ਟੋਰਾਂਟੋ 'ਵਿਚ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡ ਦਾੜੀ ਕੇਸ ਕਾਰਣ ਨੌਕਰੀ ਤੋਂ ਕੱਢੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਲਿਆ ਨੋਟਿਸ
ਅੰਮ੍ਰਿਤਸਰ ਟਾਈਮਜ਼
ਕੈਨੇਡਾ : ਟੋਰਾਂਟੋ ਸਿਟੀ ਪ੍ਰਸ਼ਾਸਨ ਵਿਚ ਕੰਮ ਕਰਦੇ 100 ਤੋਂ ਸਿੱਖ ਸੁਰੱਖਿਆ ਗਾਰਡ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ 'ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਨੂੰ ਐਨ95 ਮਾਸਕ ਸਹੀ ਢੰਗ ਨਾਲ ਪਾਉਣ ਲਈ ਕਲੀਨ ਸ਼ੇਵ ਗਾਰਡ ਰੱਖੇ ਜਾਣਗੇ। ਨਵੇਂ ਸਿਟੀ ਆਫ ਟੋਰਾਂਟੋ ਦੇ ਹੁਕਮ ਮੁਤਾਬਕ ਸੁਰੱਖਿਆ ਗਾਰਡਾਂ ਨੂੰ ਐਨ95 ਮਾਸਕਾਂ ਦੀ ਪੂਰੀ ਫਿਟਿੰਗ ਦੀ ਲੋੜ ਹੈ। ਫਿੱਟ ਟੈਸਟ ਕਰਨ ਵੇਲੇ ਚਿਹਰੇ 'ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਨੌਕਰੀਓਂ ਕੱਢੇ ਗਏ ਸਿੱਖ ਸੁਰੱਖਿਆ ਗਾਰਡਾਂ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ। ਸਿਟੀ ਆਫ ਟੋਰਾਂਟੋ ਨੇ ਹਾਲ ਹੀ 'ਵਿਚ ਸ਼ਹਿਰ ਦੀਆਂ ਸਾਈਟਾਂ 'ਤੇ ਸੁਰੱਖਿਆ ਗਾਰਡਾਂ ਲਈ 'ਕਲੀਨ ਸ਼ੇਵ' ਭਰਤੀ ਸ਼ੁਰੂ ਕੀਤੀ ਹੈ ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਬਿਲਕੁਲ ਠੀਕ ਨਹੀਂ ਹੈ ਕਿ ਮਹਾਮਾਰੀ ਦੇ ਸਿਖਰ ਦੌਰਾਨ ਕਲੀਨ ਸ਼ੇਵ ਨਾ ਹੋਣ ਕਾਰਨ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ ਤੇ ਦੁਬਾਰਾ ਭਰਤੀ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਸਿੱਖ ਸੁਰੱਖਿਆ ਗਾਰਡਾਂ ਲਈ ਕੋਈ ਹੱਲ ਲੱਭਿਆ ਜਾਣਾ ਚਾਹੀਦਾ ਹੈ। ਜਿਹੜੇ ਸਿੱਖ ਗਾਰਡ ਹਟਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ਦਾੜ੍ਹੀ ਤੇ ਮੁੱਛਾਂ ਸਿੱਖ ਦੀ ਸ਼ਾਨ ਤੇ ਪਛਾਣ ਹੁੰਦੇ ਹਨ। ਟੋਰਾਂਟੋ ਸਿਟੀ ਪ੍ਰਸ਼ਾਸਨ ਨੂੰ ਨਿਯਮ ਬਦਲਣ ਦਾ ਹੁਕਮ ਵਾਪਸ ਲੈਣਾ ਚਾਹੀਦਾ ਹੈ। ਇਸ ਨੇ ਪੂਰੇ ਸਿੱਖ ਜਗਤ 'ਵਿਚ ਰੋਸ ਪੈਦਾ ਕਰ ਦਿੱਤਾ ਹੈ।
ਇੱਕ ਈਮੇਲ ਜਾਰੀ ਕਰ ਕੇ ਸਿਟੀ ਆਫ ਟੋਰਾਂਟੋ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਸ਼ਿਕਾਇਤ ਤੋਂ ਭਲੀਭਾਂਤ ਜਾਣੂ ਹੈ। ਉਸ ਨੇ ਕਿਹਾ ਕਿ ਪ੍ਰਭਾਵਿਤ ਸਾਰੇ ਕਾਮੇ ਠੇਕੇਦਾਰਾਂ ਵੱਲੋਂ ਨਿਯੁਕਤ ਕੀਤੇ ਗਏ ਹਨ ਨਾ ਕਿ ਉਸ ਦੀ ਕਾਰਪੋਰੇਟ ਸੁਰੱਖਿਆ ਡਿਵੀਜ਼ਨ ਵੱਲੋਂ।
Comments (0)