ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸਪੋਰਟਸ ਅਕੈਡਮੀ ਚੱਲਦੀ ਰਹੇਗੀ- ਸਿੱਖ ਪੰਚਾਇਤ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸਪੋਰਟਸ ਅਕੈਡਮੀ ਚੱਲਦੀ ਰਹੇਗੀ- ਸਿੱਖ ਪੰਚਾਇਤ

ਫਰੀਮਾਂਟ: ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਵਿਚ ਗੁਰਦੁਆਰਾ ਸਾਹਿਬ ਸਪੋਰਟਸ ਅਕੈਡਮੀ ਨੂੰ ਖਾਲਸਾ ਧੜੇ ਵੱਲੋਂ ਚੋਣ ਦਾ ਮੁੱਦਾ ਬਣਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਨੇ ਅਕੈਡਮੀ ਲਈ ਕੋਈ ਪੈਸਾ ਨਹੀਂ ਦਿੱਤਾ ਅਤੇ ਜੇ ਸਿੱਖ ਪੰਚਾਇਤ ਚੋਣਾਂ ਜਿੱਤ ਜਾਂਦੀ ਹੈ ਤਾਂ ਉਹਨਾਂ ਨੇ ਅਕੈਡਮੀ ਬੰਦ ਕਰ ਦੇਣੀ ਹੈ। ਸਿੱਖ ਪੰਚਾਇਤ ਦੇ ਉਮੀਦਵਾਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਕਿ ਅਕੈਡਮੀ ਚੱਲਦੀ ਰੱਖੀ ਜਾਵੇਗੀ ਤੇ ਇਸ ਵਿੱਚ ਹੋਰ ਸੁਧਾਰ ਕਰਕੇ ਇਸਦਾ ਹੋਰ ਪਸਾਰ ਕੀਤਾ ਜਾਵੇਗਾ। 

ਭਾਈ ਹਰਿੰਦਰਪਾਲ ਸਿੰਘ ਨੇ ਖਾਲਸਾ ਗਰੁੱਪ ਵੱਲੋਂ ਕੀਤੇ ਜਾਂਦੇ ਝੂਠੇ ਪ੍ਰਚਾਰ ਦਾ ਸਖ਼ਤ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਵੱਲੋਂ $17,000 ਤੋਂ ਉੱਪਰ ਦਿੱਤੇ ਚੈਕਾਂ ਦੀਆਂ ਕਾਪੀਆਂ ਪ੍ਰੈਸ ਦੇ ਨਾਮ ਰਲੀਜ਼ ਕੀਤੀਆਂ। ਉਹਨਾਂ ਕਿਹਾ, "ਪਿਛਲੇ ਸਤੰਬਰ ਤੱਕ ਇਹਨਾਂ ਨੂੰ ਹਰ ਮਹੀਨੇ ਖ਼ਰਚੇ ਦਾ ਚੈੱਕ ਦੇ ਦਿੱਤਾ ਜਾਂਦਾ ਸੀ। ਜੁਲਾਈ ਵਿੱਚ ਹਰਮਿੰਦਰ ਸਿੰਘ ਗੁਰਦੁਆਰਾ ਸਾਹਿਬ ਤੋਂ ਰਸੀਦ ਬੁੱਕ ਲੈ ਗਿਆ ਕਿ ਕੁੱਝ ਸੰਗਤਾਂ ਅਕੈਡਮੀ ਲਈ ਭੇਟਾ ਦੇਣੀ ਚਾਹੁੰਦੀਆਂ ਹਨ। ਪਿਛਲੇ ਅਕਤੂਬਰ 7 ਤੋਂ ਅਸੀਂ ਇਹਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਨੂੰ ਕਹਿ ਰਹੇ  ਹਾਂ।" 

ਉਹਨਾਂ ਕਿਹਾ "ਪਿਛਲੇ ਹਫ਼ਤੇ 9 ਫ਼ਰਵਰੀ ਨੂੰ ਜੋਤਪ੍ਰੀਤ ਸ਼ਾਹੀ ਤੇ ਤੇਜਪਾਲ ਸਿੰਘ ਰਸੀਦ ਬੁੱਕ ਤਾਂ ਵਾਪਿਸ ਕਰ ਗਏ ਪਰ ਇਕੱਠੇ ਕੀਤੇ $2600 ਹਲੇ ਵੀ ਜਮ੍ਹਾਂ ਨਹੀਂ ਕਰਾ ਕੇ ਗਏ। ਸਾਡੀ ਇਹਨਾਂ ਨੂੰ ਬੇਨਤੀ ਹੈ ਗੁਰਦੂਆਰਾ ਸਾਹਿਬ ਨੂੰ ਪੈਸੇ ਜਮ੍ਹਾਂ ਕਰਾਉ ਤਾਂ ਜੋ ਤੁਹਾਡੇ ਵੱਲੋਂ ਖ਼ਰਚੇ ਤਕਰੀਬਨ $3490 ਤੁਹਾਨੂੰ ਵਾਪਿਸ ਦਿੱਤੇ ਜਾਣ।"

ਭਾਈ ਜੰਡੀ ਨੇ ਕਿਹਾ ਕਿ ਸਪੋਰਟਸ ਅਕੈਡਮੀ ਸ਼ੁਰੂ ਕਰਨ ਦੇ ਵਿਚਾਰ ਵਿੱਚ ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰ ਵੀ ਸਨ ਪਰ ਹਰਮਿੰਦਰ ਸਿੰਘ ਨੇ ਇਸ ਤੇ ਕਬਜ਼ਾ ਕਰਕੇ ਇਸਦੇ ਵਿਸਥਾਰ ਵਿੱਚ ਠੱਲ੍ਹ ਪਾਈ। ਉਹਨਾਂ ਕਿਹਾ, "ਅਸੀਂ ਅਕੈਡਮੀ ਦੇ ਬਾਕੀ ਸੇਵਾਦਾਰਾਂ ਨਾਲ ਵਾਅਦਾ ਕਰਦੇ ਹਾਂ ਕਿ ਅਕੈਡਮੀ ਵਿੱਚ ਉਹਨਾਂ ਵੱਲੋਂ ਕੀਤੀ ਜਾਂਦੀ ਸੇਵਾ ਵਿੱਚ ਵਿਘਨ ਨਹੀਂ ਪਾਇਆ ਜਾਵੇਗਾ ਸਗੋਂ ਗੁਰਦੁਆਰਾ ਸਾਹਿਬ ਇਸਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਪੂਰਾ ਸਹਿਯੋਗ ਦੇਵੇਗਾ।"