ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਵਿਚੋਂ ਕਿਉਂ ਲੱਗਿਆ ਕਿ ਉਹ ਪੰਥ ਦੇ ਨਹੀਂ, ਇਕ ਧੜੇ ਦੇ ਜਥੇਦਾਰ ਹਨ?

ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਵਿਚੋਂ ਕਿਉਂ ਲੱਗਿਆ ਕਿ ਉਹ ਪੰਥ ਦੇ ਨਹੀਂ, ਇਕ ਧੜੇ ਦੇ ਜਥੇਦਾਰ ਹਨ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿੱਖ ਜਗਤ 20ਵੀਂ ਸਦੀ ਵਿਚ ਸਥਾਪਤ ਹੋਈ ਸਿੱਖਾਂ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਸ਼ਤਾਬਦੀ ਮਨਾ ਰਿਹਾ ਹੈ। ਇਸ ਸਾਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਇਆਂ 100 ਵਰ੍ਹੇ ਪੂਰੇ ਹੋ ਗਏ ਹਨ ਤਾਂ ਸਿੱਖ ਜਗਤ ਵਿਚ ਇਹ ਵਿਚਾਰ ਵਿਆਪਕ ਪੱਧਰ 'ਤੇ ਵਿਚਾਰਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਧਾਰਮਿਕ ਪ੍ਰਚਾਰ-ਪ੍ਰਸਾਰ ਲਈ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੈਅ ਕਾਰਜਾਂ ਨੂੰ ਕਰਨ ਵਿਚ ਨਾਕਾਮ ਹੀ ਨਹੀਂ ਹੋ ਰਹੀ ਬਲਕਿ ਸੰਸਥਾ ਦੇ ਮੋਜੂਦਾ ਪ੍ਰਬੰਧਕ ਨੈਤਿਕ ਪੱਖੋਂ ਅਤੇ ਕਿਰਦਾਰਾਂ ਪੱਖੋਂ ਵੱਡੀਆਂ ਕਮਜ਼ੋਰੀਆਂ ਵਾਲੇ ਹਨ ਜਿਸ ਕਾਰਨ ਖਾਲਸਾ ਪੰਥ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਬੀਤੇ ਕੱਲ੍ਹ ਜਦੋਂ ਦਰਬਾਰ ਸਾਹਿਬ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਲ ਹਾਲ ਵਿਖੇ ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਹਾੜਾ ਮਨਾਇਆ ਗਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਨੇ ਸਭ ਦਾ ਧਿਆਨ ਖਿੱਚਿਆ। ਸ਼੍ਰੋਮਣੀ ਕਮੇਟੀ ਦੇ ਨਿਯੁਕਤ ਜਥੇਦਾਰਾਂ ਵੱਲੋਂ ਪੰਥ ਵਿਰੋਧੀ ਫੈਂਸਲੇ ਲੈਣ ਕਾਰਨ ਜਿੱਥੇ ਇਸ ਅਤਿ ਸਤਿਕਾਰਤ ਅਹੁਦੇ ਦੀ ਵੱਡੀ ਬੇਅਦਬੀ ਹੋਈ ਸੀ, ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਅਤੇ ਸਮੇਂ ਦਰ ਸਮੇਂ ਉਹਨਾਂ ਵੱਲੋਂ ਦਿੱਤੇ ਬਿਆਨਾਂ ਨਾਲ ਖਾਲਸਾ ਪੰਥ ਵਿਚ ਇਕ ਆਸ ਬੱਝੀ ਸੀ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕ ਧਿਰ ਦੇ ਸਿਆਸੀ ਅਲੰਬਰਦਾਰ ਬਾਦਲ ਪਰਿਵਾਰ ਦੇ ਦਬਾਅ ਤੋਂ ਮੁਕਤ ਹਨ। ਪਰ ਬੀਤੇ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਵਿਚੋਂ ਸਿੱਖਾਂ ਨੇ ਇਹ ਮਹਿਸੂਸ ਕੀਤਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਸਮੁੱਚੇ ਸਿੱਖਾਂ ਨੂੰ ਨਹੀਂ ਬਲਕਿ ਸਿਰਫ ਬਾਦਲ ਦਲ ਨਾਲ ਸਬੰਧਿਤ ਸਿਆਸੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। 

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਤਕਰੀਰ ਵਿਚ ਇਸ ਗੱਲ ਨੂੰ ਕੇਂਦਰ ਵਿਚ ਰੱਖਿਆ ਕਿ ਕੁੱਝ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਅਤੇ ਖਤਮ ਕਰਨਾ ਚਾਹੁੰਦੀਆਂ ਹਨ ਪਰ ਉਹਨਾਂ ਇਸ ਬਦਨਾਮੀ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਬਾਰੇ ਪੂਰਨ ਚੁੱਪ ਧਾਰੀ ਰੱਖੀ। ਇਸ ਮੌਕੇ ਸਟੇਜ 'ਤੇ ਗਿਆਨੀ ਗੁਰਬਚਨ ਸਿੰਘ ਵੀ ਮੋਹਰਲੀਆਂ ਕਤਾਰਾਂ ਵਿਚ ਨਜ਼ਰ ਆ ਰਹੇ ਸਨ ਜਿਹਨਾਂ ਅਕਾਲ ਤਖ਼ਤ ਸਾਹਿਬ ਤੋਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਵਾਂਗ ਰਚਾਉਣ ਦੇ ਦੋਸ਼ਾਂ ਵਿਚ ਬਿਨ ਮੰਗੀ ਮੁਆਫੀ ਦੇ ਦਿੱਤੀ ਸੀ। 

ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਦਲ ਦੇ ਨਾਲ ਜੁੜੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਡਾਂਗਾਂ ਚੁੱਕਣ ਦਾ ਸੱਦਾ ਦਿੱਤਾ ਜੋ ਸਿੱਖ ਜਗਤ ਅੰਦਰ ਆਪਸੀ ਖਾਨਾਜੰਗੀ ਨੂੰ ਉਤਸ਼ਾਹਿਤ ਕਰ ਸਕਦਾ ਹੈ। ਅਹਿਮ ਗੱਲ ਇਹ ਸੀ ਕਿ ਇਸ ਤੋਂ ਪਹਿਲਾਂ ਉਹਨਾਂ ਗਿਆਨੀ ਕਰਤਾਰ ਸਿੰਘ ਝੱਬਰ ਅਤੇ ਹੋਰ ਗੁਰਸਿੱਖਾਂ ਦੇ ਹਵਾਲੇ ਦਿੱਤੇ ਜੋ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਮੌਕੇ ਬੜੇ ਸੁਹਿਰਦ ਤਰੀਕੇ ਨਾਲ ਪੰਥ ਵਿਚਲੇ ਮਤਭੇਦਾਂ ਨੂੰ ਨਜਿੱਠਦੇ ਰਹੇ ਸਨ। 

ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇਦਾਰਾਂ ਨੂੰ ਕਲੀਨ ਚਿੱਟ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਮਹਿਜ਼ 'ਕੁਰਪਸ਼ਨ' ਦਾ ਸੀ ਅਤੇ ਇਸ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਸਜ਼ਾ ਦੇ ਦਿੱਤੀ ਗਈ ਹੈ। 

ਉਹਨਾਂ ਦੀ ਸਾਰੀ ਤਕਰੀਰ ਵਿਚੋਂ ਸਮੁੱਚੇ ਸਿੱਖ ਪੰਥ ਨੂੰ ਸੰਬੋਧਨ ਹੋਣ ਦੀ ਭਾਵਨਾ ਗੁਆਚੀ ਨਜ਼ਰ ਆਈ, ਬਲਕਿ ਸਿੱਖਾਂ ਵਿਚ ਇਕ ਧੜੇ ਨੂੰ ਸੰਬੋਧਨ ਹੁੰਦੀ ਪ੍ਰਤੀਤ ਹੋਈ। ਇਸ ਸੰਬੋਧਨ ਵਿਚ ਵੀ ਉਹਨਾਂ ਨੇ ਬਾਦਲ ਧੜੇ ਨੂੰ ਉਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਣ ਦੀ ਜ਼ੁਰਅਤ ਨਹੀਂ ਕੀਤੀ। 

ਬਾਦਲ ਦਲ ਨੂੰ ਸੰਬੋਧਨ ਹੁੰਦਿਆਂ ਉਹਨਾਂ ਇਸ਼ਾਰੇ ਮਾਤਰ ਇਹ ਜ਼ਰੂਰ ਕਿਹਾ ਕਿ ਪਾਰਟੀ ਨੂੰ ਹੁਣ "ਪੰਜਾਬ ਟੂ ਪੰਥ" ਦਾ ਸਫਰ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬਾਦਲ ਪਰਿਵਾਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੀ ਪੰਥਕ ਪਛਾਣ ਨੂੰ ਖਤਮ ਕਰਕੇ ਇਸ 'ਤੇ ਪੰਜਾਬੀ ਪਛਾਣ ਦੀ ਪਾਣ ਚੜ੍ਹਾਉਣ ਦੀ ਨੀਤੀ ਅਪਣਾਈ ਸੀ। ਹੁਣ ਜਦੋਂ ਆਰ.ਐਸ.ਐਸ ਦੀ ਸਿਆਸੀ ਪਾਰਟੀ ਭਾਜਪਾ ਨਾਲੋਂ ਬਾਦਲ ਦਲ ਦਾ ਗਠਜੋੜ ਟੁੱਟ ਗਿਆ ਹੈ ਤਾਂ ਪਾਰਟੀ ਆਪਣੀ ਹੋਂਦ ਨੂੰ ਬਚਾਉਣ ਲਈ ਪੰਥਕ ਅਧਾਰ ਲੱਭ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਵਿਚ ਆਇਆ ਇਹ ਇਸ਼ਾਰਾ ਦਸਦਾ ਹੈ ਕਿ ਬਾਦਲ ਪਰਿਵਾਰ ਨੇ ਮੁੜ ਪੰਥਕ (ਆਪਣੇ ਸਿਆਸੀ ਹਿੱਤਾਂ ਲਈ) ਬਣਨ ਦਾ ਸਫਰ ਸ਼ੁਰੂ ਕਰ ਦਿੱਤਾ ਹੈ।