ਲੋਕ ਸਭਾ ਚੋਣਾਂ ਦੌਰਾਨ ਵੱਡੇ ਚਿਹਰਿਆਂ ’ਤੇ ਦਾਅ ਖੇਡ ਸਕਦੀਆਂ ਨੇ  ਸਿਆਸੀ ਪਾਰਟੀਆਂ

ਲੋਕ ਸਭਾ ਚੋਣਾਂ ਦੌਰਾਨ ਵੱਡੇ ਚਿਹਰਿਆਂ ’ਤੇ ਦਾਅ ਖੇਡ ਸਕਦੀਆਂ ਨੇ  ਸਿਆਸੀ ਪਾਰਟੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

,ਚੰਡੀਗੜ੍ਹ : ਹਾਲਾਂਕਿ ਲੋਕ ਸਭਾ ਚੋਣਾਂ ਦਾ ਅਜੇ ਐਲਾਨ ਨਹੀਂ ਹੋਇਆ ਪਰ ਸਾਰੀਆਂ ਸਿਆਸੀ ਪਾਰਟੀਆਂ  ਨੇ ਚੋਣ ਮੈਦਾਨ ਵਿਚ ਕੁੱਦਣ ਲਈ ਜ਼ੋਰਦਾਰ ਢੰਗ ਨਾਲ ਤਿਆਰੀਆਂ ਵਿੱਢੀਆ ਹੋਈਆਂ ਹਨ। ਪੰਜਾਬ ਦੇ ਰਾਜਸੀ ਅਖਾੜੇ ਵਿਚ ਪਹਿਲੀ ਵਾਰ ਚਾਰਕੋਣਾ ਮੁਕਾਬਲੇ ਹੋਣ ਦੇ ਆਸਾਰ ਬਣੇ ਹੋਏ ਹਨ। ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਚੋਣ ਗਠਜੋੜ ਹੋ ਜਾਂਦਾ ਹੈ ਤਾਂ ਸਿਆਸੀ ਦ੍ਰਿਸ਼ ਬਦਲ ਜਾਵੇਗਾ।

ਇਨ੍ਹਾਂ ਚੋਣਾਂ 'ਚ ਸਿਆਸੀ ਪਾਰਟੀਆਂ ਦੇ ਨਾਲ-ਨਾਲ ਉਮੀਦਵਾਰ ਦੀ ਸ਼ਖ਼ਸੀਅਤ ਵੀ ਅਹਿਮ ਰੋਲ ਅਦਾ ਕਰੇਗੀ। ਇਹੀ ਕਾਰਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਵਿਚ ਵੱਡੇ ਕੱਦ ਦੇ ਆਗੂਆਂ ’ਤੇ ਦਾਅ ਖੇਡਣ ’ਤੇ ਵਿਚਾਰ ਕਰ ਰਹੀਆਂ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਕਬੂਲ ਕਰਦੇ ਹੋਏ ਮੁੱਖ ਮੰਤਰੀ ਦੇ ਮੁਕਾਬਲੇ ਚੋਣ ਲੜ੍ਹਨ ਦੀ ਸ਼ਰਤ ਤਹਿਤ ਹਾਮੀ ਭਰ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਮੁੱਖ ਮੰਤਰੀ ਚੋਣ ਲੜ੍ਹਨਗੇ ਜਾਂ ਨਹੀਂ।

ਹੁਕਮਰਾਨ ਧਿਰ ਆਪ ਪਾਰਟੀ ਲਈ ਇਹ ਚੋਣਾਂ ਵਕਾਰ ਦਾ ਸਵਾਲ ਹੈ। ਇਹੀ ਕਾਰਨ ਹੈ ਕਿ ਆਪ ਲੀਡਰਸ਼ਿਪ ਨੇ ਚਾਰ ਕੈਬਨਿਟ ਮੰਤਰੀਆਂ ਅਤੇ ਇਕ ਰਾਜ ਸਭਾ ਮੈਂਬਰ ਨੂੰ ਚੋਣ ਪਿੜ੍ਹ ਵਿਚ ਉਤਰਨ ਦਾ ਇਸ਼ਾਰਾ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਆਪ ਲੀਡਰਸ਼ਿਪ ਆਗਾਮੀ ਤਿੰਨ-ਚਾਰ ਦਿਨਾਂ ਵਿਚ ਉਮੀਦਵਾਰਾਂ ਦਾ ਰਸਮੀ ਐਲਾਨ ਕਰ ਸਕਦੀ ਹੈ, ਕਿਉਂਕਿ ਪਾਰਟੀ ਸੱਭ ਤੋਂ ਪਹਿਲਾਂ ਉਮੀਦਵਾਰਾਂ ਦੀ ਘੋਸ਼ਣਾ ਕਰਨ ਵਾਲੀ ਰਵਾਇਤ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਨੇ  ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਲੜ੍ਹਾਉਣ ਦਾ ਫੈਸਲਾ ਲਿਆ ਹੈ। ਫਿਲਮੀ ਤੇ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਨੂੰ  ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੈ।ਕਾਂਗਰਸ ਪਾਰਟੀ ਇਸ ਹਲਕੇ ਤੋਂ ਵਿਜੈ ਇੰਦਰ ਸਿੰਗਲਾਂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਜਦਕਿ ਭਾਜਪਾ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ’ਤੇ ਦਾਅ ਖੇਡਣਾ ਚਾਹੁੰਦੀ ਹੈ। ਜੇਕਰ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਗਿਆ ਤਾਂ ਇਹ ਸੀਟ ਅਕਾਲੀ ਦਲ ਦੇ ਖਾਤੇ ਵਿਚ ਆਵੇਗੀ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੋ ਸਕਦੇ ਹਨ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਉਮੀਦਵਾਰ ਹੋਣਗੇ।

ਇਸੇ ਤਰ੍ਹਾਂ ਪਟਿਆਲਾ ਹਲਕੇ ਤੋਂ ਆਪ ਨੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੈ। ਵੈਸੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਬਲਤੇਜ ਪੰਨੂ ਨੂੰ ਚੋਣ ਲੜ੍ਹਾਉਣ ਦੇ ਇਛੁੱਕ ਹਨ, ਪਰ ਪਾਰਟੀ ਨੇ ਡਾ. ਬਲਬੀਰ ਸਿੰਘ ’ਤੇ ਦਾਅ ਖੇਡਣ ਦਾ ਫੈਸਲਾ ਲੈ ਲਿਆ ਹੈ। ਇਸੀ ਤਰ੍ਹਾਂ ਭਾਜਪਾ ਵਲੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ। 

ਆਪ  ਪਾਰਟੀ ਵਲੋਂ ਲੁਧਿਆਣਾ ਹਲਕੇ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਜਲੰਧਰ ਤੋਂ ਮੁੜ ਸ਼ੁਸੀਲ ਰਿੰਕ ਨੂੰ ਟਿਕਟ ਦਿੱਤੀ ਜਾਵੇਗੀ। ਜਦਕਿ ਹੁਸ਼ਿਆਰਪੁਰ ਤੋਂ ਲਾਲ ਚੰਦ ਕਟਾਰੂਚੱਕ ਦੇ ਨਾਮ ’ਤੇ ਵਿਚਾਰ ਕਰ ਰਹੀ ਹੈ, ਵੈਸੇ ਪਾਰਟੀ ਕਿਸੇ ਵੱਡੇ ਦਲਿਤ ਚਿਹਰੇ ਦੀ ਤਲਾਸ਼ ਵਿਚ ਹੈ। ਫਰੀਦਕੋਟ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਫਿਰੋਜਪੁਰ ਤੋਂ ਚਰਨਜੀਤ ਸਿੰਘ ਧਾਲੀਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਦੀਪਕ ਬਾਲੀ, ਨਰਿੰਦਰ ਸਿੰਘ ਸ਼ੇਰਗਿੱਲ ਤੇ ਮਾਲਵਿੰਦਰ ਸਿੰਘ ਕੰਗ ਟਿਕਟ ਦੀ ਦੌੜ ਵਿਚ ਹਨ। ਅਕਾਲੀ ਦਲ ਨੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰੀ ਝੰਡੀ ਦੇ ਦਿੱਤੀ ਹੈ।ਖਡੂਰ ਸਾਹਿਬ ਤੋਂ ਕਾਂਗਰਸ ਰਾਣਾ ਗੁਰਜੀਤ ਸਿੰਘ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਮਸ਼ੇਰ ਸਿੰਘ ਦੂਲੋਂ ’ਤੇ ਦਾਅ ਖੇਡ ਸਕਦੀ ਹੈ।