ਹਿੰਦੁਤਵੀ ਭੀੜ ਵੱਲੋਂ ਮਾਰੇ ਗਏ ਮੁਸਲਮਾਨ ਪਹਿਲੂ ਖਾਨ ਖਿਲਾਫ ਦਰਜ ਕੀਤਾ ਗਾਂ-ਤਸਕਰੀ ਦਾ ਮਾਮਲਾ ਝੂਠਾ ਪਾਇਆ ਗਿਆ

ਹਿੰਦੁਤਵੀ ਭੀੜ ਵੱਲੋਂ ਮਾਰੇ ਗਏ ਮੁਸਲਮਾਨ ਪਹਿਲੂ ਖਾਨ ਖਿਲਾਫ ਦਰਜ ਕੀਤਾ ਗਾਂ-ਤਸਕਰੀ ਦਾ ਮਾਮਲਾ ਝੂਠਾ ਪਾਇਆ ਗਿਆ

ਜੈਪੁਰ: ਭਾਰਤ ਵਿੱਚ ਹਿੰਦੁਤਵੀ ਭੀੜਾਂ ਵੱਲੋਂ ਮੁਸਲਮਾਨਾਂ ਨੂੰ ਕਤਲ ਕੀਤੇ ਜਾਣ ਦੇ ਕਈ ਮਾਮਲਿਆਂ ਵਿੱਚੋਂ ਇੱਮ ਪਹਿਲੂ ਖਾਨ ਕਤਲ ਮਾਮਲੇ ਵਿੱਚ ਰਾਜਸਥਾਨ ਹਾਈ ਕੋਰਟ ਨੇ ਅੱਜ ਇੱਕ ਫੈਂਸਲਾ ਸੁਣਾਇਆ ਜਿਸ ਨਾਲ ਸਾਫ ਹੋਇਆ ਕਿ ਇਹਨਾਂ ਕਾਤਲ ਭੀੜਾਂ ਨੂੰ ਸਿਆਸੀ ਸ਼ਹਿ ਹਾਸਿਲ ਹੋਣ ਕਰਕੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਬਜਾਏ ਪੀੜਤ ਮੁਸਲਮਾਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ।

ਰਾਜਸਥਾਨ ਹਾਈ ਕੋਰਟ ਨੇ ਅੱਜ ਅਹਿਮ ਫੈਂਸਲਾ ਸੁਣਾਉਂਦਿਆਂ ਪਹਿਲੂ ਖਾਨ ਅਤੇ ਉਸਦੇ ਪੁੱਤਰਾਂ ਤੇ ਟਰੱਕ ਡਰਾਈਵਰ 'ਤੇ ਪਾਏ ਗਏ ਗਾਂਵਾਂ ਤਸਕਰੀ ਕਰਨ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਹੈ। ਪਹਿਲੂ ਖਾਨ ਜਦੋਂ 1 ਅਪ੍ਰੈਲ 2017 ਵਿੱਚ ਆਪਣੇ ਪੁੱਤਰਾਂ ਨਾਲ ਟਰੱਕ ਵਿੱਚ ਆਪਣੀ ਡਾਇਰੀ ਲਈ ਗਾਂਵਾਂ ਖਰੀਦ ਕੇ ਲਿਆ ਰਿਹਾ ਸੀ ਤਾਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਬਹਿਰੋਰ ਨਾਮੀਂ ਥਾਂ ਨੇੜੇ ਹਿੰਦੁਤਵੀ ਭੀੜ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਜਿਸ ਕਰਕੇ ਪਹਿਲੂ ਖਾਨ ਦੀ ਮੌਤ ਹੋ ਗਈ ਸੀ। 

ਅਲਵਰ ਅਦਾਲਤ ਨੇ ਇਸ ਕਤਲ ਮਾਮਲੇ 'ਚ ਦੋਸ਼ੀ ਨਾਮਜ਼ਦ ਕੀਤੇ ਗਏ 6 ਲੋਕਾਂ ਨੂੰ ਇਸ ਸਾਲ 14 ਅਗਸਤ ਨੂੰ ਬਰੀ ਕਰ ਦਿੱਤਾ ਸੀ। ਜਦਕਿ ਪੁਲਿਸ ਨੇ ਪਹਿਲੂ ਖਾਨ, ਉਸਦੇ ਪੁੱਤਰਾਂ ਅਤੇ ਟਰੱਕ ਡਰਾਈਵਰ ਖਿਲਾਫ ਗਾਂ-ਤਸਕਰੀ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਹੋਇਆ ਸੀ।

ਇਸ ਮਾਮਲੇ ਖਿਲਾਫ ਟਰੱਕ ਡਰਾਈਵਰ ਖਾਨ ਮੋਹੱਮਦ ਅਤੇ ਪਹਿਲੂ ਖਾਨ ਦੇ ਦੋ ਪੁੱਤਰਾਂ ਨੇ ਅਪੀਲ ਦਰਜ ਕੀਤੀ ਸੀ। ਜਿਸ 'ਤੇ ਅੱਜ ਰਾਜਸਥਾਨ ਹਾਈ ਕੋਰਟ ਨੇ ਫੈਂਸਲਾ ਸੁਣਾਉਂਦਿਆਂ ਕਿਹਾ ਕਿ ਸਬੂਤਾਂ ਤੋਂ ਸਾਫ ਹੈ ਕਿ ਪਹਿਲੂ ਖਾਨ ਦੁੱਧ ਦੇ ਰੁਜ਼ਗਾਰ ਲਈ ਗਾਂਵਾਂ ਖਰੀਦ ਕੇ ਲਿਜਾ ਰਿਹਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।