ਵਿਆਹ ਸਮੇਤ ਹੋਰ ਪ੍ਰੋਗਰਾਮਾਂ 'ਤੇ ਵਾਧੂ ਖਰਚਿਆਂ ਨੂੰ ਰੋਕਣ ਲਈ ਪਿੰਡ ਨੇ ਘੜੇ ਨਿਯਮ; ਉਲੰਘਣਾ 'ਤੇ ਹੋਵੇਗਾ ਜ਼ੁਰਮਾਨਾ

ਵਿਆਹ ਸਮੇਤ ਹੋਰ ਪ੍ਰੋਗਰਾਮਾਂ 'ਤੇ ਵਾਧੂ ਖਰਚਿਆਂ ਨੂੰ ਰੋਕਣ ਲਈ ਪਿੰਡ ਨੇ ਘੜੇ ਨਿਯਮ; ਉਲੰਘਣਾ 'ਤੇ ਹੋਵੇਗਾ ਜ਼ੁਰਮਾਨਾ

ਭਾਈਰੂਪਾ: ਪੰਜਾਬ ਵਿਚ ਜਿੱਥੇ ਸਮਾਜਿਕ ਅਲਾਮਤਾਂ ਸਮਾਜ ਲਈ ਵੱਡੀਆਂ ਚੁਣੌਤੀਆਂ ਬਣਦੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ ਪੇਂਡੂ ਅਬਾਦੀ ਵੱਡੇ ਆਰਥਿਕ ਸੰਕਟ ਵੱਲ ਵਧ ਰਹੀ ਹੈ ਉੱਥੇ ਕੁਝ ਪਿੰਡ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਰਥਿਕ ਕਦਮ ਵੀ ਚੁੱਕ ਰਹੇ ਹਨ। ਅਜਿਹਾ ਹੀ ਕਦਮ ਪਿੰਡ ਹਿੰਮਤਪੁਰਾ ਦੀ ਪੰਚਾਇਤ ਨੇ ਚੁੱਕਿਆ ਹੈ। ਪਿੰਡ ਹਿੰਮਤਪੁਰਾ ਨੇ ਸਰਪੰਚ ਪਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਵਿੱਚ ਇਕੱਠ ਕਰ ਕੇ ਸਮਾਜਿਕ ਕੁਰੀਤੀਆਂ ਅਤੇ ਵਿਆਹਾਂ ਤੇ ਭੋਗਾਂ ’ਤੇ ਹੁੰਦੇ ਫਜ਼ੂਲ ਖ਼ਰਚਿਆਂ ਨੂੰ ਠੱਲ੍ਹ ਪਾਉਣ ਲਈ ਵੱਡੇ ਫੈਸਲੇ ਕੀਤੇ ਹਨ। ਇਹ ਫੈਸਲਾ ਗ੍ਰਾਮ ਸਭਾ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ। 


ਗ੍ਰਾਮ ਸਭਾ ਹਿੰਮਤਪੁਰਾ ਦੇ ਲੋਕ ਹੱਥ ਖੜੇ ਕਰ ਕੇ ਖਰਚੇ ਘਟਾਉਣ ਦਾ ਮਤਾ ਪਾਸ ਕਰਦੇ ਹੋਏ

ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਾਸ ਕੀਤੇ ਗਏ ਮਤਿਆਂ ਵਿੱਚ ਜਨਮ ਦੀ ਵਧਾਈ ਲੈਣ ਆਉਣ ਵਾਲੇ ਖੁਸਰਿਆਂ ਦੀ ਵਧਾਈ 11 ਸੌ ਰੁਪਏ, ਮਰਗ ਦਾ ਭੋਗ ਪਾਉਣਾ ਤੇ ਮਠਿਆਈ ਆਦਿ ਨਾ ਬਣਾਉਣਾ, ਮਰਨ ’ਤੇ ਕਫ਼ਨ ਪਰਿਵਾਰ ਵੱਲੋਂ ਪਾਉਣ ਤੇ ਫੁੱਲ ਚੁਗਣ ਦੀ ਰਸਮ ਪਰਿਵਾਰ ਵੱਲੋਂ ਕੀਤੀ ਜਾਵੇਗੀ ਤੇ ਰਿਸ਼ਤੇਦਾਰਾਂ ਨੂੰ ਨਾ ਬੁਲਾਉਣਾ ਅਤੇ ਮੁੜਮੀ ਮਕਾਣ ’ਤੇ ਪਾਬੰਦੀ ਹੋਵੇਗੀ, ਵਿਆਹ ਸਾਹੇ ਤੇ ਭੋਗ ਦੇ ਸਬੰਧ ਵਿੱਚ ਸਕੇ ਸਬੰਧੀਆਂ ਨੂੰ ਸੁਨੇਹਾ ਲਾਗੀ ਦੁਬਾਰਾ ਹੀ ਲਾਇਆ ਜਾਵੇਗਾ, ਡੀ ਜੇ ਰਾਤ ਦੇ 10 ਵਜੇ ਤੋਂ ਬਾਅਦ ਚਲਾਉਣ ਦੀ ਮਨਾਹੀ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਜੇ ਪਿੰਡ ਦਾ ਕੋਈ ਵੀ ਪਰਿਵਾਰ ਇਨ੍ਹਾਂ ਫੈਸਲਿਆਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰਨਾਂ ਮਤਿਆਂ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਅਤੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਾਉਣਾ, ਘਰਾਂ ਨੂੰ ਸਫ਼ੈਦੀ ਕਰਨਾ, ਫਸਲਾਂ ਦਾ ਉਜਾੜਾ ਰੋਕਣਾ ਲਈ ਕੰਡਿਆਲੀ ਤਾਰ ਲਾਉਣਾ, ਰੋਸ਼ਨੀ ਦੇ ਪ੍ਰਬੰਧ ਲਈ ਐਲ ਈ ਡੀ ਲਾਈਟਾਂ ਲਾਉਣੀਆਂ ਅਤੇ ਹੋਰਨਾਂ ਵਿਕਾਸ ਕਾਰਜਾਂ ਦੇ ਕੰਮਾਂ ਦੀ ਸ਼ਨਾਖ਼ਤ ਕਰ ਕੇ ਕੰਮ ਕਰਵਾਉਣੇ ਅਤੇ ਮਗਨਰੇਗਾ ਨੂੰ ਸੋਸ਼ਲ ਕਰਨਾ ਸ਼ਾਮਲ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ