ਖਾੜੀ ਦੇਸ਼ਾਂ ਵਿਚ ਫਸੇ ਹਜਾਰਾਂ ਪੰਜਾਬੀ ਕਾਮਿਆਂ ਲਈ ਵਧੇਰੇ ਵਿਸ਼ੇਸ਼ ਉਡਾਣਾਂ ਦੀ ਅਪੀਲ

ਖਾੜੀ ਦੇਸ਼ਾਂ ਵਿਚ ਫਸੇ ਹਜਾਰਾਂ ਪੰਜਾਬੀ ਕਾਮਿਆਂ ਲਈ ਵਧੇਰੇ ਵਿਸ਼ੇਸ਼ ਉਡਾਣਾਂ ਦੀ ਅਪੀਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਨੇ ਜਦੋਂ ਤੋਂ ਤਾਲਾਬੰਦੀ ਦੀ ਘੋਸ਼ਣਾ ਕੀਤੀ ਹੈ ਉਸ ਸਮੇਂ ਤੋਂ ਹੀ, ਹਜ਼ਾਰਾਂ ਪ੍ਰਵਾਸੀ ਭਾਰਤੀ ਕਾਮੇ ਸੰਯੁਕਤ ਅਰਬ ਅਮੀਰਾਤ, ਕੁਵੈਤ, ਕਤਰ ਆਦਿ ਖਾੜੀ ਦੇਸ਼ਾਂ ਵਿੱਚ ਫਸੇ ਹੋਏ ਹਨ।ਇਨ੍ਹਾਂ ਵਿਚ ਹਜ਼ਾਰਾਂ ਪੰਜਾਬੀ ਵੀ ਸ਼ਾਮਲ ਹਨ ।ਕੋਈ 350,000 ਤੋਂ ਵੱਧ ਭਾਰਤੀਆਂ ਨੇ ਖਾੜੀ ਖੇਤਰ ਵਿੱਚ ਘਰ ਪਰਤਣ ਲਈ ਆਪਣੇ ਨਾਂ ਭਾਰਤ ਦੇ ਉਹਨਾਂ ਮੁਲਕਾਂ ਵਿਚ ਸਥਿਤ ਕੌਂਸਲੇਟ ਨਾਲ ਰਜਿਸਟਰ ਕਰਵਾਏ ਹਨ। ਮਈ ਦੇ ਪਹਿਲੇ ਹਫਤੇ ਦੀਆਂ ਖ਼ਬਰਾਂ ਅਨੁਸਾਰ ਦੁਬਈ ਵਿਚਲੇ ਭਾਰਤੀ ਕੌਂਸਲੇਟ ਨੂੰ ਤਕਰੀਬਨ 200,000 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ ਸਨ। 
        
“ਅਸੀਂ 3 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਾਂ, ਫਿਰ ਵੀ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਮੈਂ ਆਪਣੀ ਨੌਕਰੀ ਗੁਆ ਬੈਠੀ। ਇੱਥੋਂ ਤੱਕ ਕਿ ਮੈਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ ਕਿਉਂਕਿ ਮੇਰਾ ਗਰਭਪਾਤ ਹੋ ਗਿਆ। ਅਸੀਂ ਮਾੜੇ ਹਾਲਾਤਾਂ ‘ਚ ਜੀ ਰਹੇ ਹਾਂ, ਕਿਰਪਾ ਕਰਕੇ ਸਾਡੀ ਸਹਾਇਤਾ ਕਰੋ”,  ਵਰਸ਼ਾ ਸ਼ਰਮਾ ਦਾ ਇਹ ਟਵੀਟ ਦੁਬਈ ਦੇ ਕੌਂਸਲੇਟ, ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੁਰੀ ਅਤੇ ਸਰਕਾਰ ਦੇ ਕਈ ਹੋਰ ਲੋਕਾਂ ਤੇ ਮਹਿਕਮਿਆਂ ਨੂੰ ਭੇਜਿਆ ਗਿਆ ਹੈ। ਉਸ ਨੇ ਆਪਣੀਆਂ ਅਲਟਰਾਸਾਊਂਡ ਤਸਵੀਰਾਂ ਵੀ ਡਾਕਟਰੀ ਰਿਪੋਰਟਾਂ ਦੇ ਨਾਲ ਲਗਾਈਆਂ ਹਨ।
        
ਇੱਕ ਸਾਂਝੇ ਪ੍ਰੈਸ ਬਿਆਨ ਵਿੱਚ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਵਰਸ਼ਾ ਸ਼ਰਮਾ, ਖਾੜੀ ਦੇਸ਼ਾਂ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਕੋਵਿੱਡ-19 ਕਾਰਣ ਨੌਕਰੀ ਤੋਂ ਹੱਥ ਧੋਣੇ ਪਏ। ਇਸ ਦੇ ਫੈਲਣ ਨਾਲ ਯੂਏਈ ਅਤੇ ਖਾੜੀ ਮੁਲਕਾਂ ਦੀ ਆਰਥਿਕਤਾ ਨੂੰ ਇੱਕ ਵੱਡਾ ਝਟਕਾ ਲੱਗਾ ਹੈ। 

ਸਾਨੂੰ ਫਸੇ ਹੋਏ ਪੰਜਾਬੀਆਂ ਤੋਂ ਹਰ ਰੋਜ਼ ਬਹੁਤ ਸਾਰੇ ਟਵੀਟ ਅਤੇ ਈਮੇਲ ਆ ਰਹੇ ਹਨ ਜਿਸ ਵਿੱਚ ਉਹ ਹੋਰਨਾਂ ਉਡਾਣਾਂ ਦੀ ਮੰਗ ਕਰ ਰਹੇ ਹਨ। ਗੁਮਟਾਲਾ ਨੇ ਕਿਹਾ, “ਅਮਰੀਕਾ ਤੋਂ ਦੁਬਈ ਵਿਖੇ ਫਸੇ ਕਈ ਪੰਜਾਬੀਆਂ ਨਾਲ ਗਲ ਕਰਨ ਤੇ ਇਹੀ ਸਾਹਮਣੇ ਆਇਆ ਕਿ ਹੋਰ ਵਿਸ਼ੇਸ਼ ਉਡਾਣਾਂ ਜਲਦ ਸ਼ੁਰੂ ਕਰਨ ਦੀ ਲੋੜ ਹੈ। ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ, ਸਰਕਾਰ ਨੇ ਉਡਾਣਾਂ ਦਾ ਸੰਚਾਲਨ ਕੀਤਾ ਹੈ ਪਰ ਫਸੇ ਹੋਏ ਪੰਜਾਬੀਆਂ ਦੀ ਗਿਣਤੀ ਬਹੁਤ ਜਿਆਦਾ ਹੋਣ ਕਾਰਨ ਬਹੁਤਿਆਂ ਨੂੰ ਉਡਾਣ ਬੁੱਕ ਕਰਾਓਣ ਲਈ ਕੋਈ ਸੰਦੇਸ਼ ਨਹੀਂ ਮਿਲਿਆ। 

ਸਰਕਾਰ ਵਲੋਂ ਵੰਦੇ ਭਾਰਤ ਮਿਸ਼ਨ ਦੋਰਾਨ ਅਮੀਰਾਤ ਤੋਂ ਕੇਰਲਾ ਲਈ ਹੁਣ ਤੱਕ 125 ਤੋਂ ਵੀ ਵੱਧ ਉਡਾਣਾਂ ਚਲਾਈਆਂ ਜਾ ਚੁੱਕੀਆਂ ਹਨ ਪਰ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਾਲੇ ਤੱਕ ਸਿਰਫ ਚਾਰ ਅਤੇ ਚੰਡੀਗੜ੍ਹ ਹਾਲੇ ਤੱਕ ਸਿਰਫ ਦੋ ਉਡਾਣਾਂ ਹੀ ਪੰਜਾਬੀਆਂ ਨੂੰ ਲੈ ਕੇ ਆਈਆਂ ਹਨ।   

ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਭੇਜੇ ਇੱਕ ਪੱਤਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਉਡਾਣਾਂ ਦਾ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਵੰਦੇ ਭਾਰਤ ਮਿਸ਼ਨ ਦੇ ਤਹਿਤ ਯੂਏਈ ਅਤੇ ਹੋਰਨਾਂ ਦੇਸ਼ਾਂ ਤੋਂ ਤਕਰੀਬਨ ਗਿਆਰਾਂ ਉਡਾਣਾਂ ਸਿੱਧੀਆਂ ਜਾਂ ਵਾਇਆ ਦਿੱਲੀ ਰਾਹੀਂ ਅੰਮ੍ਰਿਤਸਰ ਆਈਆਂ ਹਨ। 

ਇਸ ਪੱਤਰ ਦੀਆਂ ਕਾਪੀਆਂ ਈਮੇਲ ਦੇ ਜ਼ਰੀਏ ਵਿਦੇਸ਼ ਮੰਤਰੀ ਡਾ ਸੁਬਰਾਹਮਨੀਅਮ ਜੈਸ਼ੰਕਰ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਨੂੰ ਵੀ ਭੇਜੀਆ ਗਈਆ ਹਨ ਜਿਸ ਵਿਚ ਉੁਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੁਬਈ, ਸ਼ਾਰਜਾਹ, ਆਬੂ ਧਾਬੀ ਅਤੇ ਹੋਰਨਾਂ ਖਾੜੀ ਮੁਲਕਾਂ ਤੋਂ ਅੰਮ੍ਰਿਤਸਰ ਲਈ ਤੁਰੰਤ ਹੋਰ ਉਡਾਣਾਂ ਦਾ ਪ੍ਰਬੰਧ ਕਰਕੇ ਹਜ਼ਾਰਾਂ ਪੰਜਾਬੀ ਕਾਮਿਆਂ ਦੀ ਸਹਾਇਤਾ ਕਰਨ। ਬਹੁਤ ਸਾਰੇ ਕਾਮਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਉਡਾਣਾਂ ਲਈ ਹਵਾਈ ਟਿਕਟਾਂ ਖਰੀਦਣ ਲਈ ਹੁਣ ਪੈਸੇ ਵੀ ਮੁੱਕ ਰਹੇਂ ਹਨ। 

ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਬਿਨਾਂ ਪੈਸੇ ਵਾਲੇ ਲੋਕਾਂ ਨੂੰ ਵਾਪਸ ਲਿਆਉਣ ਲਈ, ਅਸੀਂ ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਿਸ਼ੇਸ਼ ਭਾਰਤੀ ਹਵਾਈ ਸੈਨਾ ਦੇ ਵੱਡੇ ਜਹਾਜ਼ਾਂ ਨੂੰ ਇਨ੍ਹਾਂ ਮੁਲਕਾਂ ਵਿਚ ਭੇਜਣ ਤਾਂ ਜੋ ਵੱਡੀ ਗਿਣਤੀ ਵਿਚ ਫਸੇ ਪੰਜਾਬੀ ਵਾਪਸ ਪੰਜਾਬ ਜਾ ਸਕਣ। ਇਹ ਕਾਮੇ ਮਨੋਵਿਗਿਆਨਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਬਹੁਤ ਤਣਾਅ ਵਿੱਚ ਹਨ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਪਾਸ ਪੈਸੇ ਖਤਮ ਹੋਣ ਨਾਲ ਇੱਕ ਵੱਡਾ ਸੰਕਟ ਦਾ ਉਂਨ੍ਹਾਂ ਨੂੰ ਸਾਮਹਣਾ ਕਰਨਾ ਪਵੇਗਾ । ਬਹੁਤ ਸਾਰੇ ਕਾਮੇ ਬਿਨਾਂ ਪਾਸਪੋਰਟ ਦੇ ਵੀ ਫਸੇ ਹੋਏ ਹਨ। 

ਮੰਚ ਪ੍ਰਧਾਨ ਸ. ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਪੰਜਾਬ ਸਰਕਾਰ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਤੇ ਸ੍ਰੀ ਸ਼ਵੇਤ ਮਲਿਕ, ਐਮ.ਪੀ. ਭਗਵੰਤ ਮਾਨ ਅਤੇ ਹੋਰਨਾਂ ਨੇਤਾਵਾਂ ਨੂੰ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਦੀ ਅਪੀਲ ਵੀ ਕੀਤੀ। ਮੰਚ ਆਗੂਆਂ ਨੇ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਵਾਪਸ ਪਰਤੇ ਜਾਣ ਦੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।