ਨਕਲੀ  ਸੌਦਾ ਸਾਧ ਦੇ ਮਾਮਲੇ ਵਿਚ ਹਾਈਕੋਰਟ ਵਲੋਂ ਪ੍ਰੇਮੀਆਂ ਦੀ ਪਟੀਸ਼ਨ ਖ਼ਾਰਜ ਕਿਹਾ, ਇਹ ਕੋਈ ਫ਼ਿਲਮ ਨਹੀਂ ਚੱਲ ਰਹੀ

ਨਕਲੀ  ਸੌਦਾ ਸਾਧ ਦੇ ਮਾਮਲੇ ਵਿਚ ਹਾਈਕੋਰਟ ਵਲੋਂ ਪ੍ਰੇਮੀਆਂ ਦੀ ਪਟੀਸ਼ਨ ਖ਼ਾਰਜ  ਕਿਹਾ, ਇਹ ਕੋਈ ਫ਼ਿਲਮ ਨਹੀਂ ਚੱਲ ਰਹੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਵਾਲੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਪਟੀਸ਼ਨ ਦਾਇਰ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਝਾੜ ਲਗਾਈ ਤੇ ਕਿਹਾ ਕਿ ਇਹ ਕੋਈ ਫ਼ਿਲਮ ਨਹੀਂ ਚੱਲ ਰਹੀ ਹੈ। ਹਾਈਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਲੱਗਦਾ ਹੈ ਕਿ ਤੁਸੀਂ ਕੋਈ ਫਿਕਸ਼ਨਲ (ਕਾਲਪਨਿਕ) ਮੂਵੀ ਦੇਖ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡੇਰੇ ਦੇ ਕੁਝ ਪੈਰੋਕਾਰਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਸ਼ੱਕ ਜਤਾਇਆ ਸੀ ਕਿ ਪੈਰੋਲ 'ਤੇ ਬਾਹਰ ਆਇਆ ਡੇਰਾ ਮੁਖੀ ਅਸਲੀ ਨਹੀਂ ਹੈ। ਦੂਜੇ ਪਾਸੇ ਡੇਰੇ ਦੇ ਪ੍ਰਬੰਧਕਾਂ ਨੇ ਇਸ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਏ ਡੇਰਾ ਮੁਖੀ 'ਵਿਚ ਕਾਫ਼ੀ ਬਦਲਾਅ ਵੇਖੇ ਗਏ ਹਨ। ਪਟੀਸ਼ਨ ਮੁਤਾਬਿਕ ਡੇਰਾ ਮੁਖੀ ਨੂੰ ਕੁਝ ਦਿਨ ਪਹਿਲਾਂ ਉਸ ਦੇ ਜਾਣਕਾਰ ਮਿਲੇ ਸਨ, ਪਰ ਉਹ ਉਸ ਨੂੰ ਪਛਾਣ ਨਹੀਂ ਸਕੇ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ। ਅਸ਼ੋਕ ਕੁਮਾਰ ਅਤੇ ਡੇਰੇ ਦੇ 18 ਹੋਰਨਾਂ ਪੈਰੋਕਾਰਾਂ ਨੇ ਪਟੀਸ਼ਨ ਦਾਖ਼ਲ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਸੀ।