ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਰਮਨ ਵਿਦਿਆਰਥੀ ਨੂੰ ਭਾਰਤ ਤੋਂ ਬਾਹਰ ਕੱਢਿਆ

ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਰਮਨ ਵਿਦਿਆਰਥੀ ਨੂੰ ਭਾਰਤ ਤੋਂ ਬਾਹਰ ਕੱਢਿਆ

ਨਵੀਂ ਦਿੱਲੀ: ਭਾਰਤ ਵਿੱਚ ਬੀਤੇ ਦਿਨੀਂ ਹੋਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਵਾਲੇ ਜਰਮਨ ਮੂਲ ਦੇ ਇੱਕ ਵਿਦਿਆਰਥੀ ਨੂੰ ਭਾਰਤ ਦੇ ਬਿਊਰੋ ਆਫ ਇਮੀਗਰੇਸ਼ਨ ਦੇ ਅਫਸਰਾਂ ਵੱਲੋਂ ਭਾਰਤ ਤੋਂ ਬਾਹਰ ਜਾਣ ਦਾ ਫੁਰਮਾਨ ਸੁਣਾ ਦਿੱਤਾ ਗਿਆ ਹੈ। ਜਰਮਨ ਮੂਲ ਦਾ ਵਿਦਿਆਰਥੀ ਜੈਕੋਬ ਲਿੰਡੈਂਥਲ ਆਈਆਈਟੀ ਮਦਰਾਸ ਵਿੱਚ ਵਿਦਿਆਰਥੀ ਤਬਾਦਲਾ ਪ੍ਰੋਗਰਾਮ ਅਧੀਨ ਪੜ੍ਹਾਈ ਕਰ ਰਿਹਾ ਸੀ। 

ਦਾ ਹਿੰਦੂ ਅਖਬਾਰ ਦੀ ਖਬਰ ਮੁਤਾਬਿਕ ਇਸ ਵਿਦਿਆਰਥੀ ਨੂੰ ਇਹ ਫੁਰਮਾਨ ਫਿਲਹਾਲ ਜ਼ੁਬਾਨੀ ਹੀ ਜਾਰੀ ਕੀਤੇ ਗਏ ਹਨ ਤੇ ਇਸ ਸਬੰਧੀ ਕੋਈ ਵੀ ਲਿਖਤੀ ਹੁਕਮ ਜਾਰੀ ਨਹੀਂ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਵਿਦਿਆਰਥੀ ਨੂੰ ਬੀਓਆਈ ਦਫਤਰ ਵੱਲੋਂ ਸੋਮਵਾਰ ਸਵੇਰੇ ਤਲਬ ਕੀਤਾ ਗਿਆ ਸੀ। ਸੋਮਵਾਰ ਦੁਪਹਿਰ ਤੱਕ ਉੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਉਸ ਨੂੰ ਭਾਰਤ ਦੀ ਰਾਜਨੀਤੀ ਬਾਰੇ ਅਤੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਸਵਾਲ ਪੁੱਛੇ ਗਏ। 

ਇਸ ਪੁੱਛਗਿੱਛ ਮਗਰੋਂ ਉਸ ਨੂੰ ਹੁਕਮ ਸੁਣਾਇਆ ਗਿਆ ਕਿ ਉਸ ਨੂੰ ਤੁਰੰਤ ਭਾਰਤ ਛੱਡ ਕੇ ਜਾਣਾ ਪਵੇਗਾ ਅਤੇ ਜੇ ਉਹ ਦੁਬਾਰਾ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਦੁਬਾਰਾ ਅਪਲਾਈ ਕਰਨਾ ਪਵੇਗਾ।

ਸੂਤਰਾਂ ਦੇ ਹਵਾਲੇ ਨਾਲ ਲੱਗੀ ਖਬਰ ਵਿੱਚ ਕਿਹਾ ਗਿਆ ਹੈ ਕਿ ਜਰਮਨ ਕਾਉਂਸਲੇਟ ਦਫਤਰ ਵੱਲੋਂ ਇਸ ਵਿਦਿਆਰਥੀ ਨੂੰ ਕੁੱਝ ਵਕੀਲਾਂ ਦੇ ਸੰਪਰਕ ਨੰਬਰ ਦਿੱਤੇ ਗਏ ਸੀ ਜਿਨ੍ਹਾਂ ਕੋਲ ਮਦਦ ਲਈ ਉਹ ਪਹੁੰਚ ਕਰ ਸਕਦਾ ਸੀ ਪਰ ਉਸ ਨੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਿਆਂ ਭਾਰਤ ਤੋਂ ਚਲੇ ਜਾਣ ਦਾ ਫੈਂਸਲਾ ਕੀਤਾ। 

ਇਹ ਵਿਦਿਆਰਥੀ ਮੂਲ ਰੂਪ ਵਿੱਚ ਡਰੈਸਡੇਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜੋ ਵਿਦਿਆਰਥੀ ਤਬਾਦਲੇ ਦੇ ਪ੍ਰੋਗਰਾਮ ਅਧੀਨ ਇਸ ਸਾਲ ਜੁਲਾਈ ਤੋਂ ਆਈਆਈਟੀ ਦੇ ਭੌਤਿਕ ਵਿਗਿਆਨ (ਫਿਜ਼ਿਕਸ ਡਿਪਾਰਟਮੈਂਟ) ਅੰਦਰ ਪੜ੍ਹਾਈ ਕਰ ਰਿਹਾ ਸੀ। ਉਸ ਦਾ ਇਹ ਪ੍ਰੋਗਰਾਮ ਮਈ 2020 ਵਿੱਚ ਖਤਮ ਹੋਣਾ ਸੀ। 

ਇਸ ਵਿਦਿਆਰਥੀ ਦੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਹੱਥਾਂ 'ਚ ਇਕ ਪੋਸਟਰ ਫੜ੍ਹੀ ਖੜ੍ਹਾ ਹੈ ਜਿਸ 'ਤੇ ਲਿਖਿਆ ਹੈ, "1933-1945, ਅਸੀਂ ਉੱਥੇ ਗਏ ਹਾਂ।" ਮਤਲਬ ਕਿ ਉਹ ਜਰਮਨੀ ਵਿੱਚ ਯਹੂਦੀਆਂ ਦੀ ਨਸਲਕੁਸ਼ੀ ਕਰਨ ਵਾਲੇ ਹਿਟਲਰ ਦਾ ਸਮਾਂ ਯਾਦ ਕਰਾ ਰਿਹਾ ਹੈ ਤੇ ਭਾਰਤ ਵਿੱਚ ਚੱਲ ਰਹੇ ਮਾਹੌਲ ਨੂੰ ਉਸ ਨਾਲ ਮਿਲਾ ਰਿਹਾ ਹੈ। ਦੱਸ ਦਈਏ ਕਿ ਭਾਰਤ ਵਿੱਚ ਬਹੁਤ ਲੇਖਕਾਂ, ਪੱਤਰਕਾਰਾਂ ਅਤੇ ਵਕੀਲਾਂ ਵੱਲੋਂ ਮੋਦੀ ਰਾਜ ਦੀ ਤੁਲਨਾ ਹਿਟਲਰ ਦੇ ਰਾਜ ਨਾਲ ਕੀਤੀ ਜਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।