ਕੋਰੋਨਾ ਵਾਇਰਸ: ਲੋਕ ਮਾਨਸਿਕਤਾ ਅਤੇ ਸਰਕਾਰੀ ਤੰਤਰ

ਕੋਰੋਨਾ ਵਾਇਰਸ: ਲੋਕ ਮਾਨਸਿਕਤਾ ਅਤੇ ਸਰਕਾਰੀ ਤੰਤਰ

ਲੋਕ ਮਾਨਸਕਿਤਾ ਦੀ ਘਾੜਤ ਘੜਨ ਪਿੱਛੇ ਅਨੇਕਾਂ ਕਾਰਕ ਕਾਰਜ਼ਸ਼ੀਲ ਹੁੰਦੇ ਹਨ।ਜਿਸ ਵਿੱਚ ਇਤਿਹਾਸ, ਵਰਤਮਾਨ ਅਤੇ ਭੱਵਿਖ ਸੰਬੰਧੀ ਯੋਜਨਾਵਾਂ ਮਹੱਤਵਪੂਰਨ ਹੁੰਦੀਆਂ ਹਨ। ਮਨੁੱਖ ਦਾ ਆਲਾ ਦੁਆਲਾ ਇਸ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਸ ਵਾਤਾਵਰਨ ਵਿੱਚ ਮਨੁੱਖ ਰਹਿੰਦਾ ਹੈ, ਉਸ ਅਨੁਸਾਰ ਹੀ ਆਪਣੀ ਸੋਚ, ਸਮਝ ਅਤੇ ਵਿਚਾਰਧਾਰਾ ਨੂੰ ਵਿਕਸਿਤ ਕਰਦਾ ਹੈ। ਅਸੀਂ ਜਿਸ ਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ, ਇਸ ਵਿੱਚ ਲੋਕ ਮਾਨਸਿਕਤਾ ਕਈ ਉਲਝਣਾ ਦਾ ਸ਼ਿਕਾਰ ਹੋਈ ਸਾਫ ਦਿਖਾਈ ਦੇ ਰਹੀ ਹੈ। ਕੋਈ ਵੀ ਇਕ ਰਾਇ ਬਣਾਉਣ ਦੇ ਸਮਰੱਥ ਨਹੀਂ ਹੈ। ਇਸ ਪਿਛੇ ਸਮਾਜ ਅਤੇ ਰਾਜਨੀਤਿਕ ਪ੍ਰਬੰਧ ਵਿੱਚ ਵਾਪਰਨ ਵਾਲੀਆਂ ਅਨੇਕਾਂ ਘਟਨਾਵਾਂ ਜ਼ਿੰਮੇਵਾਰ ਹਨ। ਜਿਸ ਕਾਰਨ ਆਮ ਜਨ-ਸਧਾਰਣ ਵਿਅਕਤੀ ਦੁਬਿਧਾ ਦਾ ਸ਼ਿਕਾਰ ਹੈ ਜਾਂ ਉਹ ਆਪਣੀ ਸਮਝ ਅਨੁਸਾਰ ਸਿੱਟੇ ਕੱਢ ਰਿਹਾ ਹੈ। ਸਿੱਧੇ ਲਫਜ਼ਾਂ ਵਿੱਚ ਕੋਈ ਇਕ ਰਾਇ ਬਣਾਉਣੀ ਜਾਂ ਸਿੱਟੇ ‘ਤੇ ਪਹੁੰਚਣਾ ਆਸਾਨ ਨਹੀਂ ਹੈ।

ਕੋਵਿਡ-19 ਮਹਾਂਮਾਰੀ ਨੂੰ ਲੈ ਕੇ ਲੋਕਾਂ ਵਿੱਚ ਕਈ ਵਿਚਾਰ ਫੈਲ ਚੁੱਕੇ ਹਨ। ਇਸ ਨਾਲ ਪੈਣ ਵਾਲੇ ਪ੍ਰਭਾਵ ਅਤੇ ਮਿਲਦੇ ਸਿੱਟੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਰ ਕੋਈ ਅਨੁਮਾਨ ਲਗਾ ਰਿਹਾ ਹੈ। ਸਿੱਧੇ ਰੂਪ ਵਿੱਚ ਕਹਿ ਸਕਦੇ ਹਾਂ ਕਿ ਮਾਨਸਿਕਤਾ ਖੰਡਿਤ ਹੈ। ਮਹਾਂਮਾਰੀ ਨੂੰ ਲੈ ਕੇ ਕੋਈ ਇਸ ਨੂੰ ਰਾਜਨੀਤਿਕ ਪੈਂਤੜੇਬਾਜ਼ੀ ਦੱਸਦਾ ਹੋਇਆ, ਚੀਨ ਅਤੇ ਅਮਰੀਕਾ ‘ਤੇ ਨਿਸ਼ਾਨਾ ਸਾਧ ਰਿਹਾ ਹੈ ਅਤੇ ਕੋਈ ਇਸ ਨੂੰ ਆਰਥਿਕਤਾ ਨੂੰ ਲੈ ਕੇ ਵਪਾਰਕ ਜੰਗ ਜਾਂ ਤੀਜਾ ਵਿਸ਼ਵ ਯੁੱਧ ਵੀ ਕਹਿ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰਾ ਆਮ ਜਨ ਸਧਾਰਨ ਵਰਗ ਇਹ ਸਮਝ ਵੀ ਰੱਖਦਾ ਹੈ ਕਿ ਇਕ ਕੁਦਰਤੀ ਕਰੋਪੀ ਹੈ, ਜੋ ਮਨੁੱਖ ਨੇ ਆਪ ਸਹੇੜੀ ਹੈ। ਮਨੁੱਖ ਦੁਆਰਾ ਕੀਤੀ ਜਾ ਰਹੀ ਅੰਧਾਂ-ਧੁੰਦ ਕੁਦਰਤ ਨਾਲ ਛੇੜ-ਛਾੜ ਇਸ ਦਾ ਕਾਰਨ ਹੈ। ਮਹਾਂਮਾਰੀ ਦੀ ਸਥਿਤੀ ਵਿੱਚ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਵਿੱਚ ਲਾਕ-ਡਾਊਨ ਹੈ, ਜਿਸ ਦੇ ਨਤੀਜੇ ਵਜੋਂ ਕੁਦਰਤੀ ਵਾਤਾਵਰਨ ਜਾਂ ਜਲਵਾਯੂ ਵਿੱਚ ਬਹੁਤ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਹਵਾ, ਪਾਣੀ ਸ਼ੁੱਧ ਹੋ ਰਹੇ ਹਨ। ਅਜਿਹੇ ਬਦਲਾਅ ਲਈ ਮਨੁੱਖ ਦੁਆਰਾ ਕੀਤੇ ਜਲਵਾਯੂ ਸੰਮਮੇਲਨ ਅਤੇ ਗਤੀਵਿਧੀਆਂ ਸਵਾਇ ਬਹਿਸ ਤੋਂ ਕੁਝ ਨਹੀਂ ਕਰ ਸਕੇ ਸਨ। ਜਿਸ ਨੂੰ ਕੁਦਰਤ ਨੇ ਬਹੁਤ ਜਲਦੀ ਸੁਧਾਰ ਦਿੱਤਾ। ਇਸ ਤਰ੍ਹਾਂ ਬਹੁਤ ਸਾਰਾ ਵਰਗ ਇਸ ਨੂੰ ਰੱਬੀ ਭਾਣਾ ਮੰਨਦਾ ਹੋਇਆ ਐਸੀ ਸਥਿਤੀ ਵਿੱਚ ਅਡੋਲ ਹੈ। ਧਾਰਮਿਕ ਵਿਅਕਤੀ ਆਪਣੀ ਉਪਾਸ਼ਨਾ ਵਿਧੀ ਰਾਹੀ ਆਪਣੇ ਅੰਦਰ ਨੂੰ ਟਕਾਉਣ ਲਈ ਯਤਨਸ਼ੀਲ ਹੈ। ਦੂਜੇ ਬੰਨੇ ਬਹੁਤ ਸਾਰੇ ਲੋਕ ਸਰਕਾਰਾਂ ਦੀਆਂ ਨਾ-ਕਾਮੀਆਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਮਾਂ ਬਿਤਾ ਰਹੇ ਹਨ। ਇਸ ਪ੍ਰਕਾਰ ਲੋਕ ਮਾਨਸਿਕਤਾ ਵਿੱਚ ਬਹੁਤ ਸਾਰੀਆਂ ਗੁੰਝਲਾਂ ਦੇਖਣ ਨੂੰ ਮਿਲ ਰਹੀਆਂ ਹਨ। ਹਰ ਵਿਅਕਤੀ ਜਿਸ ਪਾਸ ਪਹਿਲਾਂ ਆਪਣੇ ਆਪ ਲਈ ਸੋਚਣ ਲਈ ਥੋੜ੍ਹਾਂ ਸਮਾਂ ਵੀ ਨਹੀਂ ਸੀ, ਉਸ ਪਾਸ ਹੁਣ ਸਮਾਂ ਹੀ ਸਮਾਂ ਹੈ। ਇਸ ਸਮੇਂ ਵਿੱਚ ਉਸ ਦਾ ਵਧੇਰਾ ਸਮਾਂ ਇਸ ਮਹਾਂਮਾਰੀ ਪ੍ਰਤੀ ਸੋਚਣ, ਹੋ ਰਹੇ ਨੁਕਸਾਨ ਨੂੰ ਜਾਣਨ ਅਤੇ ਨੁਕਤਾਚੀਨੀ ਕਰਨ ਵਿੱਚ ਹੀ ਬਤੀਤ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸ ਸਥਿਤੀ ਵਿੱਚ ਸਮੇਂ ਦੀ ਸਾਰਥਿਕ ਵਰਤੋ ਵੀ ਕਰ ਰਹੇ ਹਨ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ।

ਲੋਕ ਮਾਨਸਿਕਤਾ ਵਿੱਚ ਮਹਾਂਮਾਰੀ ਨੇ ਭਾਰੀ ਹਿਲ-ਜੁਲ ਕੀਤੀ ਹੈ।ਜਦ ਮਨੁੱਖ ਆਪਣੇ ਆਪ ਨੂੰ ਮਹਾਂਮਾਰੀ ਦੇ ਅੱਗੇ ਬੇਵੱਸ ਪਾ ਰਿਹਾ ਹੈ। ਉਸ ਦੀ ਤਰੱਕੀ-ਵਿਕਾਸ ਦੀ ਅਹਿਮੀਅਤ ਉਸ ਨੂੰ ਸਮਝ ਆ ਰਹੀ ਹੈ। ਜਨ-ਸਧਾਰਣ ਵਿਅਕਤੀ ਅਜਿਹੇ ਵਿੱਚ ਡਰਿਆ ਹੋਇਆ ਹੈ। ਉਸ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣ ਦੇ ਨਾਲ ਨਾਲ ਆਪਣੇ ਭੱਵਿਖ ਅਤੇ ਆਉਣ ਵਾਲੇ ਦਿਨਾਂ ਵਿੱਚ ਜੀਵਨ ਨਿਰਵਾਹ ਦਾ ਫਿਕਰ ਹੈ। ਅਜਿਹੇ ਵਿੱਚ ਸਰਕਾਰਾਂ ਕੋਈ ਧਰਵਾਸ ਦੇਣ ਵਿੱਚ ਅਸਫਲ ਸਿੱਧ ਹੋਈਆਂ ਹਨ। ਸਿਹਤ ਸੇਵਾਵਾਂ ਦਾ ਬੇਵੱਸ ਹੋਣਾ , ਰੋਜ਼ਾਨਾ ਬਿਮਾਰੀ ਗ੍ਰਸਿਤ ਮਰੀਜ਼ਾਂ ਅਤੇ ਮੌਤਾਂ ਦਾ ਅੰਕੜਾ ਵੱਧਣਾ ਮਨੁੱਖ ਨੂੰ ਡਰਾ ਰਿਹਾ ਹੈ। ਐਸੇ ਅਹਿਸਾਸ ਵਿੱਚ ਅੰਦਰੂਨੀ ਹਿਲਜੁਲ ਲਾਜ਼ਮੀ ਹੁੰਦੀ ਹੈ। 

ਸਰਕਾਰ ਇਕ ਮਹੱਤਵਪੂਰਨ ਸੰਸਥਾ ਹੁੰਦੀ ਹੈ, ਜਿਸ ਦੀਆਂ ਬਹੁਤ ਮਹੱਤਵਪੂਰਨ ਜ਼ਿੰਮੇਵਾਰੀਆਂ ਅਤੇ ਪਾਸਾਰ ਹੁੰਦੇ ਹਨ। ਲੋਕਤੰਤਰਿਕ ਢਾਂਚੇ ਵਿੱਚ ਲੋਕਾਂ ਦੁਆਰਾ ਚੁਣੀ ਸਰਕਾਰ ‘ਤੇ ਹੀ ਲੋਕ ਆਸ ਰੱਖਦੇ ਹਨ। ਹਰ ਘਟਨਾ ਅਤੇ ਸਥਿਤੀ ਵਿੱਚ ਉਹਨਾਂ ਦੀ ਝਾਕ ਸਰਕਾਰ ‘ਤੇ ਹੁੰਦੀ ਹੈ। ਉਹਨਾਂ ਦਾ ਵਿਸ਼ਵਾਸ਼ ਹੁੰਦਾ ਹੈ ਕਿ ਉਹਨਾਂ ਦੀ ਸਰਕਾਰ ਹਰ ਸਥਿਤੀ ਵਿੱਚ ਉਹਨਾਂ ਦੀ ਮਦਦਗਾਰ ਹੈ। ਪਰ ਜਦ ਸਰਕਾਰਾਂ ਅਤੇ ਲੋਕ ਆਪਣੇ ਅਸਲ ਮੁੱਦਿਆਂ ਤੋਂ ਭਟਕ ਜਾਂਦੇ ਹਨ, ਤਾਂ ਐਸੇ ਹਾਲਾਤ ਨਹੀਂ ਰਹਿੰਦੇ। ਫਿਰ ਦੋਵਾਂ ਵਿੱਚ ਹੀ ਤਕਰਾਰ ਪੈਦਾ ਹੋ ਜਾਂਦੇ ਹਨ। ਸਰਕਾਰ ਚੁਣਨ ਵੇਲੇ ਜੇਕਰ ਲੋਕ ਧਰਾਤਲ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੇ ਅਤੇ ਅਸਲ ਮੁੱਦਿਆਂ ਤੋਂ ਭਟਕ ਪਾਰਟੀਬਾਜ਼ੀ ਵਿੱਚ ਪੈ ਜਾਂਦੇ ਹਨ ਤਾਂ ਇਹ ਲੋਕਾਂ ਦੀ ਗਲਤੀ ਹੁੰਦੀ ਹੈ। ਦੂਜੇ ਪਾਸੇ ਸਰਕਾਰ ਵੀ ਜਦ ਬੁਨਿਆਦੀ ਮਸਲਿਆਂ ਨੂੰ ਛੱਡ ਕੇ ਲੋਕਾਂ ਨੂੰ ਹੋਰ ਮਸਲਿਆਂ ਵਿੱਚ ਉਲਝਾਉਣ ਲਗਦੀ ਹੈ ਤਾਂ ਲੋਕ ਵਿਸ਼ਵਾਸ਼ ਭੰਗ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਦਾ ਮੱਹਤਵਪੂਰਨ ਫਰਜ਼ ਬਣਦਾ ਹੈ ਕਿ ਉਹ ਲੋਕ ਮਸਲਿਆਂ ‘ਤੇ ਕੇਂਦਰਿਤ ਰਹਿ ਕੇ ਕਾਰਜ਼ਸ਼ੀਲ ਹੋਵੇ। ਮਹਾਂਮਾਰੀ ਦੀ ਸਥਿਤੀ ਵਿੱਚ ਅਜਿਹੇ ਹੀ ਹਾਲਾਤ ਹਨ, ਜਿੰਨ੍ਹਾਂ ਦੀ ਵਜ੍ਹਾ ਕਾਰਨ ਲੋਕ ਮਾਨਸਿਕਤਾ ਵਿੱਚ ਖ਼ੌਫ ਦਾ ਵਾਧਾ ਹੋ ਰਿਹਾ ਹੈ। ਸਰਕਾਰ ਦੀ ਨਾਕਾਮੀਆਂ ਅੱਗੇ ਆ ਰਹੀਆਂ ਹਨ, ਇਹ ਸਹੀ ਹੈ। ਪਰ ਇੱਥੇ ਮਹੱਤਵਪੂਰਨ ਮੁੱਦਾ ਇਹ ਹੈ ਕਿ ਜੋ ਮੰਗਾਂ ਅਸੀਂ ਕਰ ਰਹੇ ਹਾਂ, ਚੋਣਾਂ ਦੇ ਦਿਨਾਂ ਵਿੱਚ ਇਹ ਸਾਡੀਆਂ ਮੁੱਖ ਮੰਗਾਂ ਕਿਉਂ ਨਾ ਬਣੀਆਂ ਅਤੇ ਕਿਉਂ ਅਸੀਂ ਪੁਰਾਣੇ ਘਸੇ-ਪਿਟੇ ਮੁੱਦਿਆਂ ‘ਤੇ ਹੀ ਰਾਜਨੀਤੀ ਦੀ ਗੱਡੀ ਨੂੰ ਤੋਰਿਆ ਹੋਇਆ ਹੈ।

ਅਖੀਰ ‘ਤੇ ਵਿਸ਼ੇ ਨੂੰ ਸਮੇਟਦੇ ਹੋਏ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਲੋਕ ਮਾਨਸਿਕਤਾ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਯਤਨ ਕਰਨ ਦੀ ਲੋੜ ਹੈ। ਕਿਉਂਕਿ ਬਹਾਦਰ ਅਤੇ ਵਿਸ਼ਵਾਸ਼ ਰੱਖਣ ਵਾਲੇ ਹੀ ਆਪਣਾ ਬਚਾਅ ਕਰ ਸਕਣ ਦੇ ਯੋਗ ਹੁੰਦੇ ਹਨ। ਇਸ ਲਈ ਆਪਣਾ ਬਹੁਤਾ ਸਮਾਂ ਸਾਰਥਿਕ ਕੰਮਾਂ ਜਿਵੇਂ ਕੋਈ ਭਲਾਈ ਦੇ ਕਾਰਜ਼, ਕਿਤਾਬਾਂ ਪੜ੍ਹਨ, ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਗੱਲਾਂ ਕਰਨ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ, ਇਤਿਹਾਸ ਨੂੰ ਪੜ੍ਹਨ ਨਾਲ ਆਪਣੀ ਮਾਨਸਿਕਤਾ ਨੂੰ ਸਥਿਰ ਅਤੇ ਮਜ਼ਬੂਤ ਕਰਨ ਦੀ ਲੋੜ ਹੈ। ਦੂਜੇ ਪਾਸੇ ਸਰਕਾਰੀਤੰਤਰ ਪ੍ਰਤੀ ਸਾਨੂੰ ਹੁਣ ਚਿੰਤਨ ਕਰਨ ਦੀ ਲੋੜ ਹੈ ਕਿ ਜੇਕਰ ਸਰਕਾਰੀਤੰਤਰ ਅਜੋਕੀ ਸਥਿਤੀ ਵਿੱਚ ਅਸਫਲ ਹੈ ਤਾਂ ਆਉਂਦੀਆਂ ਚੋਣਾਂ ਵਿੱਚ ਸਾਡੇ ਮੁੱਦੇ ਵੀ ਇਹੀ ਹੋਣ ਅਤੇ ਅਸੀਂ ਬੁਨਿਆਦੀ ਮਸਲਿਆਂ ਦੀ ਰਾਜਨੀਤੀ ਕਰਨ ਦੀ ਜਾਚ ਸਿੱਖੀਏ...।
ਵਿਕਰਮਜੀਤ ਸਿੰਘ ਤਿਹਾੜਾ
ਸੰਪਰਕ ਨੰ:- +91 98555 34961

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।