11 ਅਪ੍ਰੈਲ ਦੇ ਅਦਾਲਤੀ ਫੈਂਸਲੇ: ਸਿੱਖ ਦੋਖੀਆਂ ਦੀਆਂ ਜ਼ਮਾਨਤਾਂ ਮਨਜ਼ੂਰ, ਸਿੱਖ ਨੌਜਵਾਨਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

11 ਅਪ੍ਰੈਲ ਦੇ ਅਦਾਲਤੀ ਫੈਂਸਲੇ: ਸਿੱਖ ਦੋਖੀਆਂ ਦੀਆਂ ਜ਼ਮਾਨਤਾਂ ਮਨਜ਼ੂਰ, ਸਿੱਖ ਨੌਜਵਾਨਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਚੰਡੀਗੜ੍ਹ: 11 ਅਪ੍ਰੈਲ ਨੂੰ ਪੰਜਾਬ ਦੀਆਂ ਅਦਾਲਤਾਂ ਵਿਚ ਜ਼ਮਾਨਤਾਂ ਸਬੰਧੀ ਤਿੰਨ ਅਹਿਮ ਫੈਂਸਲੇ ਸਾਹਮਣੇ ਆਏ ਹਨ। ਇਹਨਾਂ ਤਿੰਨ ਮਾਮਲਿਆਂ ਵਿਚੋਂ ਦੋ ਮਾਮਲਿਆਂ ਵਿੱਚ ਜ਼ਮਾਨਤਾਂ ਮਨਜ਼ੂਰ ਕਰ ਲਈਆਂ ਗਈਆਂ ਜਦਕਿ ਇੱਕ ਮਾਮਲੇ ਵਿੱਚ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਗਈ। 

ਪਹਿਲਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਅਨਿਲ ਕਸ਼ੇਤਰਪਾਲ ਦੀ ਅਦਾਲਤ ਵਿਚ ਸੁਣਿਆ ਗਿਆ। ਇਹ ਮਾਮਲਾ 12 ਫਰਵਰੀ, 2019 ਨੂੰ ਲੁਧਿਆਣਾ ਜ਼ਿਲ੍ਹੇ ਪਾਲਮ ਵਿਹਾਰ ਕਲੋਨੀ, ਪਿੰਡ ਦਾਦ, ਪੱਖੋਵਾਲ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਾਲਮ ਵਿਹਾਰ ਦੀ ਜਮਾਨਤ ਦੀ ਅਰਜੀ ਦਾ ਸੀ। ਜ਼ਿਕਰਯੋਗ ਹੈ ਕਿ ਲੁਧਿਆਣੇ ਦੀ ਇੱਕ ਅਦਾਲਤ ਵਲੋਂ ਪਹਿਲਾਂ ਇਸ ਦੋਸ਼ੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਪਰ ਬੀਤੇ ਕੱਲ੍ਹ ਹਾਈ ਕੋਰਟ ਦੇ ਉਪਰੋਕਤ ਜੱਜ ਨੇ ਬੇਅਦਬੀ ਦੇ ਇਸ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਦੀ ਇਕ ਹੋਰ ਅਹਿਮ ਗੱਲ ਹੈ ਕਿ ਲੁਧਿਆਣਾ ਦੀ ਅਦਾਲਤ ਵਿੱਚ ਦੋਸ਼ੀ ਨੂੰ ਜਮਾਨਤ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਤੇ ਪੇਸ਼ੇ ਵਜੋਂ ਵਕੀਲ ਹਰੀਸ਼ ਰਾਏ ਢਾਂਡਾ ਹੋਰਨਾਂ ਵਕੀਲਾਂ ਨਾਲ ਅਦਾਲਤ ਵਿਚ ਪੇਸ਼ ਹੋਏ ਸਨ।

ਗੁਰਿੰਦਰ ਸਿੰਘ 12 ਫਰਵਰੀ ਨੂੰ ਪਾਲਮ ਵਿਹਾਰ ਦੇ ਗੁਰਦੁਆਰਾ ਸਾਹਿਬ ਆਇਆ ਤੇ ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਿਸ ਬਾਰੇ ਕੁਝ ਚਿਰ ਮਗਰੋਂ ਜਦੋਂ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਪਤਾ ਲੱਗਿਆ ਤਾਂ ਉਹਨਾਂ ਗ੍ਰੰਥੀ ਸਿੰਘ ਭਾਈ ਜਲ ਸਿੰਘ ਨੂੰ ਦੱਸਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਨਾਲ ਗੁਰਦੁਆਰਾ ਸਾਹਿਬ ‘ਚ ਲੱਗੇ ਕੈਮਰੇ ਵੇਖੇ ਅਤੇ ਦੋਸ਼ੀ ਦੀ ਸ਼ਨਾਖਤ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਮੁਲਾਜ਼ਮ ਸੁਖਦਿਆਲ ਸਿੰਘ ਨੇ ਦੱਸਿਆ ਸੀ ਕਿ ਗੁਰਿੰਦਰ ਸਿੰਘ ਜੋ ਕਿ ਫੋਟੋ ਸਟੇਟ ਦਾ ਕੰਮ ਕਰਦਾ ਹੈ, ਅਤੇ ਦੋ ਸਾਲ ਪਹਿਲਾਂ ਉਸ ਨੂੰ ਆਸਟ੍ਰੇਲੀਆਈ ਸਰਕਾਰ ਵਲੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।

ਜ਼ਮਾਨਤ ਦਾ ਦੂਜਾ ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਚੌਂਕ ਵਿਖੇ ਇਕੱਤਰ ਹੋਈਆਂ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦਾ ਸੀ। ਚਰਨਜੀਤ ਸ਼ਰਮਾ ਨੂੰ ਫਰੀਦਕੋਟ ਸੈਸ਼ਨ ਜੱਜ ਹਰਪਾਲ ਸਿੰਘ ਨੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। 

ਜਿੱਥੇ ਸਿੱਖ ਵਿਰੋਧੀ ਇਹਨਾਂ ਦੋਵਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਨੇ ਬੀਤੇ ਕੱਲ੍ਹ ਜ਼ਮਾਨਤ ਦੇ ਦਿੱਤੀ ਉੱਥੇ ਤੀਜਾ ਅਹਿਮ ਮਾਮਲਾ ਉਹ ਸੀ ਜਿਸ ਵਿਚ ਸਿੱਖ ਨੌਜਵਾਨਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਹ ਮਾਮਲਾ ਅੰਮ੍ਰਿਤਸਰ ਨਜ਼ਦੀਕ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਦਾ ਹੈ। ਇਸ ਹਮਲੇ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਸਿੱਖ ਨੌਜਵਾਨਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ। 

ਇਸ ਮਾਮਲੇ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਬਿਕਰਮਜੀਤ ਸਿੰਘ ਧਾਲੀਵਾਲ ਅਤੇ ਅਵਤਾਰ ਸਿੰਘ ਖਾਲਸਾ ਵਾਸੀ ਚੱਕ ਮਿਸ਼ਰੀ ਖਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹਨਾਂ ਅਦਾਲਤ ਸਾਹਮਣੇ ਦਲੀਲ ਦਿੱਤੀ ਸੀ ਕਿ ਪੁਲਿਸ ਇਹਨਾਂ ਦੋਵਾਂ ਨੌਜਵਾਨਾਂ ਦਾ ਚਲਾਨ 90 ਦਿਨਾਂ ਵਿੱਚ ਪੇਸ਼ ਕਰਨ ਤੋਂ ਅਸਮਰਥ ਰਹੀ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰਨ ਲਈ ਸਮੇਂ ਦੀ ਹੇਠਲੀ ਅਦਾਲਤ ਵੱਲੋਂ ਲਈ ਮਿਆਦ ਨੂੰ ਪਹਿਲਾਂ ਹੀ ਵਧੀਕ ਜ਼ਿਲ੍ਹਾ  ਸੈਸ਼ਨ ਜੱਜ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਪਰ ਇਸ ਦਲੀਲ ਦੇ ਬਾਵਜੂਦ ਅਦਾਲਤ ਨੇ ਇਹਨਾਂ ਸਿੱਖ ਨੌਜਵਾਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ