ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਦਰਮਿਆਨ 16 ਅਪ੍ਰੈਲ ਨੂੰ ਹੋਵੇਗੀ ਬੈਠਕ

ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਦਰਮਿਆਨ 16 ਅਪ੍ਰੈਲ ਨੂੰ ਹੋਵੇਗੀ ਬੈਠਕ

ਇਸਲਾਮਾਬਾਦ: ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਤੋਂ ਅੱਜ ਇਕ ਬਿਆਨ ਆਇਆ ਹੈ ਜਿਸ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਾਂਗੇ ਦੇ ਤਕਨੀਕੀ ਪੱਖਾਂ ਨੂੰ ਲੈ ਕੇ 16 ਅਪ੍ਰੈਲ ਨੂੰ ਇਕ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਦੋਵਾਂ ਪਾਸਿਆਂ ਦੇ ਤਕਨੀਕੀ ਮਾਹਿਰ ਲਾਂਘੇ ਦੀ ਥਾਂ ਅਤੇ ਹੋਰ ਤਕਨੀਕੀ ਚੀਜ਼ਾਂ ਸਬੰਧੀ ਵਿਚਾਰ ਕਰਨਗੇ। 

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੋਹਮਦ ਫੈਜ਼ਲ ਨੇ ਟਵੀਟ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੀ ਇਸ ਲਾਂਘੇ ਸਬੰਧੀ ਸਾਰਥਕ ਪਹੁੰਚ ਨੂੰ ਜਾਰੀ ਰੱਖਦਿਆਂ ਅਸੀਂ ਭਾਰਤ ਵੱਲੋਂ 16 ਅਪ੍ਰੈਲ ਨੂੰ ਤਕਨੀਕੀ ਬੈਠਕ ਲਈ ਦਿੱਤੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ।

ਉਹਨਾਂ ਅੱਗੇ ਕਿਹਾ ਕਿ ਉਹ ਭਾਰਤ ਵੱਲੋਂ ਵੀ ਸਕਾਰਾਤਮਕ ਪਹੁੰਚ ਦੀ ਆਸ ਰੱਖਦੇ ਹਨ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੱਕ ਲਾਂਘੇ ਦਾ ਕੰਮ ਮੁਕੰਮਲ ਹੋ ਸਕੇ। 

ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਂਇੰਦਿਆਂ ਦੀ ਲਾਂਘੇ ਸਬੰਧੀ ਇਕ ਕਮੇਟੀ ਬਣਾਉਣ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਅਤੇ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿੱਤਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ