ਕੋਰੋਨਾਵਾਇਰਸ ਬਣਿਆ ਮੌਤ ਦਾ ਦੂਤ: ਉਪਜ ਤੋਂ ਹੁਣ ਤਕ ਦਾ ਸਫਰ

ਕੋਰੋਨਾਵਾਇਰਸ ਬਣਿਆ ਮੌਤ ਦਾ ਦੂਤ: ਉਪਜ ਤੋਂ ਹੁਣ ਤਕ ਦਾ ਸਫਰ

ਚੰਡੀਗੜ੍ਹ: ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਕੋਰੋਨਾ ਵਾਇਰਸ ਨੂੰ ਵਿਸ਼ਵ ਵਿਆਪੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਗਿਆ ਹੈ। ਹੁਣ ਤੱਕ ਕੋਰੋਨਾਵਾਇਰਸ ਨਾਲ ਚੀਨ ਵਿਚ 1770 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਚੀਨ ਵਿਚ ਇਸ ਵਾਇਰਸ ਨਾਲ 70,500 ਤੋਂ ਵੱਧ ਲੋਕ ਪ੍ਰਭਾਵਤ ਹਨ। ਚੀਨ ਤੋਂ ਬਾਹਰ ਦੁਨੀਆ ਦੇ ਹੋਰ ਮੁਲਖਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਹਨ ਹਲਾਂਕਿ ਇਸ ਦਾ ਕੇਂਦਰ ਚੀਨ ਹੀ ਹੈ। ਇਹ ਵਾਇਰਸ ਚੀਨ ਦੇ ਸਮੁੰਦਰੀ ਕੰਢੇ ਵਸੇ ਵਪਾਰਕ ਸ਼ਹਿਰ ਵੂਹਾਨ ਤੋਂ ਫੈਲਣਾ ਸ਼ੁਰੂ ਹੋਇਆ। ਵਿਸ਼ਵ ਸਾਹਮਣੇ ਇਕ ਵੱਡੀ ਚੁਣੌਤੀ ਬਣਦੇ ਜਾ ਰਹੇ ਇਸ ਵਾਇਰਸ ਦੇ ਹੁਣ ਤੱਕ ਫੈਲਣ ਦੀ ਸਾਰੀ ਜਾਣਕਾਰੀ ਇਸ ਰਿਪੋਰਟ ਰਾਹੀਂ ਸਾਂਝੀ ਕਰ ਰਹੇ ਹਾਂ।

31 ਦਸੰਬਰ: ਚੀਨ ਨੇ (WHO) ਨੂੰ ਆਪਣੇ ਸ਼ਹਿਰ ਵੂਹਾਨ ਵਿਚ ਫੈਲ ਰਹੇ ਵੱਖਰੀ ਤਰ੍ਹਾਂ ਦੇ ਨਮੂਨੀਏ ਬਾਰੇ ਸੂਚਿਤ ਕੀਤਾ। ਉਸ ਸਮੇਂ ਤਕ ਇਸ ਵਾਇਰਸ ਦੀ ਨਿਸ਼ਾਨਦੇਹੀ ਨਹੀਂ ਹੋਈ ਸੀ।

1 ਜਨਵਰੀ: ਇਸ ਵਾਇਰਸ ਨਾਲ ਪੀੜਤ ਜ਼ਿਆਦਾ ਲੋਕ ਸ਼ਹਿਰ ਦੀ ਇਕ ਸਮੁੰਦਰੀ ਭੋਜਨ ਵਾਲੀ ਮਾਰਕੀਟ ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਉਣ ਮਗਰੋਂ ਇਸ ਮਾਰਕੀਟ ਨੂੰ ਬੰਦ ਕਰ ਦਿੱਤਾ ਗਿਆ।

7 ਜਨਵਰੀ: ਇਸ ਵਾਇਰਸ ਦੀ ਨਿਸ਼ਾਨਦੇਹੀ ਕਰ ਲਈ ਗਈ ਤੇ (WHO) ਨੇ ਐਲਾਨ ਕੀਤਾ ਕਿ ਇਹ ਕੋਰੋਨਾਵਾਇਰਸ ਪਰਿਵਾਰ ਨਾਲ ਸਬੰਧਤ ਵਾਇਰਸ ਹੈ ਜਿਸ ਨੂੰ 2019-nCoV ਵਾਇਰਸ ਦਾ ਨਾ ਦਿੱਤਾ ਗਿਆ। ਇਸ ਵਾਇਰਸ ਨਾਲ ਸਾਹ ਦੀ ਸਮੱਸਿਆ ਅਤੇ ਜ਼ੁਖਾਮ ਦੀ ਸਮੱਸਿਆ ਹੁੰਦੀ ਹੈ। ਇਹ ਵਾਇਰਸ ਇੱਕ ਤੋਂ ਦੂਜੇ ਵਿਅਕਤੀ ਤਕ ਛਿੱਕਣ ਅਤੇ ਖੰਘਣ ਨਾਲ ਫੈਲਦਾ ਹੈ। ਜਦੋਂ ਪੀੜਤ ਵਿਅਕਤੀ ਛਿੱਕਦਾ ਜਾਂ ਖੰਘਦਾ ਹੈ ਤਾਂ ਉਸ ਦੇ ਸੰਪਰਕ ਵਿਚ ਆਉਣ ਨਾਲ ਕਿਸੇ ਦੂਜੇ ਬੰਦੇ ਤਕ ਇਹ ਵਾਇਰਸ ਜਾਂਦਾ ਹੈ। 

11 ਜਨਵਰੀ: ਚੀਨ ਨੇ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ। ਵੂਹਾਨ ਸਥਿਤ ਉਪਰੋਕਤ ਮਾਰਕੀਟ ਤੋਂ ਸਮਾਨ ਲਿਆਉਣ ਵਾਲਾ ਇਕ 61 ਸਾਲਾ ਬੰਦਾ ਇਸ ਵਾਇਰਸ ਨਾਲ ਮਾਰਿਆ ਗਿਆ। ਉਸ 'ਤੇ ਕਿਸੇ ਦਵਾਈ ਨੇ ਕੋਈ ਅਸਰ ਨਹੀਂ ਕੀਤਾ ਤੇ 9 ਜਨਵਰੀ ਦੀ ਸ਼ਾਮ ਧੜਕਨ ਰੁਕਣਾ ਕਰਕੇ ਉਸਦੀ ਮੌਤ ਹੋ ਗਈ। 

13 ਜਨਵਰੀ: ਚੀਨ ਤੋਂ ਬਾਹਰ ਪਹਿਲਾ ਕੇਸ ਥਾਈਲੈਂਡ ਵਿਚ ਦਰਜ ਕੀਤਾ ਗਿਆ। ਇਹ ਪੀੜਤ ਬੀਬੀ ਕੁੱਝ ਦਿਨ ਪਹਿਲਾਂ ਚੀਨ ਦੇ ਸ਼ਹਿਰ ਵੂਹਾਨ ਤੋਂ ਹੋ ਕੇ ਗਈ ਸੀ।

16 ਜਨਵਰੀ: ਵੂਹਾਨ ਤੋਂ ਪਰਤੇ ਇਕ ਜਪਾਨੀ ਨਾਗਰਿਕ ਨੂੰ ਵੀ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ।

17 ਜਨਵਰੀ: ਚੀਨ ਦੇ ਸ਼ਹਿਰ ਵੂਹਾਨ ਵਿਚ ਇਸ ਵਾਇਰਸ ਨਾਲ ਦੂਜੀ ਮੌਤ ਹੋਈ। ਅਮਰੀਕਾ, ਨੇਪਾਲ, ਫਰਾਂਸ, ਅਸਟ੍ਰੇਲੀਆ, ਮਲੇਸ਼ੀਆ, ਸਿੰਗਾਪੋਰ, ਦੱਖਣੀ ਕੋਰੀਆ, ਵੀਅਤਨਾਮ ਅਤੇ ਤਾਈਵਾਨ ਵਿਚ ਵੀ ਇਸ ਵਾਇਰਸ ਤੋਂ ਪੀੜਤ ਮਾਮਲੇ ਸਾਹਮਣੇ ਆ ਗਏ।

20 ਜਨਵਰੀ: ਚੀਨ ਵਿਚ ਤੀਜੀ ਮੌਤ ਦਰਜ ਹੋਈ ਅਤੇ ਵੂਹਾਨ ਸ਼ਹਿਰ ਦੇ ਹੁਬਈ ਸੂਬੇ ਤੋਂ ਬਾਹਰ ਵੀ ਮਾਮਲੇ ਸਾਹਮਣੇ ਆ ਗਏ। ਇਸ ਸਮੇਂ ਤਕ ਵਾਇਰਸ ਤੋਂ ਪ੍ਰਭਾਵਿਤ 200 ਲੋਕਾਂ ਦੀ ਪੁਸ਼ਟੀ ਹੋ ਗਈ ਸੀ।

22 ਜਨਵਰੀ: ਚੀਨ ਵਿਚ ਵਾਇਰਸ ਨਾਲ 17 ਮੌਤਾਂ ਦੀ ਪੁਸ਼ਟੀ ਹੋ ਗਈ ਤੇ ਪ੍ਰਭਾਵਤ ਲੋਕਾਂ ਦੀ ਦਰਜ ਗਿਣਤੀ 550 ਨੂੰ ਪਾਰ ਕਰ ਗਈ। 

23 ਜਨਵਰੀ: ਵੂਹਾਨ ਸ਼ਹਿਰ ਨੂੰ ਸਾਰੇ ਸੰਪਰਕਾਂ ਤੋਂ ਤੋੜ ਦਿੱਤਾ ਗਿਆ। ਹੁਬਈ ਸੂਬੇ ਦੇ ਦੋ ਹੋਰ ਸ਼ਹਿਰਾਂ ਵਿਚ ਵੀ ਪਾਬੰਦੀਆਂ ਲਾਈਆਂ ਗਈਆਂ।

26 ਜਨਵਰੀ: ਚੀਨ ਵਿਚ ਮੌਤਾਂ ਦੀ ਗਿਣਤੀ 56 ਹੋ ਗਈ। ਦਰਜ ਪ੍ਰਭਾਵਿਤ ਮਾਮਲੇ 2000 ਤੋਂ ਪਾਰ ਕਰ ਗਏ। ਚੀਨ ਦੇ ਕਈ ਸ਼ਹਿਰਾਂ ਵਿਚ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਲੱਖਾਂ ਲੋਕ ਪ੍ਰਭਾਵਤ ਹੋਏ।

30 ਜਨਵਰੀ: ਮੌਤਾਂ ਦੀ ਗਿਣਤੀ 170 ਪਾਰ ਕਰ ਗਈ ਤੇ ਦਰਜ ਪ੍ਰਭਾਵਿਤ ਮਾਮਲੇ 7000 ਤੋਂ ਪਾਰ ਕਰ ਗਏ। (WHO) ਨੇ ਇਸ ਵਾਇਰਸ ਨੂੰ ਵਿਸ਼ਵ ਵਿਆਪੀ ਸਿਹਤ ਸੰਕਟ ਐਲਾਨ ਦਿੱਤਾ।

ਭਾਰਤ ਅਤੇ ਫਿਲੀਪੀਨਸ ਵਿਚ ਵੀ ਪ੍ਰਭਾਵਤ ਮਾਮਲੇ ਸਾਹਮਣੇ ਆਏ।

1 ਫਰਵਰੀ: ਮੌਤਾਂ ਦੀ ਗਿਣਤੀ-259। ਪ੍ਰਭਾਵਤ ਮਾਮਲੇ- 11,000 ਤੋਂ ਪਾਰ। ਅਸਟ੍ਰੇਲੀਆ, ਕਨੇਡਾ, ਜਰਮਨੀ, ਜਪਾਨ, ਸਿੰਗਾਪੋਰ, ਅਮਰੀਕਾ, ਦੁਬਈ ਅਤੇ ਵੀਅਤਨਾਮ ਵਿਚ ਨਵੇਂ ਮਾਮਲੇ ਸਾਹਮਣੇ ਆਏ।

2 ਫਰਵਰੀ: ਚੀਨ ਤੋਂ ਬਾਹਰ ਫਿਲੀਪੀਨਜ਼ ਵਿਚ ਪਹਿਲੀ ਮੌਤ ਹੋਈ। ਮਰਨ ਵਾਲਾ ਬੰਦਾ ਚੀਨੀ ਨਾਗਰਿਕ ਸੀ। ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ- 304 ਤੇ ਕੁੱਲ ਪ੍ਰਭਾਵਤ ਲੋਕ 14,000 ਤੋਂ ਪਾਰ।

5 ਫਰਵਰੀ: (WHO) ਨੇ ਮੁੜ ਕਿਹਾ ਕਿ ਇਸ ਵਾਇਰਸ ਦੇ ਇਲਾਜ ਲਈ ਅਜੇ ਤਕ ਕੋਈ ਪੁਖਤਾ ਦਵਾਈ ਨਹੀਂ ਬਣ ਸਕੀ। ਚੀਨ ਵਿਚ ਮੌਤਾਂ ਦੀ ਗਿਣਤੀ- 490 ਅਤੇ ਪ੍ਰਭਾਵਿਤ ਲੋਕ- 24,000 ਤੋਂ ਪਾਰ।

8 ਫਰਵਰੀ: ਚੀਨ ਦੇ ਵੂਹਾਨ ਵਿਚ ਅਮਰੀਕੀ ਨਾਗਰਿਕ ਦੀ ਵਾਇਰਸ ਨਾਲ ਮੌਤ ਹੋ ਗਈ। ਇਕ ਜਪਾਨੀ ਨਾਗਰਿਕ ਵੀ ਮਾਰਿਆ ਗਿਆ। ਚੀਨ ਵਿਚ ਮੌਤਾਂ ਦੀ ਗਿਣਤੀ- 722 ਅਤੇ ਪ੍ਰਭਾਵਤ ਲੋਕ- 34,000 ਤੋਂ ਪਾਰ ਹੋਏ।

10 ਫਰਵਰੀ: ਚੀਨ ਦੇ ਰਾਸ਼ਟਰਪਤੀ ਨੇ ਵਾਇਰਸ ਫੈਲਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਹਿੰਮਤ ਨਾਲ ਇਸ ਸਮੱਸਿਆ ਸਾਹਮਣੇ ਡਟਣ ਲਈ ਕਿਹਾ। ਕੁੱਲ ਮੌਤਾਂ ਦੀ ਗਿਣਤੀ- 908 ਅਤੇ ਪ੍ਰਭਾਵਿਤ ਲੋਕ- 40,000 ਤੋਂ ਪਾਰ।

17 ਫਰਵਰੀ: ਚੀਨ ਵਿਚ ਮੌਤਾਂ ਦੀ ਗਿਣਤੀ- 1770 ਅਤੇ ਪ੍ਰਭਾਵਿਤ ਲੋਕ- 70,000 ਤੋਂ ਪਾਰ। 

ਇਸ ਤਰ੍ਹਾਂ ਇਹ ਵਾਇਰਸ ਹੁਣ ਤੱਕ 1800 ਦੇ ਕਰੀਬ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਜਿਸ ਵਿਚ ਕੁੱਝ ਮਾਮਲਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਮੌਤਾਂ ਚੀਨ ਵਿਚ ਹੀ ਦਰਜ ਕੀਤੀਆਂ ਗਈਆਂ ਹਨ। ਹੋਰ ਦੇਸ਼ਾਂ ਵਿਚ ਮਾਮਲੇ ਸਾਹਮਣੇ ਆਉਣ ਕਰਕੇ ਹੁਣ ਚੀਨ ਤੋਂ ਆ ਰਹੇ ਲੋਕਾਂ ਨੂੰ ਖਾਸ ਨਿਗਰਾਨੀ ਵਿਚ ਰੱਖਿਆ ਜਾ ਰਿਹਾ ਹੈ। ਅਜੇ ਤਕ (WHO) ਇਸ ਵਾਇਰਸ ਦਾ ਕੋਈ ਪੁਖਤਾ ਇਲਾਜ ਲੱਭਣ ਵਿਚ ਕਾਮਯਾਬ ਨਹੀਂ ਹੋ ਸਕਿਆ ਹੈ। 

ਧੰਨਵਾਦ ਸਹਿਤ: ਅਲ ਜਜ਼ੀਰ ਅਦਾਰੇ 'ਤੇ ਛਪੀ ਇਸ ਰਿਪੋਰਟ ਦਾ ਪੰਜਾਬੀ ਵਿਚ ਤਰਜ਼ਮਾ ਕਰਕੇ "ਅੰਮ੍ਰਿਤਸਰ ਟਾਈਮਜ਼" ਦੇ ਪਾਠਕਾਂ ਲਈ ਛਾਪਿਆ ਗਿਆ।