ਕਿਸਾਨੀ ਅੰਦੋਲਨ ਤੇ ਬੰਦੀ ਸਿਖਾਂ ਦੀ ਰਿਹਾਈ ਅਕਾਲੀ-ਭਾਜਪਾ ਗੱਠਜੋੜ ਹੋਣ ਵਿਚ ਬਣਿਆ ਵੱਡਾ ਅੜਿੱਕਾ
*ਦੋਵੇਂ ਪਾਰਟੀਆਂ ਗਠਜੋੜ ਕਰਨ ਲਈ ਸਰਗਰਮ
*ਮੋਦੀ ਸਰਕਾਰ ਨੇ ਬੰਦੀ ਸਿਖਾਂ ਤੇ ਕਿਸਾਨੀ ਮੰਗਾਂ ਬਾਰੇ ਚੁਪ
*ਗਠਜੋੜ ਨੂੰ ਲੈ ਕੇ ਸਮੁੱਚੀ ਤਸਵੀਰ 14 ਅਤੇ 15 ਮਾਰਚ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਰਨਤਾਰਨ -ਭਾਰਤ ਦੀਆਂ ਲੋਕ ਸਭਾ ਚੋਣਾਂ ਸਿਰ ’ਤੇ ਹਨ, ਸਾਰੀਆਂ ਪਾਰਟੀਆਂ ਗੱਠਜੋੜ ਕਰ ਕੇ ਸੀਟਾਂ ਦੀ ਲੈਣ ਦੇਣ ਕਰ ਰਹੀਆਂ ਹਨ ਪਰ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਅਜੇ ਹੋਣ ਦਾ ਨਾਂ ਨਹੀਂ ਲੈ ਰਿਹਾ ਸਗੋਂ ਦਿਨੋਂ-ਦਿਨ ਪਿੱਛੇ ਚੱਲ ਰਿਹਾ ਹੈ। ਇਸੇ ਕਰਕੇ ਦੋਹਾਂ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਵੀ ਨਹੀਂ ਕੀਤਾ।ਆਪ ਤੇ ਕਾਂਗਰਸ ਵੀ ਇਸ ਗੱਠਜੋੜ ਕਾਰਣ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀਆਂ। ਉਹ ਇਸ ਗਠਜੋੜ ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਆਪਣੇ ਉਮੀਦਵਾਰ ਐਲਾਨ ਕਰਨਗੀਆਂ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਹੋਰ ਪਾਰਟੀਆਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ। ਇਸ ਦੌਰਾਨ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੋਂ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ ਕਰ ਦਿੱਤਾ ਸੀ । ਸੁਖਬੀਰ ਸਿੰਘ ਬਾਦਲ ਨੇ ਕਿਹਾ ਸੂਬੇ ਦੀ ਭਲਾਈ ਦੇ ਲਈ ਇੱਕ ਝੰਡੇ ਹੇਠਾਂ ਆਉਣ ਦੀ ਜ਼ਰੂਰਤ ਹੈ। ਸੁਖਬੀਰ ਸਿੰਘ ਬਾਦਲ ਦਾ ਇਹ ਇਸ਼ਾਰਾ ਬੀਜੇਪੀ ਦੇ ਲਈ ਸੀ ।ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਇੱਕ ਹੋਰ ਸੁਨੇਹਾ ਵੀ ਦਿੱਤਾ,ਇਹ ਪਾਰਟੀ ਤੋਂ ਰੁਸੇ ਉਨ੍ਹਾਂ ਸਿਆਸਤਦਾਨਾਂ ਦੇ ਲਈ ਵੀ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਪਾਰਟੀ ਤੋਂ ਵੱਖ ਹੋਕੇ ਦੂਜੀਆਂ ਪਾਰਟੀਆਂ ਵਿੱਚ ਚੱਲੇ ਗਏ ਸਨ । ਉਨ੍ਹਾਂ ਨੇ ਕਿਹਾ ਮੇਰੇ ਪਿਤਾ ਨੂੰ ਸਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਅਸੀਂ ਸਾਰੇ ਏਕੇ ਦਾ ਸਬੂਤ ਦੇਇਏ । ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਾਖੜ ਨੇ ਆਪਣੀ ਤਕਰੀਰ ਵਿੱਚ ਗਠਜੋੜ ਨੂੰ ਲੈਕੇ ਅਕਾਲੀ ਦਲ ਦੇ ਮਨ ਵਿੱਚ ਚੱਲ ਰਹੇ ਸਿਆਸੀ ਖਦਸ਼ੇ ਨੂੰ ਦੂਰ ਕਰਨ ਦੇ ਲਈ 1996 ਦੀ ਯਾਦ ਦਿਵਾਈ ਸੀ।
ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਿਨਾਂ ਅਕਾਲੀ ਦਲ ਦਾ ਨਾਂ ਲਏ ਕਿਹਾ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਇਕੱਠੇ ਆਉਣਾ ਹੋਵੇਗਾ । ਜਦੋ 1996 ਵਿੱਚ ਬੀਜੇਪੀ ਨਾਲ ਸਮਝੌਤਾ ਹੋਇਆ ਸੀ ਤਾਂ ਕੁਝ ਲੋਕਾਂ ਨੇ ਕਿਹਾ ਸੀ ਪੰਥ ਦੀ ਰਾਹ ਤੋਂ ਭੱਟਕਨ ਲੱਗਾ ਹੈ ਅਕਾਲੀ ਦਲ । ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਵੱਡਾ ਜਿਗਰਾ ਵਿਖਾਇਆ ਸੀ ਅਤੇ ਪੰਜਾਬ ਨੂੰ ਅੱਗੇ ਰੱਖ ਕੇ ਭਾਜਪਾ ਨਾਲ ਸਮਝੌਤਾ ਕੀਤਾ ਸੀ । ਜਾਖੜ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਸਿਰਫ ਇੱਕ ਕੌਮ ਦੇ ਆਗੂ ਨਹੀਂ ਸਨ ਉਨ੍ਹਾਂ ਦੇ ਵੱਲ ਪੰਜਾਬ ਦੇ ਲੋਕ ਝਾਕਦੇ ਸਨ । ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਚੀਜ਼ ਵਿਰਾਸਤ ਵਿੱਚ ਮਿਲੀ ਹੈ ਉਸ ਨੂੰ ਅੱਗੇ ਵਧਾਉਣ ਦੀ ਵੱਡੀ ਜ਼ਿੰਮੇਵਾਰੀ ਹੈ ।
ਅਕਾਲੀ ਦਲ ਲਈ ਸਭ ਤੋਂ ਵੱਡੀ ਮੁਸ਼ਕਲ ਹੈ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਅੰਦੋਲਨ,ਦੋਵੇ ਪਾਰਟੀ ਦੇ ਕੋਰ ਵੋਟਰ ਹਨ । ਅਕਾਲੀ ਦਲ ਚਾਹੁੰਦਾ ਹੈ ਕਿ ਸਮਝੌਤੇ ਤੋਂ ਪਹਿਲਾਂ ਬੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਅਜਿਹਾ ਐਲਾਨ ਕਰੇ ਤਾਂਕਿ ਉਹ ਅੱਗੇ ਵੱਧ ਸਕੇ,ਦੂਜਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਤ ਕਰਵਾਏ ।
ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਅਕਾਲੀ ਤੇ ਭਾਜਪਾ ਨੂੰ ਗੱਠਜੋੜ ਦੀ ਲੋੜ ਹੈ, ਭਾਜਪਾ ਨੇ ਕਿਆਸ ਲਾ ਲਿਆ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਪੈਰ ਨਹੀਂ ਲੱਗਣਗੇ ਸ਼ਾਇਦ 2019 ਵਿਚ ਮਿਲੀਆਂ ਦੋ ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਵੀ ਬਚਾ ਨਾ ਸਕਣ।ਇਸੇ ਤਰ੍ਹਾਂ ਅਕਾਲੀ ਦਲ ਵੀ ਸੋਚਦਾ ਹੈ ਕਿ ਜੇਕਰ ਗਠਜੋੜ ਨਾ ਹੋਇਆ ਤਾਂ ਅਸੀਂ 2019 ਵਿਚ ਮਿਲੀਆਂ ਬਠਿੰਡਾ, ਫਿਰੋਜ਼ਪੁਰ ਲੋਕ ਸਭਾ ਸੀਟਾਂ ਬਚਾ ਨਹੀਂ ਪਾਵਾਂਗੇ, ਅਕਾਲੀ-ਭਾਜਪਾ ਗਠਜੋੜ ਵਿਚ ਕੁਝ ਅੜਚਨਾਂ ਹਨ , ਉਹ ਹਨ ਕਿਸਾਨੀ ਅੰਦੋਲਨ,ਤੇ ਬੰਦੀ ਸਿੱਖਾਂ ਦੀ ਰਿਹਾਈ ਜੋ ਇਸ ਗਠਜੋੜ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜੇਕਰ ਕਿਸਾਨੀ ਅੰਦੋਲਨ 13 ਫਰਵਰੀ ਨੂੰ ਨਾ ਸ਼ੁਰੂ ਹੁੰਦਾ ਤਾਂ ਇਕ-ਦੋ ਦਿਨਾਂ ਵਿਚ ਹੀ ਸੁਖਬੀਰ ਸਿੰਘ ਬਾਦਲ ਅਤੇ ਅਮਿਤ ਸ਼ਾਹ ਦੀ ਮੀਟਿੰਗ ਵਿਚ ਗੱਠਜੋੜ ਹੋ ਜਾਣਾ ਸੀ ਤੇ ਹੁਣ ਤੱਕ ਸੀਟਾਂ ਦੀ ਵੰਡ ਵੀ ਹੋ ਜਾਣੀ ਸੀ, ਹੁਣ ਜਿਹੜੇ ਅਕਾਲੀ ਦਲ ਦੇ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਾਪਸ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ, ਇਸ ਨਾਲ ਢੀਂਡਸਾ ਦਾ ਕੱਦ ਭਾਵੇਂ ਏਨਾ ਨਾ ਵਧਿਆ ਹੋਵੇ, ਜਿੰਨਾ ਸੁਖਬੀਰ ਬਾਦਲ ਅਤੇ ਉਸ ਦੇ ਅਕਾਲੀ ਦਲ ਦਾ ਵਧਿਆ। ਸੂਤਰਾਂ ਅਨੁਸਾਰ ਭਾਜਪਾ ਅਕਾਲੀ ਦਲ ਤੋਂ 5 ਤੋਂ 6 ਸੀਟਾਂ ਮੰਗ ਰਹੀ ਹੈ ਪਰ ਅਕਾਲੀ ਦਲ ਚਾਰ ਸੀਟਾਂ ਤੋਂ ਵਧ ਦੇਣ ਨੂੰ ਤਿਆਰ ਨਹੀਂ ਹੈ।ਇਥੋਂ ਤਕ ਭਾਜਪਾ ਹਾਈਕਮਾਂਡ ਨੇ ਬੰਦੀ ਸਿਖਾਂ ਦੀ ਰਿਹਾਈ ਤੇ ਕਿਸਾਨੀ ਮੰਗਾਂ ਬਾਰੇ ਕੋਈ ਫੈਸਲਾ ਨਹੀਂ ਕੀਤਾ।ਇਹੀ ਕਾਰਣ ਗਠਜੋੜ ਵਿਚ ਰੁਕਾਵਟ ਹਨ।
ਭਾਜਪਾ ਅਤੇ ਅਕਾਲੀ ਦਲ ਦੇ ਸੰਭਾਵੀ ਚੋਣਾਵੀ ਗਠਜੋੜ ਨੂੰ ਲੈ ਕੇ ਸਮੁੱਚੀ ਤਸਵੀਰ 14 ਅਤੇ 15 ਮਾਰਚ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਸਮੇਂ ਗਠਜੋੜ ਨੂੰ ਲੈ ਕੇ ਅਕਾਲੀ ਦਲ ਦੇ ਸੰਪਰਕ ਵਿਚ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਸੂਬਾ ਭਾਜਪਾ ਇਕਾਈ ਨੂੰ ਆਪਣੀਆਂ ਚੋਣ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ।
ਦੂਜੇ ਪਾਸੇ ਇਸ ਸਮੇਂ ਅਕਾਲੀ ਦਲ ਲਈ ਬੇਵਸੀ ਦਾ ਵਿਸ਼ਾ ਇਹ ਹੈ ਕਿ ਇਸ ਕੋਲ ਹੁਣ ਭਾਜਪਾ ਨਾਲ ਹੱਥ ਮਿਲਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਜੇਕਰ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਵੀ ਹਾਰਦਾ ਹੈ ਤਾਂ ਉਸ ਲਈ ਬਹੁਤ ਔਖੇ ਹਾਲਾਤ ਪੈਦਾ ਹੋ ਜਾਣਗੇ। ਅਕਾਲੀ ਲੀਡਰਸ਼ਿਪ ਇਸ ਵਾਰ ਕਿਸੇ ਵੀ ਤਰੀਕੇ ਨਾਲ ਲੋਕ ਸਭਾ ਚੋਣਾਂ ਭਾਜਪਾ ਦੇ ਸਹਾਰੇ ਜਿੱਤਣਾ ਚਾਹੁੰਦੀ ਹੈ। ਦੂਜੇ ਪਾਸੇ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੀ ਸੀਨੀਅਰ ਅਕਾਲੀ ਆਗੂਆਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਦਿਨਾਂ ਵਿਚ ਹੱਥ ਪਾ ਸਕਦੀ ਹੈ।ਅਜਿਹੇ ਹਾਲਾਤ ਵਿਚ ਵੀ ਅਕਾਲੀ ਦਲ ਕੇਂਦਰ ਵਿਚ ਭਾਜਪਾ ਦੇ ਨਾਲ ਚੱਲਣਾ ਚਾਹੁੰਦਾ ਹੈ। ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਕੱਲ੍ਹ ਨੂੰ ਉਹ ਭਾਜਪਾ ਲੀਡਰਸ਼ਿਪ ਰਾਹੀਂ ਪੰਜਾਬ ਸਰਕਾਰ ’ਤੇ ਵੀ ਦਬਾਅ ਬਣਾ ਸਕਦੀ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਵਾਜਪਾਈ ਸਰਕਾਰ ਸਮੇਂ ਕੇਂਦਰ ਵਿਚ ਉਨ੍ਹਾਂ ਕੋਲ ਅਹਿਮ ਮੰਤਰਾਲੇ ਸਨ। ਹੁਣ ਵੀ ਚੋਣਾਂ ਤੋਂ ਬਾਅਦ ਉਹ ਕੇਂਦਰ ਦੀ ਮੋਦੀ ਸਰਕਾਰ ਵਿਚ ਅਹਿਮ ਮੰਤਰਾਲਾ ਚਾਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਕਿਹਾ, ‘ਭਾਜਪਾ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਅਸੀਂ ਇਹ ਨਹੀਂ ਦੱਸ ਸਕਦੇ ਕਿ ਗਠਜੋੜ ਹੋਵੇਗਾ ਜਾਂ ਨਹੀਂ।ਇਸ ਦਾ ਫੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਕਰੇਗੀ।ਉਨ੍ਹਾਂ ਇਸ ਮੁੱਦੇ 'ਤੇ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਵੈਸੇ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੁੱਦੇ 'ਤੇ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ। ਫਿਲਹਾਲ ਗਠਜੋੜ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।
Comments (0)