ਕਸ਼ਮੀਰੀ ਖਾੜਕੂਆਂ ਨਾਲ ਹੱਥੋ-ਹੱਥ ਲੜਾਈ ਵਿਚ ਭਾਰਤ ਦੀ ਸਪੈਸ਼ਲ ਫੋਰਸ ਦੇ ਪੰਜ ਜਵਾਨਾਂ ਦੀ ਮੌਤ

ਕਸ਼ਮੀਰੀ ਖਾੜਕੂਆਂ ਨਾਲ ਹੱਥੋ-ਹੱਥ ਲੜਾਈ ਵਿਚ ਭਾਰਤ ਦੀ ਸਪੈਸ਼ਲ ਫੋਰਸ ਦੇ ਪੰਜ ਜਵਾਨਾਂ ਦੀ ਮੌਤ

ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਬੀਤੇ ਕੱਲ੍ਹ ਐਲਓਸੀ 'ਤੇ ਭਾਰਤੀ ਫੌਜੀਆਂ ਅਤੇ ਕਸ਼ਮੀਰੀ ਖਾੜਕੂਆਂ ਦਰਮਿਆਨ ਹੋਈ ਹੱਥੋ-ਹੱਥੀ ਲੜਾਈ ਵਿਚ ਦੋਵਾਂ ਧਿਰਾਂ ਦੇ 5-5 ਜਵਾਨ ਮਾਰੇ ਗਏ। ਭਾਰਤੀ ਫੌਜ ਨੇ ਦੱਸਿਆ ਕਿ ਉਸਦੇ ਮਰਨ ਵਾਲੇ ਸਾਰੁ ਜਵਾਨ ਸਪੈਸ਼ਲ ਫੋਰਸ ਦੇ ਸਨ। 

ਭਾਰਤੀ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਐਲਓਸੀ 'ਤੇ ਬੰਦਿਆਂ ਦੇ ਆਉਣ ਦੀ ਖਬਰ ਮਿਲਣ ਉੱਤੇ ਖਾਸ ਟ੍ਰੇਨਡ ਪੈਰਾ ਸਪੈਸ਼ਲ ਫੋਰਸ ਯੂਨਿਟ ਦੇ ਚਾਰ ਜਵਾਨਾਂ ਨੂੰ ਜੂਨੀਅਰ ਕਮਿਸ਼ਨਡ ਅਫਸਰ ਦੀ ਅਗਵਾਈ ਵਿਚ ਜਹਾਜ਼ ਰਾਹੀਂ ਉਸ ਥਾਂ ਉਤਾਰਿਆ ਗਿਆ ਸੀ। ਉੱਥੇ ਦੋਵਾਂ ਧਿਰਾਂ ਦਰਮਿਆਨ ਹੱਥੋ-ਹੱਥ ਲੜਾਈ ਹੋਈ ਜਿਸ ਵਿਚ ਇਹ ਜਵਾਨ ਅਤੇ ਪੰਜ ਖਾੜਕੂ ਮਾਰੇ ਗਏ। 

ਇਹ ਅਪਰੇਸ਼ਨ 1 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਜਦੋਂ ਕੁਪਵਾੜਾ ਦੀ ਐਲਓਸੀ 'ਤੇ ਪੈਂਦੇ ਜੰਗਲ ਵਿਚ ਇਹਨਾਂ ਖਾੜਕੂਆਂ ਅਤੇ ਭਾਰਤੀ ਫੌਜੀਆਂ ਦਰਮਿਆਨ ਦੁਵੱਲੀ ਗੋਲੀਬਾਰੀ ਹੋਈ ਸੀ। ਇਸ ਤੋਂ ਬਾਅਦ ਬਰਫ ਨਾਲ ਢਕੇ ਇਹਨਾਂ ਜੰਗਲਾਂ ਵਿਚ ਖਾੜਕੂਆਂ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ ਤੇ ਹੋਰ ਫੌਜੀਆਂ ਸਮੇਤ ਇਹਨਾਂ ਪੈਰਾ ਕਮਾਂਡੋ ਨੂੰ ਵੀ ਜੰਗਲ ਵਿਚ ਉਤਾਰਿਆ ਗਿਆ ਸੀ। 

ਅਖਬਾਰੀ ਰਿਪੋਰਟਾਂ ਮੁਤਾਬਕ ਇਹ ਭਾਰਤੀ ਜਵਾਨ 4 ਪੈਰਾ ਯੂਨਿਟ ਨਾਲ ਸਬੰਧਤ ਸਨ ਜੋ 2016 ਦੀ ਐਲਓਸੀ ਪਾਰ ਸਰਜੀਕਲ ਸਟਰਾਈਕ ਵਿਚ ਸ਼ਾਮਲ ਸੀ। ਮਾਰੇ ਗਏ ਖਾੜਕੂ ਦੱਖਣੀ ਕਸ਼ਮੀਰ ਨਾਲ ਸਬੰਧਿਤ ਦੱਸੇ ਜਾ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।