ਅਫਗਾਨਿਸਤਾਨ ਦੀ ਸ਼ਾਂਤੀ ਵਾਰਤਾ 'ਚ ਭਾਰਤ ਦੀ ਸ਼ਮੂਲੀਅਤ ਦਾ ਰਾਹ ਪੱਧਰਾ 

ਅਫਗਾਨਿਸਤਾਨ ਦੀ ਸ਼ਾਂਤੀ ਵਾਰਤਾ 'ਚ ਭਾਰਤ ਦੀ ਸ਼ਮੂਲੀਅਤ ਦਾ ਰਾਹ ਪੱਧਰਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਫਗਾਨਿਸਤਾਨ ਵਿਚ ਚੱਲ ਰਹੀ ਸ਼ਾਂਤੀ ਵਾਰਤਾ 'ਚ ਭਾਰਤ ਦੀ ਸ਼ਮੂਲੀਅਤ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚੋਂ ਫੌਜ ਹਟਾ ਕੇ ਸੱਤਾ ਅਫਗਾਨੀ ਲੋਕਾਂ ਨੂੰ ਸੋਂਪਣ ਦੀ ਤਾਲਿਬਾਨ ਨਾਲ ਸੰਧੀ ਕੀਤੀ ਗਈ ਹੈ। ਪਰ ਸੰਧੀ ਦਾ ਅਗਲਾ ਤੇ ਅਹਿਮ ਪੜ੍ਹਾਅ ਇਹ ਹੈ ਕਿ ਦਹਾਕਿਆਂ ਬੱਧੀ ਹਥਿਆਰਬੰਦ ਲੜਾਈਆਂ ਤੋਂ ਬਾਅਦ ਜੇ ਹੁਣ ਅਫਗਾਨਿਸਤਾਨ ਵਿਚੋਂ ਅਮਰੀਕਾ ਬਾਹਰ ਜਾਂਦਾ ਹੈ ਤਾਂ ਇਸ ਖਿੱਤੇ 'ਤੇ ਸਿਆਸੀ ਕਬਜਾ ਕਿਸ ਧਿਰ ਦਾ ਹੋਵੇਗਾ। ਤਾਲਿਬਾਨ ਨੇ ਆਪਣੇ ਹਥਿਆਰਾਂ ਦੇ ਜੋਰ 'ਤੇ ਲੜਾਈ 'ਚ ਆਪਣਾ ਪਾਸਾ ਭਾਰਾ ਰੱਖਿਆ ਹੈ ਪਰ ਤਾਲਿਬਾਨ ਵਿਰੋਧੀ ਧਿਰਾਂ ਅਤੇ ਅਮਰੀਕਾ ਦੀ ਸਰਪ੍ਰਸਤੀ ਵਿਚ ਰਾਜ ਕਰਦੇ ਰਹੇ ਗੁੱਟ ਆਪਣੀ ਸਿਆਸੀ ਭਾਈਵਾਲੀ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਇਸ ਜ਼ੋਰ ਅਜ਼ਮਾਇਸ਼ ਵਿਚ ਅਮਰੀਕਾ ਸਮੇਤ ਚੀਨ, ਰੂਸ, ਪਾਕਿਸਤਾਨ, ਇਰਾਨ ਅਤੇ ਭਾਰਤ ਦੀ ਵੱਡੀ ਅਹਿਮੀਅਤ ਹੈ। 

ਅਫਗਾਨਿਸਤਾਨ ਵਿਚ ਸਥਾਪਤ ਹੋਣ ਵਾਲੀ ਨਵੀਂ ਸੱਤਾ ਭਾਰਤ ਅਤੇ ਪਾਕਿਸਤਾਨ 'ਤੇ ਵੱਡੇ ਪ੍ਰਭਾਵ ਪਾ ਸਕਦੀ ਹੈ। ਪਾਕਿਸਤਾਨ ਦੀ ਸ਼ਮੂਲੀਅਤ ਅਤੇ ਇੱਛਾ ਤੋਂ ਬਿਨ੍ਹਾਂ ਅਫਗਾਨਿਸਤਾਨ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਥਾਪਤੀ ਸੰਭਵ ਨਹੀਂ। ਪਰ ਪਿਛਲ਼ੇ ਸਾਲਾਂ ਵਿਚ ਭਾਰਤ ਨੇ ਵੀ ਅਫਗਾਨਿਸਤਾਨ ਵਿਚ ਆਪਣੀ ਤਾਕਤ ਨੂੰ ਵਧਾਇਆ ਹੈ। ਇਸੇ ਦੇ ਸਿੱਟੇ ਵਜੋਂ ਹੁਣ ਅਫਗਾਨਿਸਤਾਨ ਦੀ ਸ਼ਾਂਤੀ ਵਾਰਤਾ ਵਿਚ ਭਾਰਤ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। 

ਅਫਗਾਨਿਸਤਾਨ ਸ਼ਾਂਤੀ ਵਾਰਤਾ ਦੇ ਮੇਜ 'ਤੇ ਅਮਰੀਕਾ, ਪਾਕਿਸਤਾਨ, ਰੂਸ, ਚੀਨ, ਇਰਾਨ ਅਤੇ ਭਾਰਤ ਬੈਠਣਗੇ। ਪਾਕਿਸਤਾਨ ਭਾਰਤ ਨੂੰ ਬੈਠਕ ਵਿਚ ਸ਼ਾਮਲ ਕਰਨ ਦਾ ਵਿਰੋਧੀ ਸੀ ਪਰ ਰੂਸ ਵੱਲੋਂ ਵੀ ਭਾਰਤ ਦੀ ਸ਼ਮੂਲੀਅਤ ਨੂੰ ਰੱਦ ਕੀਤਾ ਗਿਆ ਸੀ। ਇਸ ਦੀ ਵਜ੍ਹਾ ਰੂਸ ਦੀ ਚੀਨ ਨਾਲ ਵਧੀ ਸਾਂਝ ਅਤੇ ਚੀਨ ਅਤੇ ਪਾਕਿਸਤਾਨ ਦੀ ਕੂਟਨੀਤਕ ਸਾਂਝ ਨੂੰ ਮੰਨਿਆ ਜਾ ਰਿਹਾ ਸੀ।

ਭਾਰਤ ਦੀ ਵਾਰਤਾ ਵਿਚ ਸ਼ਮੂਲੀਅਤ ਸਬੰਧੀ ਵਾਸ਼ਿੰਗਟਨ ਦਾ ਇਕ ਨੀਤੀ ਪੱਤਰ ਲੀਕ ਹੋਇਆ ਹੈ। ਇਸ ਗੱਲ ਦੇ ਬਾਹਰ ਆਉਣ ਤੋਂ ਬਾਅਦ ਰੂਸ ਨੇ ਹੁਣ ਭਾਰਤ ਦੀ ਸ਼ਮੂਲੀਅਤ ਦਾ ਸਵਾਗਤ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਤ ਕਰਨ ਲਈ ਭਾਰਤ ਦੀ ਹਿੱਸੇਦਾਰੀ ਬਹੁਤ ਅਹਿਮ ਹੈ।