨ 2014 ਵਿਚ ਉਸਨੇ ‘ਰਾਇਲ ਐਲਬਰਟ ਹਾਲ’ ਵਿਖੇ ਆਪਣੇ ਜਾਦੂਮਈ ਸੰਗੀਤ ਦੀ ਪੇਸ਼ਕਾਰੀ ਕੀਤੀ ਸੀ ਤਾਂ ਉਸਨੂੰ ‘ਸਰਬੋਤਮ ਗੀਤਕਾਰ ਪੁਰਸਕਾਰ’ ਨਾਲ ਨਿਵਾਜਿਆ ਗਿਆ ਸੀ। ਸਾਲ 2018 ਵਿਚ ਵੀ ‘ਬਿ੍ਰਟ-ਏਸ਼ੀਆ ਟੀਵੀ ਮਿਊਜ਼ਿਕ ਐਵਾਰਡ ਸਮਾਗਮ’ ਵਿਚ ਉਸ ਨੂੰ ਉਸਦੀ ਜ਼ਬਰਦਸਤ ਹਿੱਟ ਰਹੀ ਐਲਬਮ ‘ਉਡਾਰੀਆਂ’ ਲਈ ‘ਸਰਬੋਤਮ ਫ਼ਨਕਾਰ ਐਵਾਰਡ’ ਪ੍ਰਦਾਨ ਕੀਤਾ ਗਿਆ ਸੀ। ਕੁੱਲ ਦੁਨੀਆ ਵਿਚ ਦੂਜੇ ਦਰਜੇ ਦਾ ਸਭ ਤੋਂ ਵੱਡਾ ਅਪਰਾਧ ਮੰਨੇ ਜਾਂਦੀ ‘ਮਨੁੱਖੀ ਤਸਕਰੀ’ ਨੂੰ ਰੋਕਣ ਹਿੱਤ ਫ਼ੰਡ ਇਕੱਠਾ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਉਸਦਾ ਸਹਿਯੋਗ ਲਏ ਜਾਣ ਦੇ ਕਾਰਜ ਨੇ ਸਮੁੱਚੇ ਹਿੰਦੁਸਤਾਨੀ ਸੰਗੀਤ ਜਗਤ ਦਾ ਮਾਣ ਵਧਾਇਆ ਹੈ। ਉਸਨੂੰ ਹੋਰ ਵੀ ਕਈ ਕੌਮੀ ਤੇ ਕੌਮਾਂਤਰੀ ਮੰਚਾਂ ਤੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਸੂਫ਼ੀ, ਸੁਥਰੀ ਤੇ ਸੁੱਚੀ ਗਾਇਕੀ ਦੇ ਮੁਰੀਦਾਂ ਲਈ ਇਹ ਬੜੇ ਹੀ ਫ਼ਖ਼ਰ ਦੀ ਗੱਲ ਹੈ।
ਨੁਸਰਤ ਫ਼ਤਹਿ ਅਲੀ ਖ਼ਾਂ ਦੇ ਮੁਰੀਦ
ਉਹ ਬਾਬਾ ਬੁੱਲੇ ਸ਼ਾਹ ਤੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਦਾ ਮੁਰੀਦ ਹੈ ਤੇ ਬੜੇ ਹੀ ਭਾਵੁਕ ਸੁਰ ਵਿਚ ਆਖ਼ਦਾ ਹੈ ‘ਬਾਬਾ ਬੁੱਲੇ ਸ਼ਾਹ ਤੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਸਾਹਿਬ ਤਾਂ ਸੂਫ਼ੀ ਜਗਤ ਦੇ ਦੋ ਨਾਯਾਬ ਹੀਰੇ ਹਨ। ਮੇਰੀ ਨਜ਼ਰ ਵਿਚ ਤਾਂ ਇਹ ਸੂਫ਼ੀ ਸੰਗੀਤ ਦੇ ਰੱਬ ਹੀ ਹਨ। ਮੈਂ ਇਨ੍ਹਾਂ ਦੀਆਂ ਰਚਨਾਵਾਂ ਨੂੰ ਆਪਣੇ ਧੁਰ ਅੰਦਰੋਂ ਸਤਿਕਾਰ ਦਿੰਦਾ ਹਾਂ।’ ਬਾਕਮਾਲ ਗਾਉਣ ਵਾਲੇ ਸਰਤਾਜ ਨੇ ਹੁਣ ਤੱਕ ਜਿਨ੍ਹਾਂ ਲਾਜਵਾਬ ਸੰਗੀਤਕ ਰਚਨਾਵਾਂ ਨਾਲ ਸੂਫ਼ੀ ਤੇ ਲੋਕ ਸੰਗੀਤ ਨੂੰ ਮਾਲਾਮਾਲ ਕੀਤਾ ਹੈ, ਉਨ੍ਹਾਂ ਵਿਚ-‘ਇਬਾਦਤ, ਸਰਤਾਜ, ਚੀਰੇ ਵਾਲਾ ਸਰਤਾਜ, ਸਰਤਾਜ ਲਾਈਵ, ਤੇਰੇ ਕੁਰਬਾਨ, ਅਫ਼ਸਾਨੇ ਸਰਤਾਜ ਦੇ, ਰੰਗਰੇਜ਼, ਹਮਜ਼ਾ, ਹਜ਼ਾਰੇ ਵਾਲਾ ਮੁੰਡਾ, ਮਾਸੂਮੀਅਤ, ਸੀਜ਼ਨ ਆਫ ਸਰਤਾਜ, ਸ਼ਗੁਫ਼ਤਾ ਦਿਲੀ, ਆਰਤੀ, ਜ਼ਫ਼ਰਨਾਮਾ, ਤਹਿਰੀਕ, ਕਾਨੂੰਨ, ਪਾਕੀਜ਼ਗੀ, ਕਮਾਲ ਹੋ ਗਿਆ, ਦਿਲ ਗਾਉਂਦਾ ਰਿਹਾ, ਨਾਦਾਨ ਜਿਹੀ ਆਸ, ਤਿਤਲੀ, ਜ਼ਰ੍ਹਾ ਫ਼ਾਸਲੇ ’ਤੇ, ਸ਼ਾਇਰਾਨਾ ਸਰਤਾਜ, ਗੱਲਾਂ ਇਹ ਨੇ, ਪੈਰਿਸ ਦੀ ਜੁਗਨੀ, ਦਿਲਾਂ ਦੀ ਗੱਲ, ਸੱਜਣ ਰਾਜ਼ੀ, ਰੁਤਬਾ, ਉਡਾਰੀਆਂ, ਇੱਕੋ-ਮਿੱਕੇ, ਫੁੱਲ ਤੇ ਖ਼ੁਸ਼ਬੂ, ਜਲਸਾ, ਭੁੱਲੀਏ ਕਿਵੇਂ, ਮਤਵਾਲੀਏ, ਇਤਰਾਂ ਦੀ ਸ਼ੀਸ਼ੀ, ਉਸਦੇ ਬਾਅਦ, ਨਿਹਾਰ ਲੈਣ ਦੇ, ਔਜ਼ਾਰ, ਕੋਸ਼ਿਸ਼ ਤਾਂ ਕਰੀਏ, ਰੱਬ ਦੇ ਬਖ਼ਸ਼ੇ ਕਾਜ, ਸਾਂਈ ਵੇ, ਮਹਿਬੂਬ, ਕਸੀਦਾ, ਇਮਤਿਹਾਨ ਅਤੇ ਤਬਾਦਲੇ’ ਆਦਿ ਸੁਰੀਲੀਆਂ ਸੰਗੀਤਕ ਪੇਸ਼ਕਸ਼ਾਂ ਸ਼ਾਮਲ ਹਨ।
ਉਸਨੂੰ ਆਪਣੇ ਸੰਗੀਤਕ ਕਰੀਅਰ ਦਾ ਸਭ ਤੋਂ ਵੱਡਾ ਮੌਕਾ ਸਾਲ 2008 ਵਿਚ ਟੋਰਾਂਟੋ ਵਿਖੇ ਮਿਲਿਆ ਸੀ ਤੇ ਉਹ ਮੌਕਾ ਉਸਦੇ ਪ੍ਰੋਫੈਸ਼ਨਲ ਜੀਵਨ ਲਈ ਇਕ ਵੱਡਾ ਹੁਲਾਰਾ ਹੋ ਨਿਬੱੜਿਆ ਸੀ। ਉਂਝ ਸੰਗੀਤ ਨਾਲ ਸਿਰ ਤੋਂ ਪੈਰਾਂ ਤੱਕ ਸਰਾਬੋਰ ਸਰਤਾਜ ਇਸ ਤੋਂ ਪਹਿਲਾਂ ‘ਦੁਬਈ ਇੰਟਰਨੈਸ਼ਨਲ ਕਲਚਰਲ ਫੈਸਟੀਵਲ’ ਵਿਚ ਸ਼ਾਮਲ ਹੋਏ 32 ਮੁਲਕਾਂ ਦੇ ਪ੍ਰਤੀਯੋਗੀਆਂ ਵਿੱਚੋਂ ਅੱਵਲ ਰਹਿ ਕੇ ‘ਸਰਬੋਤਮ ਸੂਫ਼ੀ ਗਾਇਕ ਐਵਾਰਡ’ ਹਾਸਲ ਕਰ ਚੁੱਕਾ ਸੀ। ਸੋਸ਼ਲ ਮੀਡੀਆ ’ਤੇ ਉਸਦੇ ਚਾਹੁਣ ਵਾਲਿਆਂ ਦੀ ਗਿਣਤੀ ਕਾਫੀ ਵੱਡੀ ਹੋ ਚੁੱਕੀ ਸੀ। ਟੋਰਾਂਟੋ ਵਿਖੇ ਉਸਨੂੰ ਵੱਡਾ ਮੌਕਾ ਪ੍ਰਦਾਨ ਕਰਨ ਵਾਲੇ ਪ੍ਰਬੰਧਕਾਂ ਤੇ ਪ੍ਰਮੋਟਰਾਂ ਨੇ ਵੀ ਉਸਨੂੰ ਯੂਟਿਊਬ ਤੋਂ ਹੀ ਸੁਣ ਕੇ ਸੱਦਾ ਦਿੱਤਾ ਸੀ।
ਪਰਮਜੀਤ ਸਿੰਘ ਨਿੱਕੇ ਘੁੰਮਣ
Comments (0)