ਦਰਬਾਰ ਸਾਹਿਬ 'ਤੇ ਹਮਲਾ: ਅਮਰੀਕਾ ਅਤੇ ਸੋਵੀਅਤ ਯੂਨੀਅਨ ਦੀ ਸ਼ਮੂਲੀਅਤ (ਕਿਸ਼ਤ-1)

ਦਰਬਾਰ ਸਾਹਿਬ 'ਤੇ ਹਮਲਾ: ਅਮਰੀਕਾ ਅਤੇ ਸੋਵੀਅਤ ਯੂਨੀਅਨ ਦੀ ਸ਼ਮੂਲੀਅਤ (ਕਿਸ਼ਤ-1)

ਸੁਖਵਿੰਦਰ ਸਿੰਘ

ਜੂਨ 1984 ਦੇ ਪਹਿਲੇ ਹਫਤੇ ਭਾਰਤ ਵੱਲੋਂ ਪੰਜਾਬ 'ਤੇ ਕੀਤੇ ਗਏ ਹਮਲੇ ਨੂੰ 36 ਸਾਲ ਬੀਤ ਗਏ ਹਨ। ਹਰ ਸਾਲ ਸਿੱਖ ਪੂਰੀ ਦੁਨੀਆ ਵਿਚ ਇਸ ਹਫਤੇ ਨੂੰ ਘੱਲੂਘਾਰਾ ਹਫਤੇ ਵਜੋਂ ਮਨਾਉਂਦੇ ਹਨ। ਭਾਰਤ ਦੇ ਹਮਲੇ ਦੇ ਜਵਾਬ ਵਜੋਂ ਸਿੱਖਾਂ ਵੱਲੋਂ ਭਾਰਤੀ ਫੌਜ ਨਾਲ ਲੜੀ ਗਈ ਜੰਗ ਨੇ ਸਿੱਖ ਮਨਾਂ ਅੰਦਰ ਅਜ਼ਾਦ ਦੇਸ਼ 'ਖਾਲਿਸਤਾਨ' ਹਾਸਲ ਕਰਨ ਦੀ ਦ੍ਰਿੜਤਾ ਨੂੰ ਮਜ਼ਬੂਤ ਕਰ ਦਿੱਤਾ। ਜਿਸ ਸਮੇਂ ਇਹ ਹਮਲਾ ਹੋਇਆ, ਉਸ ਸਮੇਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਦਰਮਿਆਨ ਠੰਡੀ ਜੰਗ ਸਿਖਰਾਂ 'ਤੇ ਚੱਲ ਰਹੀ ਸੀ। ਦੁਨੀਆ ਦੇ ਹਰ ਖੂੰਝੇ ਵਿਚ ਇਹਨਾਂ ਦੋਵਾਂ ਮੁਲਕਾਂ ਦੀਆਂ ਖੂਫੀਆ ਅਜੇਂਸੀਆਂ ਇਕ ਦੂਜੇ ਨੂੰ ਹਰਾਉਣ ਲਈ ਸਰਗਰਮ ਸਨ। ਦੱਖਣੀ ਏਸ਼ੀਆ ਵਿਚ ਇਹ ਸਰਗਰਮੀ ਬਹੁਤ ਤੇਜ਼ ਸੀ। ਅਜਿਹੇ ਵਿਚ ਦਰਬਾਰ ਸਾਹਿਬ 'ਤੇ ਹਮਲੇ ਮੌਕੇ ਇਹਨਾਂ ਦੋਵਾਂ ਵੱਡੀਆਂ ਤਾਕਤਾਂ ਦੀਆਂ ਵੱਖ-ਵੱਖ ਅਜੇਂਸੀਆਂ ਵੱਲੋਂ ਨਿਭਾਈ ਭੂਮਿਕਾ ਦੀ ਪੜਤਾਲ ਬਹੁਤ ਅਹਿਮੀਅਤ ਰੱਖਦੀ ਹੈ। ਪਰ ਖੂਫੀਆ ਅਪਰੇਸ਼ਨਾਂ ਦੀ ਬਹੁਤੀ ਜਾਣਕਾਰੀ ਗੁਪਤ ਰਹਿਣ ਕਰਕੇ ਅੱਜ 36 ਸਾਲਾਂ ਬਾਅਦ ਵੀ ਇਸ ਹਮਲੇ ਵਿਚ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ ਪੂਰੀ ਤਰ੍ਹਾਂ ਉਜਾਗਰ ਨਹੀਂ ਹੋ ਸਕੀ। 

ਬਰਤਾਨੀਆ ਵੱਲੋਂ ਇਸ ਹਮਲੇ ਵਿਚ ਭਾਰਤ ਦੀ ਮਦਦ ਕਰਨ ਦੇ ਕੁੱਝ ਸਬੂਤ ਸਾਹਮਣੇ ਆ ਚੁੱਕੇ ਹਨ ਜਿਹਨਾਂ ਦੇ ਅਧਾਰ 'ਤੇ ਅਗਲੇਰੀ  ਜਾਂਚ ਲਈ ਲਗਾਤਾਰ ਮੰਗ ਵੀ ਉੱਠ ਰਹੀ ਹੈ। ਇਸਰਾਈਲ ਦੀ ਖੂਫੀਆ ਏਜੰਸੀ ਮੋਸਾਦ ਵੱਲੋਂ ਵੀ ਭਾਰਤ ਦੇ ਖੂਫੀਆ ਤੰਤਰ ਨੂੰ ਇਸ ਹਮਲੇ ਲਈ ਤਕਨੀਕੀ ਮਦਦ ਦੇਣ ਸਬੰਧੀ ਹਵਾਲੇ ਮਿਲਦੇ ਹਨ। ਭਾਰਤ ਨੇ ਪਾਕਿਸਤਾਨ 'ਤੇ ਸਿੱਖ ਲਹਿਰ ਨੂੰ ਮਦਦ ਕਰਨ ਦਾ ਹਮੇਸ਼ਾ ਦੋਸ਼ ਲਾਇਆ ਹੈ। ਇਹਨਾਂ ਸਾਰੀਆਂ ਤੰਦਾਂ ਦਾ ਖੁੱਲ੍ਹਣਾਂ ਬਹੁਤ ਜ਼ਰੂਰੀ ਹੈ ਪਰ ਇਸ ਲੇਖ ਕੜੀ ਵਿਚ ਗੱਲ ਨੂੰ ਅਮਰੀਕਾ ਅਤੇ ਰੂਸ ਦੀ ਭਾਰਤ ਵਿਚਲੀ ਗਤੀਵਿਧੀ 'ਤੇ ਕੇਂਦਰਤ ਰੱਖਾਂਗੇ।

ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ
1980 ਦੇ ਦਹਾਕੇ ਦੇ ਹਾਲਾਤਾਂ ਸਬੰਧੀ ਮਿਲਦੇ ਸਰਕਾਰੀ ਅਤੇ ਗੁਪਤ ਦਸਤਾਵੇਜਾਂ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ-ਸੋਵੀਅਤ ਯੂਨੀਅਨ ਠੰਡੀ ਜੰਗ ਵਿਚ ਭਾਰਤ ਦਾ ਵੱਧ ਝੁਕਾਅ ਸੋਵੀਅਤ ਯੂਨੀਅਨ (ਮਾਸਕੋ) ਵੱਲ ਸੀ। ਵਪਾਰਕ ਅਤੇ ਫੌਜੀ ਸਬੰਧਾਂ ਵਿਚ ਭਾਰਤ ਅਮਰੀਕਾ ਤੋਂ ਕੰਨੀ ਕਤਰਾਉਂਦਾ ਸੀ ਅਤੇ ਸੋਵੀਅਤ ਯੂਨੀਅਨ ਵੱਲ ਬਹੁਤ ਉਲਾਰ ਸੀ। ਅਮਰੀਕਾ ਸੋਵੀਅਤ ਯੂਨੀਅਨ ਦੇ ਇਸ ਪ੍ਰਭਾਵ ਨੂੰ ਖਤਮ ਕਰਕੇ ਭਾਰਤ ਨੂੰ ਆਪਣੇ ਪਾੜੇ ਵਿਚ ਰਲਾਉਣਾ ਚਾਹੁੰਦਾ ਸੀ ਜਾਂ ਫੇਰ ਘੱਟੋ-ਘੱਟ ਭਾਰਤ ਵਿਚ ਸੋਵੀਅਤ ਯੂਨੀਅਨ ਦੇ ਬਰਾਬਰ ਭਾਈਵਾਲੀ ਸਥਾਪਤ ਕਰਨੀ ਚਾਹੁੰਦਾ ਸੀ। ਸੋਵੀਅਤ ਯੂਨੀਅਨ ਦਾ ਭਾਰਤੀ ਰਾਜਨੀਤੀ 'ਤੇ ਪ੍ਰਭਾਵ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ 1981 ਵਿਚ ਭਾਰਤ ਨੇ ਯੂਐਸ ਫੋਰਨ ਸਰਵਿਸ ਦੇ ਅਫਸਰ ਜੋਰਜ ਗ੍ਰਿਫਿਨ ਦੀ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਵਿਚ ਨਿਯੁਕਤੀ ਦਾ ਵਿਰੋਧ ਕੀਤਾ। ਇਸ ਵਿਰੋਧ ਦੀਆਂ ਤੰਦਾਂ ਮਾਸਕੋ ਤੋਂ ਖਿੱਚੀਆਂ ਗਈਆਂ ਸਨ। ਗ੍ਰਿਫਿਨ ਦੀ ਨਿਯੁਕਤੀ ਖਿਲਾਫ ਮਾਹੌਲ ਸਿਰਜਣ ਲਈ ਮਾਸਕੋ ਦੇ ਪੈਸੇ 'ਤੇ ਚਲਦੇ ਭਾਰਤੀ ਕਮਿਊਨਿਸਟ ਅਖਬਾਰ 'ਦਾ ਪੈਟਰੀਓਟ" ਅਤੇ ਸੋਵੀਅਤ ਪ੍ਰੈਸ ਅਜੈਂਸੀ 'ਟਾਸ' ਨੇ ਅਹਿਮ ਕੰਮ ਕੀਤਾ। 

ਸੋਵੀਅਤ ਯੂਨੀਅਨ ਦੇ ਭਾਰਤ ਵਿਚਲੇ ਮੋਹਰੇ
ਸੋਵੀਅਤ ਯੂਨੀਅਨ ਨੇ ਭਾਰਤੀ ਰਾਜਨੀਤੀ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡੀ ਰਕਮ ਖਰਚੀ। ਭਾਰਤ ਨੂੰ ਵਪਾਰਕ ਅਤੇ ਫੌਜੀ ਮਦਦ ਦਿੰਦਿਆਂ ਉਸਨੇ ਭਾਰਤੀ ਰਾਜਨੀਤਕ ਵਰਾਂਡਿਆਂ ਅਤੇ ਅਫਸਰਸ਼ਾਹੀ ਅੰਦਰ ਡੂੰਘੀ ਸੰਨ੍ਹ ਲਾ ਲਈ ਸੀ। 

2011 ਵਿਚ ਜਨਤਕ ਕੀਤੀ ਗਈ ਅਮਰੀਕੀ ਖੂਫੀਆ ਏਜੰਸੀ ਸੀਆਈਏ ਵੱਲੋਂ ਦਸੰਬਰ 1985 ਵਿਚ ਵਾਸ਼ਿੰਗਟਨ ਭੇਜੀ ਗਈ ਭਾਰਤ ਸਬੰਧੀ ਰਿਪੋਰਟ 'ਦਾ ਸੋਵੀਅਤਸ ਇਨ ਇੰਡੀਆ: ਮੋਸਕੋ ਮੇਜਰ ਪੈਨੀਟਰੇਸ਼ਨ ਪ੍ਰੋਗਰਾਮ" ਵਿਚ ਖੁਲਾਸਾ ਹੋਇਆ ਹੈ ਕਿ ਸੋਵੀਅਤ ਯੂਨੀਅਨ ਭਾਰਤ ਵਿਚ ਕਾਂਗਰਸ, ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਅਤੇ ਸੀਪੀਆਈ(ਐਮ) ਨੂੰ ਰਾਜਨੀਤਕ ਗਤੀਵਿਧੀਆਂ ਲਈ ਵੱਡੀ ਰਕਮ ਦਿੰਦੀ ਸੀ। ਮਾਸਕੋ ਇੰਦਰਾ ਗਾਂਧੀ ਨੂੰ ਭਾਰਤ ਦੀ ਰਾਜਨੀਤੀ ਵਿਚ ਸਥਾਪਤ ਕਰਕੇ ਰੱਖਣਾ ਚਾਹੁੰਦਾ ਸੀ, ਜੋ ਉਸਨੂੰ ਆਪਣੇ ਹਿੱਤਾਂ ਲਈ ਲਾਹੇਵੰਦ ਲਗਦਾ ਸੀ। 

ਸੋਵੀਅਤ ਯੂਨੀਅਨ ਨੇ 1965 ਦੀ ਪਾਕਿਸਤਾਨ ਨਾਲ ਜੰਗ, 1971 ਦੀ ਬੰਗਲਾਦੇਸ਼ ਜੰਗ ਵਿਚ ਭਾਰਤ ਦੀ ਵੱਡੀ ਮਦਦ ਕੀਤੀ ਸੀ। ਜਦੋਂ ਇੰਦਰਾ ਗਾਂਧੀ ਨੇ 1975-77 ਵਿਚ ਭਾਰਤ ਅੰਦਰ ਐਮਰਜੈਂਸੀ ਦਾ ਐਲਾਨ ਕੀਤਾ, ਉਸ ਸਮੇਂ ਵੀ ਸੋਵੀਅਤ ਯੂਨੀਅਨ ਇੰਦਰਾ ਗਾਂਧੀ ਦੀ ਮਦਦ ਕਰ ਰਿਹਾ ਸੀ। ਸੀਪੀਆਈ ਅਤੇ ਸੀਪੀਆਈ (ਐਮ) ਨੂੰ ਪੈਸੇ ਦੇਣ ਦੇ ਵਸੀਲਿਆਂ ਲਈ ਸੋਵੀਅਤ ਯੂਨੀਅਨ ਨੇ ਕਿਤਾਬ ਪ੍ਰਕਾਸ਼ਨ ਅਤੇ ਅਖਬਾਰ ਨੂੰ ਅਹਿਮ ਵਸੀਲੇ ਵਜੋਂ ਵਰਤਿਆ। ਸੋਵੀਅਤ ਯੂਨੀਅਨ ਕਾਮਰੇਡੀ ਅਖਬਾਰਾਂ ਨੂੰ ਇਸ਼ਤਿਹਾਰਾਂ ਰਾਹੀਂ ਵੱਡੀ ਰਕਮ ਦਿੰਦਾ ਸੀ। ਸੀਆਈਏ ਦੀ ਰਿਪੋਰਟ ਮੁਤਾਬਕ 1984 ਵਿਚ ਸੀਪੀਆਈ ਦੇ ਜਰਨਲਾਂ ਨੂੰ ਮਾਸਕੋ ਤੋਂ 60,000 ਡਾਲਰ ਦੇ ਇਸ਼ਤਿਹਾਰ ਮਿਲੇ ਤੇ ਇਹ ਹਰ ਸਾਲ ਮਿਲਦੇ ਸਨ। ਇਸ ਤੋਂ ਇਲਾਵਾ ਇਹਨਾਂ ਕਾਮਰੇਡੀ ਪਾਰਟੀਆਂ ਦੇ ਆਗੂਆਂ ਨੂੰ ਸੋਵੀਅਤ ਯੂਨੀਅਨ ਦੇ ਸਫਰ ਲਈ ਜਹਾਜ਼ ਦੀਆਂ ਟਿਕਟਾਂ ਵੀ ਮਾਸਕੋ ਤੋਂ ਆਉਂਦੀਆਂ ਸੀ ਅਤੇ ਨਾਲ ਹੀ ਹੋਰ ਯਾਤਰਾ ਭੱਤੇ ਵੀ ਮਿਲਦੇ ਸਨ।

ਸੋਵੀਅਤ ਯੂਨੀਅਨ ਨੇ ਇਹਨਾਂ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਰਾਜਨੀਤਕ ਆਗੂਆਂ ਨਾਲ ਨਿੱਜੀ ਰਿਸ਼ਤੇ ਵੀ ਗੰਢੇ ਹੋਏ ਸਨ, ਜਿਹਨਾਂ ਦੀ ਉਹ ਨਿਜੀ ਮਦਦ ਕਰਦਾ ਸੀ ਅਤੇ ਇਹਨਾਂ ਆਗੂਆਂ ਦੇ ਪ੍ਰਭਾਵ ਨੂੰ ਭਾਰਤੀ ਨੀਤੀਆਂ ਆਪਣੇ ਪੱਖ ਵਿਚ ਸਿਰਜਣ ਲਈ ਵਰਤਦਾ ਸੀ। ਸੋਵੀਅਤ ਯੂਨੀਅਨ ਦੇ ਨੇੜਲੇ ਭਾਰਤੀ ਆਗੂਆਂ ਵਿਚ ਕਾਂਗਰਸ ਦਾ ਐਮਪੀ ਐਚ.ਕੇ.ਐਲ ਭਗਤ ਖਾਸ ਸੀ, ਜੋ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀਆਂ ਵਿਚੋਂ ਇਕ ਸੀ। 

ਸੋਵੀਅਤ ਯੂਨੀਅਨ ਦੇ ਭਾਰਤ ਵਿਚ ਮੁਲਾਜ਼ਮ 
ਸੀਆਈਏ ਦੀ ਰਿਪੋਰਟ ਮੁਤਾਬਕ 1984 ਤਕ ਭਾਰਤ ਵਿਚ ਸੋਵੀਅਤ ਯੂਨੀਅਨ ਦੇ 800 ਮੁਲਾਜ਼ਮ ਵੱਖ-ਵੱਖ ਅਹੁਦਿਆਂ 'ਤੇ ਤੈਨਾਤ ਸਨ ਜਿਹਨਾਂ ਵਿਚ 100 ਦੇ ਕਰੀਬ ਸੋਵੀਅਤ ਯੂਨੀਅਨ ਦੀਆਂ ਖੂਫੀਆ ਅਜੰਸੀਆਂ ਕੇਜੀਬੀ ਅਤੇ ਜੀਆਰਯੂ ਦੇ ਅਫਸਰ ਸਨ। ਇਸ ਤੋਂ ਇਲਾਵਾ 10,000 ਤੋਂ ਵੱਧ ਸੋਵੀਅਤ ਯਾਤਰੀ ਹਰ ਸਾਲ ਸਰਕਾਰ ਦੇ ਖਰਚੇ 'ਤੇ ਭਾਰਤ ਆਉਂਦੇ ਸਨ। ਸੋਵੀਅਤ ਯੂਨੀਅਨ ਦੇ ਭਾਰਤ ਵਿਚਲੇ ਢਾਂਚੇ ਵਿਚੋਂ ਸਭ ਤੋਂ ਕਾਰਗਰ ਦਿੱਲੀ ਸਥਿਤ ਸੋਵੀਅਤ ਇਨਫੋਰਮੇਸ਼ਨ ਡਿਪਾਰਟਮੈਂਟ ਸੀ, ਜਿਸ ਨੇ ਭਾਰਤ ਵਿਚ ਬਹੁਤੇ ਪੱਤਰਕਾਰ ਖਰੀਦੇ ਹੋਏ ਸਨ ਅਤੇ ਇਹਨਾਂ ਰਾਹੀਂ ਉਹ ਆਪਣੇ ਏਜੰਡੇ ਨੂੰ ਭਾਰਤੀ ਅਖਬਾਰਾਂ ਵਿਚ ਛਪਵਾਉਂਦੇ ਸਨ। ਇਸ ਕੰਮ ਵਿਚ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਨਾਲ ਸਬੰਧਿਤ ਅਖਬਾਰ ਮੁੱਖ ਭੂਮਿਕਾ ਨਿਭਾਉਂਦੇ ਸੀ। ਸੋਵੀਅਤ ਇਨਫੋਰਮੇਸ਼ਨ ਡਿਪਾਰਟਮੈਂਟ ਦੇ ਭਾਰਤ ਵਿਚਲੇ ਦਫਤਰ ਦਾ ਉਸ ਸਮੇਂ ਬਜਟ 20 ਮਿਲੀਅਨ ਡਾਲਰ ਸੀ। 

ਦਰਬਾਰ ਸਾਹਿਬ ਹਮਲੇ ਬਾਰੇ ਸੋਵੀਅਤ ਪ੍ਰਾਪੇਗੰਢਾ
ਸਿੱਖਾਂ ਦੇ ਕੌਮੀ ਹੱਕਾਂ ਅਤੇ ਪੰਜਾਬ ਦੀ ਖੇਤਰੀ ਖੁਦਮੁਖਤਿਆਰੀ ਬਾਰੇ ਚੱਲ ਰਹੀ ਲਹਿਰ ਸਬੰਧੀ ਸੋਵੀਅਤ ਯੂਨੀਅਨ ਦੀ ਨੀਤੀ ਸਰਕਾਰ ਪੱਖੀ ਸੀ। ਉਹ ਭਾਰਤ ਵਿਚ ਸੋਵੀਅਤ ਪੱਖੀ ਇੰਦਰਾ ਗਾਂਧੀ ਦੀ ਅਗਵਾਈ ਵਾਲਾ ਮਜ਼ਬੂਤ ਕੇਂਦਰੀ ਢਾਂਚਾ ਚਾਹੁੰਦਾ ਸੀ ਅਤੇ ਉਸਨੇ 1984 ਦੇ ਦਸੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਇੰਦਰਾ ਗਾਂਧੀ ਨੂੰ ਮੁੜ ਜਿਤਾ ਕੇ ਪ੍ਰਧਾਨ ਮੰਤਰੀ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਇਸ ਦੇ ਨਾਲ ਹੀ ਉਹ ਆਪਣੇ ਅਮਰੀਕਾ ਵਿਰੋਧੀ ਹਿੱਤਾਂ ਦੇ ਮੱਦੇਨਜ਼ਰ ਇਸ ਗੱਲ ਨੂੰ ਸਥਾਪਤ ਕਰਨ 'ਤੇ ਜ਼ੋਰ ਲਾ ਰਿਹਾ ਸੀ ਕਿ ਅਮਰੀਕਾ ਭਾਰਤ ਦੇ ਟੋਟੇ ਕਰਨੇ ਚਾਹੁੰਦਾ ਹੈ ਤੇ ਸਿੱਖਾਂ ਦੀ ਲਹਿਰ ਨੂੰ ਅਮਰੀਕਾ ਸਮਰਥਨ ਦੇ ਰਿਹਾ ਹੈ। ਇਸ ਲਈ ਅਮਰੀਕਾ ਦੇ ਨਾਲ-ਨਾਲ ਠੰਡੀ ਜੰਗ ਵਿਚ ਸੋਵੀਅਤ ਯੂਨੀਅਨ ਵਿਰੋਧੀ ਅਮਰੀਕੀ ਧੜੇ ਦੇ ਦੇਸ਼ਾਂ ਬਰਤਾਨੀਆ, ਕੈਨੇਡਾ ਅਤੇ ਪਾਕਿਸਤਾਨ ਨੂੰ ਵੀ ਸਿੱਖ ਸੰਘਰਸ਼ ਦੇ ਸਮਰਥਕ ਐਲਾਨਿਆ ਗਿਆ।

ਇਸ ਗੱਲ ਨੂੰ ਸਥਾਪਤ ਕਰਨ ਲਈ ਸੋਵੀਅਤ ਯੂਨੀਅਨ ਦੇ ਦਿੱਲੀ ਸਥਿਤ ਸੋਵੀਅਤ ਇਨਫੋਰਮੇਸ਼ਨ ਸੈਂਟਰ ਨੇ ਭਾਰਤੀ ਅਖਬਾਰਾਂ ਵਿਚ ਖਬਰਾਂ ਛਪਵਾਈਆਂ। ਇਹਨਾਂ ਵਿਚੋਂ ਕੁੱਝ ਪ੍ਰਮੁੱਖ ਇਸ ਤਰ੍ਹਾਂ ਹਨ: 

1. 12 ਮਈ 1984 ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਵਿਚ ਖਬਰ ਛਪੀ ਕਿ ਕੈਨੇਡੀਅਨ ਸਿਖਲਾਈ ਕੈਂਪਾਂ ਵਿਚ ਸਿੱਖ 'ਅੱਤਵਾਦੀਆਂ' ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

2. ਅਗਸਤ 1984 ਵਿਚ ਹਿੰਦੁਸਤਾਨ ਟਾਈਮਜ਼ 'ਚ ਖਬਰ ਛਪੀ ਕਿ ਗੰਗਾ ਸਿੰਘ ਢਿੱਲੋਂ ਅਤੇ ਜਗਜੀਤ ਸਿੰਘ ਚੌਹਾਨ ਅਮਰੀਕੀ ਡਿਫੈਂਸ ਇੰਟੈਲੀਜੈਂਸ ਏਜੰਸੀ ਦੀ ਤਨਖਾਹ 'ਤੇ ਨਿਯੁਕਤ ਹਨ।

3. 14 ਸਤੰਬਰ, 1984 ਨੂੰ ਟਾਈਮਜ਼ ਆਫ ਇੰਡੀਆ ਵਿਚ ਖਬਰ ਛਪੀ ਕਿ ਸੀਆਈਏ ਪਾਕਿਸਤਾਨ ਵਿਚ ਸਿੱਖ ਖਾੜਕੂਆਂ ਨੂੰ ਸਿਖਲਾਈ ਦੇ ਰਹੀ ਹੈ। ਸੀਆਈਏ ਮੁਤਾਬਕ ਇਹ ਖਬਰ ਪੱਤਰਕਾਰ ਨੂੰ ਸੋਵੀਅਤ ਇਨਫੋਰਮੇਸ਼ਨ ਸੈਂਟਰ ਦੇ ਭਾਰਤੀ ਮੁਲਾਜ਼ਮ ਵੱਲੋਂ ਦਿੱਤੀ ਗਈ ਸੀ। 

ਸੋਵੀਅਤ ਯੂਨੀਅਨ ਆਪਣੇ ਇਸ ਪ੍ਰਾਪਗੰਢੇ ਨਾਲ ਜਿੱਥੇ ਸਿੱਖਾਂ ਦੀ ਹੱਕੀ ਲਹਿਰ ਨੂੰ ਬਦਨਾਮ ਕਰਕੇ ਇੰਦਰਾ ਗਾਂਧੀ ਦੀ ਭਾਰਤੀ ਘਰੇਲੂ ਰਾਜਨੀਤੀ ਵਿਚ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਸੀ ਉੱਥੇ ਉਹ ਅਮਰੀਕਾ ਨੂੰ ਭਾਰਤ ਦੇ ਦੁਸ਼ਮਣ ਵਜੋਂ ਸਥਾਪਤ ਕਰ ਰਿਹਾ ਸੀ। ਇਸ ਸਾਰੀ ਸੋਵੀਅਤ ਮੁਹਿੰਮ ਵਿਚ ਮਾਸਕੋ ਦੇ ਪੈਸੇ 'ਤੇ ਚੱਲਣ ਵਾਲੇ ਭਾਰਤ ਦੇ ਕਾਮਰੇਡ ਸੋਵੀਅਤ-ਇੰਦਰਾ ਗਠਜੋੜ ਦਾ ਸਮਰਥਨ ਕਰ ਰਹੇ ਸਨ।

ਇੰਦਰਾ ਗਾਂਧੀ ਦੇ ਕਤਲ ਦਾ ਦੋਸ਼ ਸੀਆਈਏ 'ਤੇ ਲਾਉਣਾ
ਦਰਬਾਰ ਸਾਹਿਬ 'ਤੇ ਹਮਲੇ ਦੀ ਦੋਸ਼ੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਦੋਂ ਹਮਲੇ ਦੀ ਸਜ਼ਾ ਦਿੰਦਿਆਂ ਉਸਦੇ ਦੋ ਸਿੱਖ ਅੰਗਰੱਖਿਅਕਾਂ, ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਕਤਲ ਕਰ ਦਿੱਤਾ ਤਾਂ ਸੋਵੀਅਤ ਯੂਨੀਅਨ ਦੇ ਢਾਂਚੇ ਨੇ ਇਸ ਕਤਲ ਦਾ ਦੋਸ਼ ਅਮਰੀਕਾ ਦੀ ਖੂਫੀਆ ਅਜੰਸੀ ਸੀਆਈਏ ਸਿਰ ਮੜ੍ਹ ਦਿੱਤਾ। ਇੰਦਰਾ ਗਾਂਧੀ ਦੇ ਕਤਲ ਤੋਂ ਕੁੱਝ ਘੰਟਿਆਂ ਬਾਅਦ ਹੀ 'ਰੇਡੀਓ ਮਾਸਕੋ' ਤੋਂ ਐਲਾਨ ਕੀਤਾ ਗਿਆ ਕਿ ਇੰਦਰਾ ਗਾਂਧੀ ਦੇ ਕਾਤਲਾਂ ਨੂੰ 'ਵਿਚਾਰਧਾਰਕ ਪ੍ਰੇਰਣਾ' ਸੀਆਈਏ ਨੇ ਦਿੱਤੀ ਸੀ। ਸੋਵੀਅਤ ਯੂਨੀਅਨ ਨੇ ਇੰਦਰਾ ਗਾਂਧੀ ਦੇ ਕਤਲ ਹਵਾਲੇ ਨਾਲ ਅਮਰੀਕਾ 'ਤੇ 'ਸਟੇਟ ਟੈਰੋਰਿਜ਼ਮ' ਦੇ ਦੋਸ਼ ਲਾਏ।

ਸੋਵੀਅਤ ਯੂਨੀਅਨ ਦੇ ਇਸ ਪ੍ਰਾਪੇਗੰਢੇ ਨੂੰ ਭਾਰਤ ਦੇ ਸੋਵੀਅਤ ਪੱਖੀ 'ਬੋਂਬੇ ਡੇਲੀ' ਅਤੇ 'ਦਾ ਪੈਟਰੀਓਟ' ਵਿਚ ਵੀ ਪ੍ਰਚਾਰਿਆ ਗਿਆ। ਸੀਪੀਆਈ ਦੇ ਹਿੰਦੀ ਅਖਬਾਰ 'ਜਨਯੁੱਗ' ਨੇ ਵੀ ਇਸ ਕਤਲ ਪਿੱਛੇ ਸੀਆਈਏ ਦਾ ਹੱਥ ਦੱਸਿਆ। 

ਇਹਨਾਂ ਤੋਂ ਇਲਾਵਾ ਨਾਮੀਂ ਅੰਗਰੇਜ਼ੀ ਅਖਬਾਰਾਂ 'ਹਿੰਦੁਸਤਾਨ ਟਾਈਮਜ਼', 'ਟਾਈਮਜ਼ ਆਫ ਇੰਡੀਆ' ਅਤੇ 'ਨੈਸ਼ਨਲ ਹੇਰਾਲਡ' ਵਿਚ ਵੀ ਇਸ ਸੋਵੀਅਤ ਪ੍ਰਾਪੇਗੰਢੇ ਨੂੰ ਪ੍ਰਚਾਰਿਆ ਗਿਆ। ਦੁਨੀਆ ਭਰ ਦੇ ਅਖਬਾਰਾਂ ਵਿਚ ਖਬਰਾਂ ਨਾਲ ਇਸ ਗੱਲ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। 

(ਚਲਦਾ.....)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।