ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ 'ਚ ਫਸੇ ਸਲਮਾਨ ਖੁਰਸ਼ੀਦ ਤੇ ਕਮਲਨਾਥ ਦਾ ਪੁੱਤ

ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ 'ਚ ਫਸੇ ਸਲਮਾਨ ਖੁਰਸ਼ੀਦ ਤੇ ਕਮਲਨਾਥ ਦਾ ਪੁੱਤ

ਹੈਲੀਕਾਪਟਰ ਖ਼ਰੀਦ ਘੁਟਾਲੇ ਦਾ ਜਿੰਨ ਕਾਂਗਰਸ ਦਾ ਨਹੀਂ ਛੱਡ ਰਿਹਾ ਪਿੱਛਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ ਘੁਟਾਲੇ ਦਾ ਜਿੰਨ ਕਾਂਗਰਸ ਦਾ ਪਿੱਛਾ ਨਹੀਂ ਛੱਡ ਰਿਹਾ। ਘੁਟਾਲੇ 'ਚ ਸ਼ਮੂਲੀਅਤ ਦੇ ਮੁਲਜ਼ਮਾਂ 'ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਭਾਣਜਾ ਰਤੁਲ ਪੁਰੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕਾ ਹੈ ਤੇ ਫ਼ਿਲਹਾਲ ਜ਼ਮਾਨਤ 'ਤੇ ਹੈ। ਹੁਣ ਮੁਲਜ਼ਮ ਰਾਜੀਵ ਸਕਸੈਨਾ ਨੇ ਈਡੀ ਦੇ ਸਾਹਮਣੇ ਦਿੱਤੇ ਬਿਆਨ 'ਚ ਕਮਲਨਾਥ ਦੇ ਬੇਟੇ ਬਕੁਲ ਨਾਥ ਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦਾ ਨਾਂ ਲਿਆ ਹੈ। ਵੈਸੇ ਸਲਮਾਨ ਖੁਰਸ਼ੀਦ ਨੇ ਘੁਟਾਲੇ ਨਾਲ ਕਿਸੇ ਤਰ੍ਹਾਂ ਦੇ ਸਬੰਧ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਫ਼ੌਜੀ ਖ਼ਰੀਦ ਘੁਟਾਲਿਆਂ 'ਚ ਕਾਂਗਰਸ ਦੀ ਪੁਰਾਣੀ ਸ਼ਮੂਲੀਅਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਜਨਤਾ ਦੇ ਸਾਹਮਣੇ ਇਸਦਾ ਜਵਾਬ ਦੇਣਾ ਪਵੇਗਾ।

ਈਡੀ ਦੇ ਸਾਹਮਣੇ ਦਿੱਤੇ ਲਗਭਗ ਇਕ ਹਜ਼ਾਰ ਸਫ਼ਿਆਂ ਦੇ ਆਪਣੇ ਬਿਆਨ 'ਚ ਰਾਜੀਵ ਸਕਸੈਨਾ ਨੇ ਸੌਦੇ 'ਚ ਲਈ ਗਈ ਦਲਾਲੀ ਦੀ ਰਕਮ ਨੂੰ ਭਾਰਤ ਪਹੁੰਚਾਉਣ 'ਚ ਆਪਣੀ ਸ਼ਮੂਲੀਅਤ ਮੰਨੀ ਹੈ। ਰਾਜੀਵ ਸਕਸੈਨਾ ਨੂੰ ਜਨਵਰੀ 2019 'ਚ ਦੁਬਈ ਤੋਂ ਹਵਾਲਗੀ ਜ਼ਰੀਏ ਭਾਰਤ ਲਿਆਂਦਾ ਗਿਆ ਸੀ। ਜਾਂਚ 'ਚ ਸਹਿਯੋਗ ਨੂੰ ਦੇਖਦੇ ਹੋਏ ਈਡੀ ਨੇ ਪਹਿਲਾਂ ਉਸਨੂੰ ਸਰਕਾਰੀ ਗਵਾਹ ਬਣਾਇਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਸਕਸੈਨਾ ਘੁਟਾਲੇ ਨਾਲ ਜੁੜੇ ਅਹਿਮ ਤੱਥ ਲੁਕਾ ਰਿਹਾ ਹੈ। ਇਸ ਤੋਂ ਬਾਅਦ ਈਡੀ ਨੇ ਉਸਨੂੰ ਸਰਕਾਰੀ ਗਵਾਹ ਤੋਂ ਹਟਾ ਕੇ ਮੁਲਜ਼ਮ ਬਣਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।ਘੁਟਾਲੇ ਨਾਲ ਕਿਹੜੇ ਸਿਆਸਤਦਾਨਾਂ ਨੂੰ ਲਾਭ ਮਿਲਣ ਦੇ ਈਡੀ ਦੇ ਸਿੱਧੇ ਸਵਾਲ ਦਾ ਜਵਾਬ ਦਿੰਦੇ ਹੋਏ ਰਾਜੀਵ ਸਕਸੈਨਾ ਨੇ ਕਿਹਾ ਕਿ ਇੰਟਰਸਟੇਲਰ ਟੈਕਨਾਲੋਜੀਜ਼ ਲਿਮਟਿਡ ਤਕ ਘੁਟਾਲੇ ਦੀ ਰਕਮ ਪਹੁੰਚੀ ਸੀ। ਸੁਸ਼ੇਨ ਮੋਹਨ ਗੁਪਤਾ ਦੀ ਇਸ ਕੰਪਨੀ ਦਾ ਸੰਚਾਲਨ ਗੌਤਮ ਖੇਤਾਨ ਕਰਦਾ ਸੀ। ਈਡੀ ਸੁਸ਼ੇਨ ਮੋਹਨ ਗੁਪਤਾ ਤੇ ਗੌਤਮ ਖੇਤਾਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਦੋਵੇਂ ਜ਼ਮਾਨਤ 'ਤੇ ਹਨ। ਸਕਸੈਨਾ ਦੇ ਮੁਤਾਬਕ ਸੁਸ਼ੇਨ ਮੋਹਨ ਗੁਪਤਾ ਤੇ ਗੌਤਮ ਖੇਤਾਨ ਗੱਲਬਾਤ 'ਚ ਘੁਟਾਲੇ ਦਾ ਲਾਭ ਲੈਣ ਵਾਲੇ ਸਿਆਸਤਦਾਨਾਂ 'ਚ 'ਏਪੀ' ਦਾ ਨਾਂ ਲੈਂਦੇ ਸਨ। ਸਕਸੈਨਾ ਦੇ ਮੁਤਾਬਕ 'ਏਪੀ' ਦਾ ਇਸਤੇਮਾਲ ਅਹਿਮਦ ਪਟੇਲ ਲਈ ਕੀਤਾ ਜਾਂਦਾ ਸੀ। ਸਕਸੈਨਾ ਨੇ ਇਹ ਵੀ ਕਿਹਾ ਕਿ ਇੰਟਰਸਟੇਲਰ ਟੈਕਨਾਲੋਜੀਜ਼ ਤੇ ਗਲੋਬਲ ਸਰਵਿਸਿਜ਼ ਦੇ ਜ਼ਰੀਏ ਦਲਾਲੀ ਦੀ ਰਕਮ ਮੋਜਰ ਬੀਅਰ ਤੇ ਆਪਟਿਮਾ ਇਨਵੈਸਟਮੈਂਟ ਤਕ ਪਹੁੰਚਦੀ ਸੀ, ਜਿਹੜੀ ਰਤੁਲ ਪੁਰੀ ਤੇ ਉਸਦੇ ਪਰਿਵਾਰ ਦੀ ਕੰਪਨੀ ਹੈ।
 
ਰਾਜੀਵ ਸਕਸੈਨਾ ਨੇ ਇਕ ਹੋਰ ਕੰਪਨੀ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦਾ ਨਾਂ ਲਿਆ। ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਤੋਂ ਰਾਜੀਵ ਸਕਸੈਨਾ ਤੇ ਸੁਸ਼ੇਨ ਮੋਹਨ ਗੁਪਤਾ ਕੋਲ ਬ੍ਰਿਜ ਫੰਡਿੰਗ ਦੇ ਜ਼ਰੀਏ ਪੈਸਾ ਪਹੁੰਚਦਾ ਸੀ। ਸਕਸੈਨਾ ਦੇ ਮੁਤਾਬਕ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦੀ ਮੈਨੇਜਮੈਂਟ ਕਮਲਨਾਥ ਦੇ ਬੇਟੇ ਬਕੁਲ ਨਾਥ ਲਈ ਜੌਨ ਡਾਕੇਟਰੀ ਸੰਭਾਲਦਾ ਸੀ। ਇਸ ਤਰ੍ਹਾਂ ਇੰਟਰਸਟੇਲਰ ਟੈਕਨਾਲੋਜੀ ਤੇ ਗਲੋਬਲ ਸਰਵਿਸਿਜ਼ ਦਾ ਇਸਤੇਮਾਲ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦੇ ਕਰਜ਼ ਦੇ ਮੁੜ ਭੁਗਤਾਨ ਲਈ ਕੀਤਾ ਜਾਂਦਾ ਸੀ।

ਜ਼ਿਕਰਯੋਗ ਹੈ ਕਿ 3600 ਕਰੋੜ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ 'ਚ ਘੁਟਾਲੇ 'ਚ ਆਪਣੀ ਤਾਜ਼ਾ ਚਾਰਜਸ਼ੀਟ 'ਚ ਸੀਬੀਆਈ ਨੇ ਦਲਾਲੀ ਦੀ ਰਕਮ ਨੂੰ ਲਾਭਪਾਤਰੀਆਂ ਤਕ ਪਹੁੰਚਾਉਣ 'ਚ ਰਾਜੀਵ ਸਕਸੈਨਾ ਦੀ ਭੂਮਿਕਾ ਦਾ ਵਿਸਥਾਰਤ ਵੇਰਵਾ ਦਿੱਤਾ ਹੈ। 17 ਸਤੰਬਰ ਨੂੰ ਦਾਖ਼ਲ ਸੀਬੀਆਈ ਦੀ ਪੂਰਕ ਚਾਰਜਸ਼ੀਟ ਦੇ ਮੁਤਾਬਕ ਇੰਟਰਸਟੇਲਰ ਟੈਕਨਾਲੋਜੀਜ਼ ਦਾ 99.9 ਫ਼ੀਸਦੀ ਸ਼ੇਅਰ ਰਾਜੀਵ ਸਕਸੈਨਾ ਨੇ 2000 'ਚ ਖ਼ਰੀਦ ਲਿਆ ਸੀ।

ਸੀਬੀਆਈ ਨੂੰ ਇਟਲੀ ਤੇ ਮਾਰੀਸ਼ਸ ਤੋਂ ਮਿਲੀ ਸਰਕਾਰੀ ਜਾਣਕਾਰੀ ਦੇ ਮੁਤਾਬਕ ਅਗਸਤਾ ਵੈਸਟਲੈਂਡ ਤੋਂ ਇੰਟਰਸਟੇਲਰ ਟੈਕਨਾਲੋਜੀਜ਼ ਦੇ ਖਾਤੇ 'ਚ 1.24 ਕਰੋੜ ਯੂਰੋ ਦੀ ਰਕਮ ਆਈ ਸੀ, ਜਿਸਨੂੰ ਬਾਅਦ 'ਚ ਵਿਚੋਲਿਆਂ ਤਕ ਪਹੁੰਚਾਇਆ ਗਿਆ। ਇਸੇ ਤਰ੍ਹਾਂ ਰਾਜੀਵ ਸਕਸੈਨਾ ਦੀਆਂ ਚਾਰ ਕੰਪਨੀਆਂ 'ਚ ਗਲੋਬਲ ਸਰਵਿਸਿਜ਼ ਤੋਂ ਨੌ ਲੱਖ 48 ਹਜ਼ਾਰ ਯੂਰੋ ਦਿੱਤੇ ਗਏ ਸਨ। ਰਾਜੀਵ ਸਕਸੈਨਾ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਜੀਪ ਘੁਟਾਲੇ ਤੋਂ ਲੈ ਕੇ ਬੋਫੋਰਸ ਘੁਟਾਲਾ, ਸਬਮਰੀਨ ਘੁਟਾਲਾ ਤੇ ਅਗਸਤਾ ਵੈਸਟਲੈਂਡ ਘੁਟਾਲੇ ਤਕ ਕਾਂਗਰਸੀ ਨੇਤਾਵਾਂ ਨੂੰ ਫਾਇਦਾ ਪਹੁੰਚਾਏ ਬਿਨਾਂ ਕੋਈ ਵੀ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਰੱਖਿਆ ਸੌਦੇ 'ਚ ਕਿਸੇ ਘੁਟਾਲੇ ਦੀ ਸੋਚਦੇ ਹਾਂ, ਤਾਂ ਕਾਂਗਰਸ ਦੇ ਕਿਸੇ ਨੇਤਾ ਦਾ ਨਾਂ ਸਾਹਮਣੇ ਆ ਜਾਂਦਾ ਹੈ।