ਲਾਦੇਨ ਦੇ ਪੁੱਤ ਹਮਜ਼ਾ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ ਦਸ ਲੱਖ ਅਮਰੀਕੀ ਡਾਲਰ

ਲਾਦੇਨ ਦੇ ਪੁੱਤ ਹਮਜ਼ਾ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ ਦਸ ਲੱਖ ਅਮਰੀਕੀ ਡਾਲਰ

ਵਾਸ਼ਿੰਗਟਨ/ਏਟੀ ਨਿਊਜ਼ :
ਅਮਰੀਕਾ ਨੇ ਮਰਹੂਮ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਪੁੱਤ ਹਮਜ਼ਾ ਬਿਨ ਲਾਦੇਨ ਦਾ ਥਹੁ-ਪਤਾ ਦੱਸਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ, ਹਮਜ਼ਾ ਨੂੰ ਇੰਤਹਾਪਸੰਦੀ ਦੇ ਉਭਰਦੇ ਚਿਹਰੇ ਵਜੋਂ ਵੇਖਦਾ ਹੈ। ਪਿਛਲੇ ਕਈ ਸਾਲਾਂ ਤੋਂ ਹਮਜ਼ਾ ਬਿਨ ਲਾਦੇਨ, ਜਿਸ ਨੂੰ 'ਜੇਹਾਦ ਦਾ ਵਲੀ ਅਹਿਦ (ਸ਼ਹਿਜ਼ਾਦਾ)' ਵੀ ਮੰਨਿਆ ਜਾਂਦਾ ਹੈ, ਦੇ ਮੁਕਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਕੁਝ ਰਿਪੋਰਟਾਂ ਮੁਤਾਬਕ ਉਸ ਦਾ ਟਿਕਾਣਾ ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਜਾਂ ਫ਼ਿਰ ਉਸ ਨੂੰ ਇਰਾਨ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਹੋ ਸਕਦਾ ਹੈ। ਇਸ ਦੌਰਾਨ ਸਾਊਦੀ ਅਰਬ ਨੇ ਹਮਜ਼ਾ ਨੂੰ ਦਿੱਤੀ ਨਾਗਰਿਕਤਾ ਵਾਪਸ ਲੈ ਲਈ ਹੈ।
ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਹਮਜ਼ਾ ਦੇ ਕਿਸੇ ਵੀ ਮੁਲਕ ਵਿਚਲੇ ਮੁਕਾਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਡਾਲਰ ਦਾ ਇਨਾਮ ਦੇਣਗੇ। ਅਮਰੀਕਾ ਮੁਤਾਬਕ 30 ਸਾਲਾ ਹਮਜ਼ਾ ਨੇ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਹਮਲਿਆਂ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿਸ਼ੇਸ਼ ਸੁਰੱਖਿਆ ਅਮਲੇ ਨੇਵੀ ਸੀਲਜ਼ ਕਮਾਂਡੋਜ਼ ਨੇ ਪਾਕਿਸਤਾਨ ਦੇ ਐਬਟਾਬਾਦ ਸਥਿਤ ਫੌਜੀ ਇਲਾਕੇ ਵਿਚ ਲੁਕੇ ਬੈਠੇ ਓਸਾਮਾ ਬਿਨ ਲਾਦੇਨ ਨੂੰ ਮਾਰ ਮੁਕਾਇਆ ਸੀ। ਅਮਰੀਕੀ ਖੁਫੀਆ ਏਜੰਸੀਆਂ, ਆਲਮੀ ਜੇਹਾਦ ਲਈ ਹਮਜ਼ਾ ਨੂੰ ਉਸ ਦੇ ਪਿਤਾ ਦਾ ਜਾਨਸ਼ੀਨ ਮੰਨਦੀਆਂ ਹਨ। ਉਸ ਦੇ ਅਫ਼ਗ਼ਾਨਿਸਤਾਨ ਵਿਚ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਹਨ।