ਸ਼੍ਰਮਿਕ ਰੇਲਗੱਡੀਆਂ ਵਿਚ ਸਫਰ ਕਰਦਿਆਂ 27 ਮਈ ਤਕ 80 ਲੋਕ ਮਾਰੇ ਗਏ

ਸ਼੍ਰਮਿਕ ਰੇਲਗੱਡੀਆਂ ਵਿਚ ਸਫਰ ਕਰਦਿਆਂ 27 ਮਈ ਤਕ 80 ਲੋਕ ਮਾਰੇ ਗਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਰੇਲਵੇ ਦੇ ਅਫਸਰਾਂ ਦੇ ਹਵਾਲੇ ਨਾਲ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਜੱਦੀ ਇਲਾਕਿਆਂ ਤਕ ਪਹੁੰਚਾਉਣ ਲਈ ਚਲਾਈਆਂ ਗਈਆਂ 'ਸ਼੍ਰਮਿਕ ਰੇਲਗੱਡੀਆਂ' ਵਿਚ 27 ਮਈ ਤਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹਨਾਂ ਵਿੱਚੋਂ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਸੀ ਜਦਕਿ 11 ਲੋਕ ਹੋਰ ਬਿਮਾਰੀਆਂ ਨਾਲ ਪੀੜਤ ਸਨ। 

ਸਾਹਮਣੇ ਆਏ ਅੰਕੜਿਆਂ ਮੁਤਾਬਕ ਇਹਨਾਂ ਰੇਲ ਗੱਡੀਆਂ ਵਿਚ ਸਫਰ ਕਰਦਿਆਂ 23 ਮਈ ਨੂੰ 10, 24 ਮਈ ਨੂੰ 9, 25 ਮਈ ਨੂੰ 9, 26 ਮਈ ਨੂੰ 13 ਅਤੇ 27 ਮਈ ਨੂੰ 8 ਲੋਕਾਂ ਦੀ ਮੌਤ ਹੋਈ।

ਦੁਨੀਆ ਦੀ ਵੱਡੀ ਤਾਕਤ ਬਣਨ ਦੇ ਐਲ਼ਾਨ ਕਰਨ ਵਾਲੇ ਭਾਰਤ ਵਿਚ ਸੜਕਾਂ 'ਤੇ ਰੁਲਦੇ ਲੋਕਾਂ ਨੂੰ ਸਾਰੀ ਦੁਨੀਆਂ ਨੇ ਦੇਖਿਆ। ਕਈ ਦਿਨਾਂ ਬਾਅਦ ਜਦੋਂ ਇਹਨਾਂ ਗਰੀਬ ਮਜ਼ਦੂਰਾਂ ਲਈ ਰੇਲਗੱਡੀਆਂ ਚਲਾਈਆਂ ਵੀ ਗਈਆਂ ਤਾਂ ਉਹਨਾਂ ਵਿਚ ਮਨੁੱਖੀ ਲੋੜ ਮੁਤਾਬਕ ਸਹੂਲਤਾਂ ਨਾ ਹੋਣ ਦੇ ਚਲਦਿਆਂ ਸਫਰ ਕਰਦੇ ਲੋਕ ਵੀ ਮਰ ਰਹੇ ਹਨ। 

ਕੋਰੋਨਾਵਾਇਰਸ ਦੀ ਸਿਹਤ ਬਿਪਤਾ ਭਾਰਤ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਭਾਰਤ ਵਿਚ ਇਕ ਮਨੁੱਖੀ ਬਿਪਤਾ ਦਾ ਰੂਪ ਧਾਰ ਗਈ। ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਲਾਏ ਗਏ ਇਕ ਦਮ ਲਾਕਡਾਊਨ ਨੇ ਲੋਕਾਂ ਨੂੰ ਭੁੱਖ ਨਾਲ ਮਰਨ ਲਈ ਮਜ਼ਬੂਰ ਕਰ ਦਿੱਤਾ। 

ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਆਪਣੀ ਮਰੀ ਪਈ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਇਕ ਛੋਟੇ ਜਿਹੇ ਬੱਚੇ ਦੀ ਵੀਡੀਓ ਨੇ ਭਾਰਤ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।