ਫਿਲਮ ਸਮੀਖਿਆ: ਓਸਕਰ ਇਨਾਮ ਜਿੱਤਣ ਵਾਲੀ ਫਿਲਮ ਪੈਰਾਸਾਈਟ

ਫਿਲਮ ਸਮੀਖਿਆ: ਓਸਕਰ ਇਨਾਮ ਜਿੱਤਣ ਵਾਲੀ ਫਿਲਮ ਪੈਰਾਸਾਈਟ

ਬਲਤੇਜ
ਪੈਰਾਸਾਈਟ (Parasite) ਨੂੰ ਪੰਜਾਬੀ ਵਿੱਚ ਪਰਜੀਵੀ ਆਖ ਦਿੰਦੇ ਨੇ, ਇਹ ਬਹੁਤ ਹੀ ਛੋਟਾ ਜਿਹਾ ਜੀਵ ਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਕਿਸੇ ਹੋਰ ਜੀਵ ਉੱਤੇ ਪਲਦਾ ਹੈ। ਪਰਜੀਵੀ ਜਿਸ ਜੀਵ ਉੱਤੇ ਪਲਦਾ ਹੈ ਉਸ ਨੂੰ ਪਰਜੀਵੀ ਦੀ ਹੋਂਦ ਦਾ ਕੋਈ ਬਹੁਤਾ ਅਹਿਸਾਸ ਨਹੀਂ ਹੁੰਦਾ। ਪਰਜੀਵੀ ਅੱਗੇ ਕਈ ਤਰ੍ਹਾਂ ਦੇ ਹੁੰਦੇ ਹਨ; ਮੋੜਵਾਂ ਫਾਇਦਾ ਦੇਣ ਵਾਲੇ ਪਰਜੀਵੀ ਵੀ ਹੁੰਦੇ ਹਨ ਤੇ ਸਿਰਫ ਰਕਤ ਚੂਸਣ ਵਾਲੇ ਪਰਜੀਵੀ ਵੀ ਹੁੰਦੇ ਹਨ। ਇਹ ਫਿਲਮ ਵੇਖਣ ਵਾਲਾ ਦਰਸ਼ਕ ਭੰਬਲ ਭੂਸੇ ਵਿੱਚ ਪੈ ਜਾਂਦਾ ਹੈ ਕਿ ਪੈਰਾਸਾਈਟ (Parasite) ਕੌਣ ਹੈ। ਵਿਖਾਉਣ ਵਾਲੇ ਨੇ ਕੋਈ ਫੈਸਲਾ ਨਹੀਂ ਸੁਣਾਇਆ ਉਹਨੇ ਤੁਹਾਡੇ ਸਾਹਮਣੇ ਚੱਲ ਰਹੀ ਦੁਨੀਆਂ ਰੱਖੀ ਹੈ ਇਸ ਵਿੱਚ ਚੰਗੇ ਮਾੜੇ ਦੀ ਪਛਾਣ ਦਾ ਜਿੰਮਾ ਸਰੋਤੇ 'ਤੇ ਛੱਡ ਦਿੱਤਾ ਹੈ।

ਖੈਰ ਫਿਲਮ ਦੋ ਵੱਖ-ਵੱਖ ਵਰਗਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਦੀ ਕਹਾਣੀ ਹੈ। ਇੱਕ ਪਰਿਵਾਰ ਹੈ ਜੋ ਜ਼ਮੀਨ ਤੋਂ ਹੇਠਾਂ ਰਹਿੰਦਾ ਹੈ ਤੇ ਜਿਸ ਦੀ ਫੁੱਟ ਕੁ ਦੀ ਖਿੜਕੀ ਜੋ ਚਾਨਣ ਲਈ ਰੱਖੀ ਹੈ ਵਿੱਚੋਂ ਦੀ ਕਦੇ ਕੋਈ ਮੂਤ ਜਾਂਦਾ ਹੈ, ਕਦੇ Parasite ਨੂੰ ਮਾਰਨ ਵਾਲੀ ਦਵਾਈ ਆਉਂਦੀ ਹੈ ਤੇ ਕਦੇ ਦੁਨੀਆਂ ਭਰ ਦਾ ਗੰਦ ਮੀਂਹ ਦੇ ਪਾਣੀ ਨਾਲ ਨਿਰਵਿਘਨ ਆ ਵੜਦਾ ਹੈ।

ਇੱਕ ਦੂਜਾ ਪਰਿਵਾਰ ਹੈ, ਉਸ ਦੀ ਜ਼ਿੰਦਗੀ ਦੀ ਕਹਾਣੀ ਬਿਲਕੁਲ ਵੱਖਰੀ ਹੈ। ਉਸ ਦਾ ਘਰ ਜਮੀਨ ਤੋਂ ਉੱਪਰ ਹੈ ਇੰਨਾਂ ਉੱਪਰ ਹੈ ਕਿ ਹੇਠਲੇ ਵਰਗ ਨੂੰ ਪਹੁੰਚਣ ਲਈ ਬਹੁਤ ਸਾਰੀਆਂ ਪੌੜੀਆਂ ਬਹੁਤ ਸਾਰੇ ਚੜਾਅ ਚੜ ਕੇ ਆਉਣਾ ਪੈਂਦਾ ਹੈ। ਇਹਨਾਂ ਚੜਾਵਾਂ, ਪੌੜੀਆਂ ਤੋਂ ਬਾਅਦ ਇੱਕ ਵੱਡੇ ਸਾਰੇ ਸ਼ੀਸ਼ੇ ਦੇ ਪਿੱਛੇ ਘਰ ਹੈ ਜਿਸ ਵਿੱਚ ਨਿਰਵਿਘਨ ਚਾਨਣ ਆਉਂਦਾ ਹੈ। ਜਿਹੜੇ ਮੀਂਹ ਨਾਲ ਉਸ ਸ਼ਹਿਰ ਦੇ ਕਈ ਪਰਿਵਾਰ ਬੇਘਰ ਹੋ ਜਾਂਦੇ ਹਨ ਉਸ ਮੀਂਹ ਦਾ ਨਜ਼ਾਰਾ ਵੱਡੇ ਘਰ ਦੇ ਸ਼ੀਸ਼ੇ ਤੋਂ ਬਹੁਤ ਹੀ ਰੁਮਾਂਚਿਕ ਦਿਖਦਾ ਹੈ।

ਇਹਨਾਂ ਦੋਹਾਂ ਤੋਂ ਬਿਨ੍ਹਾਂ ਇੱਕ ਹੋਰ ਤਰ੍ਹਾਂ ਦੀ ਜ਼ਿੰਦਗੀ ਵੀ ਹੈ ਜੋ ਬਿਲਕੁਲ ਹੀ ਚਾਨਣ ਤੋਂ ਵਿਹੂਣੀ ਹੈ, ਜੋ ਅਮੀਰ ਲੋਕਾਂ ਨੂੰ ਭੂਤਾਂ ਵਾਂਗ ਵਿਖਦੀ ਹੈ। ਉਹ ਉਹਨਾਂ ਬਾਰੇ ਸਭ ਕੁਝ ਜਾਣਦੀ ਬੁਝਦੀ ਹੈ ਪਰ ਅਮੀਰ ਉਹਦੀ ਹੋਂਦ ਤੋਂ ਵੀ ਅਣਜਾਣ ਜਿਉਂਦਾ ਆਪਣੀ ਨਿੱਜਤਾ ਦੀ ਦੁਹਾਈ ਦੇਂਦਾ ਹੈ। 

ਫਿਲਮ ਵਿੱਚ ਉਹਨਾਂ ਦ੍ਰਿਸ਼ਾਂ ਵਿੱਚ ਬਹੁਤ ਸਾਰੀ ਬੇਚੈਨੀ ਵਿਖਾਈ ਹੈ ਜਦ ਦੋ ਗਰੀਬ ਪਰਿਵਾਰ ਇਕੱਠੇ ਹੁੰਦੇ ਹਨ। ਉਹਨਾਂ ਵਿੱਚ ਨੌਕਰੀ ਲੈਣ ਦਾ ਮੁਕਾਬਲਾ ਯਾ ਕਹਿ ਲਓ ਜਿਉਂਦੇ ਰਹਿਣ ਦਾ ਮੁਕਾਬਲਾ ਇੰਨਾਂ ਜਿਆਦਾ ਹਿੰਸਕ ਹੈ ਕਿ ਉਹ ਕਦੇ ਇੱਕ ਦੂਜੇ ਦੀ ਮਦਦ ਕਰਦੇ ਨਹੀਂ ਵਿਖਦੇ। ਫਿਲਮ ਵਿੱਚ ਅਮੀਰ ਪਰਿਵਾਰ ਆਪਣੇ ਹਰ ਕੰਮ ਲਈ ਗਰੀਬ ਤੇ ਨਿਰਭਰ ਹੈ।  ਆਪਣੇ ਕੱਪੜੇ ਧਵਾਉਣ ਤੋਂ ਲੈ ਕੇ ਆਉਣ ਜਾਣ ਦੇ ਹਰ ਕੰਮ ਲਈ। ਗਰੀਬ ਉਹਨਾਂ ਦੇ ਬਹੁਤ ਨੇੜੇ ਰਹਿ ਕੇ ਵੀ ਬਹੁਤ ਦੂਰ ਹਨ।  ਉਹਨਾਂ ਦਾ ਫਰਕ ਇੰਨ੍ਹਾਂ ਜਿਆਦਾ ਹੈ ਕਿ ਅਮੀਰ ਪਰਿਵਾਰ ਨੂੰ ਕਦੇ ਉਹਨਾਂ ਦੀ ਹੋਂਦ ਮਹਿਸੂਸ ਨਹੀਂ ਹੁੰਦੀ, ਘਰ ਦੀਆਂ ਪੌੜੀਆਂ ਚੜਦੇ ਉਹ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਦੇ ਅੰਦਰ ਵੜਦਿਆਂ ਬੱਤੀਆਂ ਕੌਣ ਚਲਾ ਦਿੰਦਾ ਹੈ (ਇਹ ਦ੍ਰਿਸ਼ ਅਸਲ ਵਿੱਚ ਤਕਨਾਲੋਜੀ ਦੇ ਪਿੱਛੇ ਕੰਮ ਕਰ ਰਹੇ ਕਾਮਿਆਂ ਦੀ ਗੱਲ ਕਰਦਾ ਹੈ)। ਹਰ ਵੇਲੇ ਆਪਣੀ ਨਿੱਜਤਾ ਦਾ ਰੋਣਾ ਰੋਂਦਾ ਅਮੀਰ ਪਰਿਵਾਰ ਕਦੇ ਨਹੀਂ ਜਾਣਦਾ ਕਿ ਉਹ ਅਪਣੇ ਹਰ ਛੋਟੇ ਕੰਮ ਲਈ ਗਰੀਬਾਂ 'ਤੇ ਨਿਰਭਰ ਹੋਣ ਲਈ ਨਿੱਜਤਾ ਦਾ ਸਿਰਫ ਵਿਖਾਵਾ ਕਰਦੇ ਹਨ।

ਫਿਲਮ ਕਈ ਥਾਵਾਂ ਤੇ ਬੋਲਦੀ ਕੁਝ ਹੋਰ ਹੈ ਦਿਖਾਉਂਦੀ ਕੁਝ ਹੈ। ਇਹ ਅਸਲ ਵਿੱਚ ਮਨੁੱਖਾਂ ਦਾ ਦੋਗਲਾਪਣ ਦਰਸਾਉਂਦੀ ਹੈ, ਇੱਕ ਦ੍ਰਿਸ਼ ਹੈ ਕਾਰ ਦਾ ਮਾਲਕ ਪਿਛਲੀ ਸੀਟ 'ਤੇ ਬੈਠਾ ਨਵੇਂ ਰੱਖੇ ਡ੍ਰਾਈਵਰ ਨੂੰ ਪਹਿਲੇ ਦਿਨ ਕਹਿੰਦਾ ਹੈ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ ਇਹ ਤੇਰਾ ਕੋਈ ਟੈਸਟ ਨਹੀਂ ਹੈ ਪਰ ਇਹ ਕਹਿੰਦਿਆਂ ਜਦੋਂ ਗੱਡੀ ਮੁੜ ਰਹੀ ਹੁੰਦੀ ਉਹ ਹੱਥ ਵਿੱਚ ਫੜੀ ਕੌਫੀ ਦੀ ਹਿਲਜੁਲ ਵੱਲ ਵੀ ਧਿਆਨ ਰੱਖਦਾ ਹੈ ਕਿ ਇਹ ਮੋੜ ਕਿੰਨ੍ਹਾਂ ਕੁ ਆਰਾਮਦੇਹ ਮੁੜਿਆ? ਇੰਝ ਹੀ ਇੱਕ ਥਾਂ ਮਾਲਕ ਤੇ ਮਾਲਕਣ ਆਪਣੇ ਪੁਰਾਣੇ ਡ੍ਰਾਈਵਰ ਬਾਰੇ ਗੱਡੀ ਦੀ ਸੀਟ 'ਤੇ ਸੰਭੋਗ ਕਰਨ ਜਾਂ ਨਸ਼ਾ ਲੈਣ ਬਾਰੇ ਨਫ਼ਰਤ ਨਾਲ ਬੋਲਦੇ ਹਨ, ਪਰ ਅਗਲੇ ਦ੍ਰਿਸ਼ਾਂ ਵਿੱਚ ਉਹ ਆਪ ਆਪਣੇ ਘਰ ਦੇ ਸੋਫੇ ਤੇ ਸੰਭੋਗ ਕਰ ਰਹੇ ਹੁੰਦੇ ਹਨ ਜਿਸ ਵਿੱਚ ਉਹਦੀ ਘਰ ਵਾਲੀ, "ਮੈਨੂੰ ਨਸ਼ਾ ਚਾਹੀਦਾ, ਮੈਨੂੰ ਨਸ਼ਾ ਚਾਹੀਦਾ" ਕਹਿੰਦੀ ਹੈ। ਅਤੇ ਇਹ ਸਭ ਉਹ ਗਰੀਬ ਪਰਿਵਾਰ ਦੀ ਐਨ ਮੋਜੂਦਗੀ ਵਿੱਚ ਕਰਦੇ ਹਨ ਜਿਸ ਮੋਜੂਦਗੀ ਦਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ। ਆਖਿਰੀ ਦ੍ਰਿਸ਼ ਵਿੱਚ ਵੀ ਜਦੋਂ ਅਮੀਰ ਪਰਿਵਾਰ ਕਲਪਿਤ ਹਿੰਸਾ ਕਰਨੀ ਚਾਹੁੰਦੇ ਹੁੰਦੇ ਹਨ ਜਿਸ ਵਿੱਚ ਉਹਨਾਂ ਨੂੰ ਆਨੰਦ ਆਉਣਾ ਹੁੰਦਾ ਹੈ ਤਾਂ ਗਰੀਬ ਪਰਿਵਾਰ ਸੋਚੀ ਹੋਈ ਹਿੰਸਾ ਨੂੰ ਅਸਲੀਅਤ ਵਿੱਚ ਬਦਲ ਦਿੰਦੇ ਹਨ ਤੇ ਅਮੀਰਾਂ ਦਾ ਕਾਲਪਨਿਕ ਨਾਇਕ ਤਾਂ ਇਹ ਸਭ ਵੇਖ ਹੀ ਨਹੀਂ ਪਾਉਂਦਾ। ਅਮੀਰਾਂ ਨੂੰ ਗਰੀਬਾਂ ਤੋਂ ਆਉਂਦੀ ਬੋਅ ਵੀ ਇੱਕ ਅਣਮਨੁੱਖੀ ਬਿੰਬ ਹੈ ਜੋ ਹਿੰਸਾ ਨੂੰ ਜਨਮ ਦਿੰਦਾ ਹੈ। ਅਮੀਰ ਸਾਰੀ ਜਿੰਦਗੀ ਜਿੰਨ੍ਹਾਂ 'ਤੇ ਨਿਰਭਰ ਰਹਿੰਦੇ ਹਨ ਉਹਨਾਂ ਤੋਂ ਕਰਹਿਤ ਮਹਿਸੂਸ ਕਰਦੇ ਹਨ, ਆਖਿਰੀ ਦ੍ਰਿਸ਼ ਦੀ ਹਿੰਸਾ ਵੀ ਅਮੀਰ ਦੀ ਆਪਣੇ ਨਿਆਣੇ ਪ੍ਰਤੀ ਬੇਹੱਦ ਮੋਹ ਤੇ ਦੂਜੇ ਨੂੰ ਮਰਨ ਲਈ ਛੱਡ ਦੇਣ ਦਾ ਪ੍ਰਗਟਾਵਾ ਹੈ। 

ਫਿਲਮ ਇਸ ਤੋਂ ਅੱਗੇ ਵੀ ਸੋਚਦੀ ਹੈ।  ਅਮੀਰ ਪਰਿਵਾਰ ਦੇ ਦੋ ਜਵਾਕਾਂ ਵਿੱਚੋਂ ਕੁੜੀ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਉਹ ਪਿਆਰ ਦੇ ਵਿਖਾਵੇ ਨੂੰ, ਆਪਣੇ ਭਰਾ ਦੇ ਵਿਖਾਵੇ ਦੀ ਕਲਾ ਨੂੰ ਤੇ ਪਾਰਟੀਆਂ ਨੂੰ ਨਫਰਤ ਕਰਦੀ ਹੈ।  ਫਿਲਮ ਦਾ ਹਰ ਦ੍ਰਿਸ਼ ਇੱਕ ਨਵੀਂ ਗੱਲਬਾਤ ਖੋਲ ਸਕਦਾ ਹੈ। ਜਿਵੇਂ ਇੱਕ ਅਮੀਰ ਪਰਿਵਾਰ ਦੀ ਥਾਵੇਂ ਦੂਜਾ ਅਮੀਰ ਪਰਿਵਾਰ ਆ ਜਾਂਦਾ ਹੈ ਉਵੇਂ ਹੀ ਜਮੀਨ ਤੋਂ ਥੱਲੇ ਬੰਕਰ ਵਿੱਚ ਰਹਿਣ ਵਾਲੇ ਬਦਲ ਜਾਂਦੇ ਹਨ। ਤੇ ਜ਼ਿੰਦਗੀ ਇਵੇਂ ਹੀ ਇੱਕ ਹੋਰ ਉਮੀਦ ਨਾਲ ਇੱਕ ਨਵਾਂ ਗੇੜਾ ਸ਼ੁਰੂ ਕਰ ਲੈਂਦੀ ਹੈ। ਉਹੋ ਜਿਹਾ ਹੀ ਸੁੰਨ, ਮਸੁੰਨ ਖਾਲੀ ਜਿਹਾ ਗੇੜਾ.....

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।