ਲੇਹ ਸਥਿਤ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼

ਲੇਹ ਸਥਿਤ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼
ਗੁਰਦੁਆਰਾ ਸਾਹਿਬ ਦੀ ਕੰਧ 'ਤੇ ਬਣਾਏ ਗਏ ਹਿੰਦੂ ਅਤੇ ਬੁੱਧ ਧਰਮ ਦੇ ਚਿੰਨ੍ਹ

ਸ਼੍ਰੀਨਗਰ: ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸ਼ੋਹ ਪ੍ਰਾਪਤ ਜੰਮੂ ਕਸ਼ਮੀਰ ਦੇ ਲੇਹ ਖੇਤਰ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਦਾ ਸਰੂਪ ਬਦਲਣ ਦੀ ਸਾਜਿਸ਼ ਸਾਹਮਣੇ ਆਈ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਸਰੂਪ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਗਤ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਸਮੁੰਦਰ ਤੋਂ 12 ਹਜਾਰ ਫੁੱਟ ਦੀ ਉੱਚਾਈ 'ਤੇ ਸਥਿਤ ਇਸ ਗੁਰਦੁਆਰਾ ਸਾਹਿਬ ਨੂੰ ਨਵੀਂ ਦਿੱਖ ਦੇਣ ਦੇ ਬਹਾਨੇ ਗੁਰਦੁਆਰਾ ਸਾਹਿਬ ਦੀ ਕੰਧ ਉੱਤੋਂ ਸਿੱਖ ਚਿੰਨ੍ਹਾਂ ਨੂੰ ਹਟਾ ਕੇ ਹਿੰਦੂ ਅਤੇ ਬੁੱਧ ਧਰਮ ਦੇ ਚਿੰਨ੍ਹਾਂ ਅਤੇ ਇਬਾਰਤਾਂ ਨੂੰ ਬਣਾਇਆ ਜਾ ਰਿਹਾ ਹੈ। ਇਹ ਸਾਰਾ ਕੰਮ ਇਸ ਗੁਰਦੁਆਰਾ ਸਾਹਿਬ ਨੇੜੇ ਤੈਨਾਤ ਭਾਰਤੀ ਫੌਜ ਦੀ ਇਕ ਯੂਨਿਟ ਵੱਲੋਂ ਕੀਤਾ ਜਾ ਰਿਹਾ ਹੈ ਜੋ ਅਜੇ ਵੀ ਜਾਰੀ ਹੈ।

ਇਸ ਗੱਲ ਦਾ ਖੁਲਾਸਾ ਹੋਣ ਮਗਰੋਂ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਨੁਮਾਂਇੰਦਗੀ ਕਰਦੀ ਜਥੇਬੰਦੀ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਬੇਹੁਰਮਤੀ ਭਰੇ ਅਤੇ ਸਿੱਖਾਂ ਦੀਆਂ ਭਾਵਾਨਾਵਾਂ ਨੂੰ ਸੱਟ ਮਾਰਨ ਵਾਲੇ ਵਰਤਾਰੇ 'ਤੇ ਡੂੰਘਾ ਦੁੱਖ ਅਤੇ ਫਿਕਰ ਪ੍ਰਗਟ ਕਰਦਿਆਂ ਜੰਮੂ ਕਸ਼ਮੀਰ ਦੇ ਰਾਜਪਾਲ ਸ੍ਰੀ ਸੱਤਿਆ ਪਾਲ ਮਲਿਕ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਇਸ ਦਾ ਹੱਲ ਕਰਨ ਲਈ ਕਿਹਾ ਹੈ।

ਸ੍ਰੀਨਗਰ ਤੋਂ ਜਾਰੀ ਇਕ ਬਿਆਨ ਵਿਚ ਸੰਸਥਾ ਦੇ ਚੇਅਰਮੈਨ ਸ. ਜਗਮੋਹਨ ਸਿੰਘ ਰੈਣਾ ਨੇ ਕਿਹਾ ਹੈ ਕਿ ਇਹ ਧਰਮਾਂ ਵਿਚ ਬਿਨ੍ਹਾਂ ਕਿਸੇ ਗੱਲ ਦੇ ਦੁਫੇੜ ਪਾਉਣ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ 'ਤੇ ਫੁੱਟ ਪਾਊ ਕਾਰਜ ਕਰਦਿਆਂ ਗੁਰਦੁਆਰਾ ਸਾਹਿਬ ਦੀ ਬੇਹੁਰਮਤੀ ਕੀਤੇ ਜਾਣ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। 

ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕੰਥ 'ਤੇ ਸਿੱਖ ਚਿੰਨ੍ਹਾਂ ਨੂੰ ਹਟਾਉਂਦਿਆਂ ਹਿੰਦੂ ਅਤੇ ਬੁੱਧ ਚਿੰਨ੍ਹ ਜਾਂ ਇਬਾਰਤਾਂ ਲਿਖਣੀਆਂ ਸਿੱਖਾਂ ਦੇ ਧਾਰਮਿਕ ਕੰਮਾਂ ਵਿਚ ਸਿੱਧਾ ਦਖਲ ਦੇਣ ਦੀ ਕਾਰਵਾਈ ਹੈ ਜਿਸ ਉੱਤੇ ਸਿੱਖ ਚੁੱਪ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਜਿੰਮੇਵਾਰ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਸ. ਰੈਣਾ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਵਿਚ ਕਿਸੇ ਤਰ੍ਹਾਂ ਦੇ ਬਦਲਾਅ ਕਰਨ ਦਾ ਹੋਰ ਲੋਕਾਂ ਨੂੰ ਕੋਈ ਹੱਕ ਨਹੀਂ ਹੈ ਅਤੇ ਜੇ ਇਸ ਮਾਮਲੇ ਵਿਚ ਤੁਰੰਤ ਕੋਈ ਸਾਰਥਕ ਕਦਮ ਨਹੀਂ ਚੁੱਕੇ ਜਾਂਦੇ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। 

ਸ. ਰੈਣਾ ਨੇ ਕਿਹਾ ਕਿ ਗੁਰਦੁਆਰਾ ਪੱਥਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਨਾਲ ਸਬੰਧਿਤ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੰਮੂ ਕਸ਼ਮੀਰ ਹੁੰਦੇ ਹੋਏ ਲੇਹ ਲਦਾਖ ਰਾਹੀਂ ਤਿੱਬਤ ਅਤੇ ਮਾਨਸਰੋਵਰ ਜਾਂਦਿਆਂ ਰੁਕੇ ਸਨ। 

ਉਹਨਾਂ ਕਿਹਾ ਕਿ ਪੁਰਾਣੀਆਂ ਸਿੱਖ ਨਿਸ਼ਾਨੀਆਂ ਹਟਾਉਣ ਦਾ ਇਹ ਕਾਰਜ ਨੇੜੇ ਹੀ ਸਥਿਤ ਭਾਰਤੀ ਫੌਜ ਦੀ ਯੂਨਿਟ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਛੇਤੀ ਇਸ ਬਾਰੇ ਕਾਰਵਾਈ ਨਹੀਂ ਕੀਤੀ ਗਈ ਤਾਂ ਸਿੱਖ ਇਸ ਵਰਤਾਰੇ ਨੂੰ ਚੁੱਪ ਚਾਪ ਨਹੀਂ ਸਹਿਣਗੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ