ਗੋਲਡ ਮੈਡਲ ਜੇਤੂ ਮੁਸਲਿਮ ਵਿਦਿਆਰਥਣ ਨੂੰ ਭਾਰਤ ਦੇ ਰਾਸ਼ਟਰਪਤੀ ਦੀ ਹਾਜ਼ਰੀ 'ਚ ਜਲੀਲ ਕੀਤਾ ਗਿਆ

ਗੋਲਡ ਮੈਡਲ ਜੇਤੂ ਮੁਸਲਿਮ ਵਿਦਿਆਰਥਣ ਨੂੰ ਭਾਰਤ ਦੇ ਰਾਸ਼ਟਰਪਤੀ ਦੀ ਹਾਜ਼ਰੀ 'ਚ ਜਲੀਲ ਕੀਤਾ ਗਿਆ
ਰਹੀਬਾ ਅਬਦੁਰੇਹੀਮ

ਪੋਂਡੀਚਰੀ: ਪੋਂਡੀਚਰੀ ਯੂਨੀਵਰਸਿਟੀ ਵਿੱਚ ਲੋਕ ਸੰਚਾਰ ਵਿਸ਼ੇ ਦੀ ਐਮ.ਬੀ.ਏ 'ਚ ਗੋਲਡ ਮੈਡਲ ਹਾਸਲ ਕਰਨ ਵਾਲੀ ਮੁਸਲਿਮ ਵਿਦਿਆਰਥਣ ਰਹੀਬਾ ਅਬਦੁਰੇਹੀਮ ਨੂੰ ਯੂਨੀਵਰਸਿਟੀ ਦੇ ਇਨਾਮ ਵੰਡ ਸਮਾਗਮ ਵਿੱਚ ਹਿਜ਼ਾਬ ਪਾ ਕੇ ਆਉਣ ਕਾਰਨ ਜ਼ਲੀਲ ਕੀਤਾ ਗਿਆ ਤੇ ਉਸ ਸਮੇਂ ਤੱਕ ਸਨਮਾਨ ਸਮਾਗਮ ਵਾਲੇ ਹਾਲ ਵਿੱਚ ਨਹੀਂ ਜਾਣ ਦਿੱਤਾ ਗਿਆ ਜਦੋਂ ਤੱਕ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉੱਥੋਂ ਨਹੀਂ ਚਲੇ ਗਏ।

ਰਹੀਬਾ ਨੇ ਦੱਸਿਆ ਕਿ ਜਦੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜਵਾਹਰਲਾਲ ਨਹਿਰੂ ਆਡੀਟੋਰੀਅਮ ਵਿੱਚ ਪਹੁੰਚੇ ਤਾਂ ਉਸ ਨੂੰ ਆਡੀਟੋਰੀਅਮ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਤੱਕ ਰਾਸ਼ਟਰਪਤੀ ਉਥੋਂ ਚਲੇ ਨਹੀਂ ਗਏ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 

ਇਸ ਤੋਂ ਬਾਅਦ ਜਦੋਂ ਇਸ ਵਿਦਿਆਰਥਣ ਨੂੰ ਸਨਮਾਨਿਤ ਕਰਨ ਲਈ ਸਟੇਜ 'ਤੇ ਬੁਲਾਇਆ ਗਿਆ ਤਾਂ ਉਸ ਨੇ ਭਾਰਤ ਵਿੱਚ ਵਿਦਿਆਰਥੀਆਂ 'ਤੇ ਹੋ ਰਹੇ ਜ਼ੁਲਮਾਂ ਖਿਲਾਫ ਵਿਰੋਧ ਦਰਜ ਕਰਾਉਂਦਿਆਂ ਗੋਲਡ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ। 

ਹਲਾਂਕਿ ਉਸ ਨੂੰ ਆਡੀਟੋਰੀਅਮ ਤੋਂ ਬਾਹਰ ਕੱਢਣ ਦੀ ਕੋਈ ਵਜ੍ਹਾ ਪ੍ਰਸ਼ਾਸਨ ਨੇ ਸਾਫ ਨਹੀਂ ਕੀਤੀ ਹੈ ਪਰ ਜਦੋਂ ਉਸ ਦੇ ਸਾਥੀ ਵਿਦਿਆਰਥੀਆਂ ਨੇ ਇਸ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਕਿਹਾ ਕਿ ਸ਼ਾਇਦ ਉਸਨੇ ਆਪਣਾ ਹਿਜ਼ਾਬ ਵੱਖਰੇ ਤਰੀਕੇ ਨਾਲ ਪਾਇਆ ਸੀ। 

ਅੱਖਾਂ ਚੋਂ ਹੰਝੂ ਕੇਰਦੀ ਰਹੀਬਾ ਨੇ ਕਿਹਾ, "ਇਹਨਾਂ ਮੈਨੂੰ ਜ਼ਲੀਲ ਕੀਤਾ ਹੈ। ਇਹ ਹਰ ਉਸ ਭਾਰਤੀ ਦੀ ਬੇਇਜ਼ਤੀ ਹੈ ਜੋ ਭਾਰਤ ਵਿੱਚ ਚੱਲ ਰਹੇ ਮਾਹੌਲ ਖਿਲਾਫ ਲੜ ਰਿਹਾ ਹੈ। ਮੈਂ ਆਪਣਾ ਗੋਲਡ ਮੈਡਲ ਲੈਣ ਤੋਂ ਇਸ ਲਈ ਨਾਹ ਕੀਤੀ ਕਿਉਂਕਿ ਮੈਂ ਇਕ ਪੜ੍ਹੀ ਲਿਖੀ ਕੁੜੀ ਹਾਂ ਅਤੇ ਮੈਂ ਇਸ ਤਰ੍ਹਾਂ ਆਪਣਾ ਵਿਰੋਧ ਦਰਜ ਕਰਾਇਆ ਹੈ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।