ਉਗਰਾਹਾਂ ਧੜੇ ਦੇ ਪ੍ਰੋਗਰਾਮ ਨੂੰ ਅਧਾਰ ਬਣਾ ਕੇ ਭਾਰਤ ਸਰਕਾਰ ਨੇ ਕਿਸਾਨ ਸੰਘਰਸ਼ ਖਿਲਾਫ ਖੋਲ੍ਹਿਆ ਨਵਾਂ ਹਮਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨਾਲੋਂ ਲੋਕਾਂ ਦਾ ਸਮਰਥਨ ਤੋੜਨ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਲਈ ਕਿਸਾਨ ਜਥੇਬੰਦੀਆਂ ਵਿਚੋਂ ਇਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਚੁੱਕੇ ਗਏ ਖੱਬੇਪੱਖੀ ਵਿਚਾਰਕਾਂ ਦੀ ਰਿਹਾਈ ਦੀ ਮੰਗ ਦੇ ਮਸਲੇ ਨੂੰ ਸਰਕਾਰ ਨੇ ਅਧਾਰ ਬਣਾ ਲਿਆ ਹੈ। ਭਾਰਤ ਸਰਕਾਰ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬਿਹਾਰ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਘਰਸ਼ 'ਟੁਕੜੇ ਟੁਕੜੇ ਗੈਂਗ' ਦੇ ਹੱਥ ਚਲਿਆ ਗਿਆ ਹੈ। ਉਹਨਾਂ ਸਖਤ ਕਾਰਵਾਈ ਦੀ ਧਮਕੀ ਵੀ ਦਿੱਤੀ। ਖੇਤੀਬਾੜੀ ਮੰਤਰੀ ਨੇ ਵੀ ਕਿਹਾ ਕਿ ਕਿਸਾਨੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਦੀ ਜਾਤ "ਖੱਬੇਪੱਖੀ" ਹੈ। ਖੇਤੀ ਮੰਤਰੀ ਨੇ ਕਿਹਾ ਕਿ ਇਹ ਉਹ ਹੀ ਲੋਕ ਹਨ ਜਿਹਨਾਂ ਧਾਰਾ 370 ਰੱਦ ਕਰਨ, ਸੀਏਏ ਕਾਨੂੰਨ ਅਤੇ ਰਾਮ ਮੰਦਿਰ ਦਾ ਵਿਰੋਧ ਕੀਤਾ ਸੀ।
ਭਾਰਤੀ ਮੰਤਰੀਆਂ ਦੇ ਇਹ ਬਿਆਨ ਸਪਸ਼ਟ ਕਰਦੇ ਹਨ ਕਿ ਉਗਰਾਹਾਂ ਧੜੇ ਵੱਲੋਂ ਕੀਤੀ ਗਲਤੀ ਨੇ ਭਾਰਤ ਸਰਕਾਰ ਨੂੰ ਇਕ ਮੌਕਾ ਦੇ ਦਿੱਤਾ ਹੈ ਜਿਸ ਨਾਲ ਉਹ ਹੁਣ ਕਿਸਾਨ ਸੰਘਰਸ਼ ਖਿਲਾਫ ਜਨਤਕ ਵਿਚਾਰ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਪਹਿਲਾਂ ਅਜਿਹੀ ਕੋਸ਼ਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਵੀ ਕੀਤੀ ਸੀ। ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸਿੱਖ ਜਜ਼ਬਿਆਂ ਦੇ ਅਧਾਰ 'ਤੇ ਸੰਘਰਸ਼ ਨੂੰ 'ਖਾਲਿਸਤਾਨ' ਨਾਲ ਜੋੜਿਆ ਜਾ ਰਿਹਾ ਸੀ ਪਰ ਸਿੱਖ ਧਿਰਾਂ ਅਤੇ ਸੰਘਰਸ਼ ਵਿਚ ਬਹੁਤਾਤ ਗਿਣਤੀ 'ਚ ਸ਼ਾਮਲ ਸਿੱਖਾਂ ਨੇ ਬੜੀ ਸਿਆਣਪ ਅਤੇ ਸੂਝ ਬੂਝ ਨਾਲ ਸਰਕਾਰ ਦੇ ਇਸ ਪ੍ਰਾਪੇਗੰਢੇ ਨੂੰ ਠੁਸ ਕਰ ਦਿੱਤਾ ਸੀ।
ਭਾਰਤ ਦੇ ਕਾਨੂੰਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ, "ਕਿਸਾਨਾਂ ਨੇ ਸਾਡੇ ਤੋਂ ਐਮਐਸਪੀ ਦੀ ਲਿਖਤੀ ਮੰਗ ਕੀਤੀ ਸੀ, ਜਦੋਂ ਅਸੀਂ ਸਹਿਮਤ ਹੋ ਗਏ ਤਾਂ ਉਹ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਲੱਗੇ। ਮੈਂ ਇਹ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਅਤੇ ਨਰਿੰਦਰ ਮੋਦੀ ਕਿਸਾਨਾਂ ਦਾ ਸਤਿਕਾਰ ਕਰਦੇ ਹਨ ਅਤੇ ਕਿਸਾਨ ਵੀ ਉਹਨਾਂ ਦਾ ਸਤਿਕਾਰ ਕਰਦੇ ਹਨ। ਪਰ ਜੇਕਰ ਕਿਸਾਨ ਅੰਦੋਲਨ ਦੀ ਆੜ ਵਿਚ ਭਾਰਤ ਨੂੰ ਤੋੜਨ ਵਾਲੇ ਲੋਕ, ਟੁਕੜੇ-ਟੁਕੜੇ ਲੋਕ ਪਿੱਛੇ ਹੋ ਕੇ ਅੰਦੋਲਨ ਦੇ ਮੋਢਿਆਂ ਤੋਂ ਗੋਲੀ ਚਲਾਉਣਗੇ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਵੀ ਸਾਫ ਹੈ ਇਸ ਵਿਚ ਕੋਈ ਸਮਝੌਤਾ ਨਹੀਂ ਕਰਾਂਗੇ।"
ਭਾਰਤ ਦੇ ਕਾਨੂੰਨ ਮੰਤਰੀ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਦੀ ਬਜਾਏ ਸੰਘਰਸ਼ ਨੂੰ ਖਤਮ ਕਰਨ ਲਈ ਚਾਲਾਂ ਚੱਲ ਰਹੀ ਹੈ ਅਤੇ ਜਨਤਕ ਵਿਚਾਰ ਸਿਰਜ ਰਹੀ ਹੈ। ਉਗਰਾਹਾਂ ਧੜੇ ਵੱਲੋਂ ਕੀਤੀ ਕਾਰਵਾਈ 'ਤੇ ਕਿਸਾਨਾਂ ਨੇ ਵੀ ਸਵਾਲ ਚੁੱਕੇ ਸਨ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਤੋਂ ਇਸ ਦੀ ਨਿੰਦਾ ਵੀ ਕੀਤੀ ਗਈ ਸੀ।
ਉਗਰਾਹਾਂ ਧੜੇ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਹਿਲਾਂ ਇਹ ਲੋਕ ਸਾਨੂੰ ਖਾਲਿਸਤਾਨੀ ਕਹਿ ਰਹੇ ਸਨ, ਫੇਰ ਇਹਨਾਂ ਸਾਨੂੰ ਪਾਕਿਸਤਾਨੀ ਕਿਹਾ ਤੇ ਹੁਣ ਸਾਨੂੰ ਨਕਸਲੀ ਕਿਹਾ ਜਾ ਰਿਹਾ ਹੈ।
32 ਕਿਸਾਨ ਜਥੇਬੰਦੀਆਂ ਦੇ ਸਮੂਹ ਨੇ ਸਿੰਘੂ ਬਾਰਡਰ ਤੋਂ ਉਗਰਾਹਾਂ ਧੜੇ ਖਿਲਾਫ ਸਾਂਝਾ ਮਤਾ ਪਾਸ ਕਰਦਿਆਂ ਕਿਹਾ ਕਿ ਉਗਰਾਹਾਂ ਵੱਲੋਂ ਕੀਤੇ ਗਏ ਪ੍ਰੋਗਰਾਮ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਉਗਰਾਹਾਂ ਦੀ ਇਸ ਕਾਰਵਾਈ ਨੇ ਕਿਸਾਨ ਸੰਘਰਸ਼ ਨੂੰ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਇਕੋ ਮੰਗ ਹੈ ਕਿ ਕਿਸਾਨੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।
Comments (0)