ਪੰਜਾਬ ਦੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਉਪਰ ਲਗੇ ਧੋਖਾਧੜੀ ਦੇ ਗੰਭੀਰ ਦੋਸ਼ 

ਪੰਜਾਬ ਦੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਉਪਰ ਲਗੇ ਧੋਖਾਧੜੀ ਦੇ ਗੰਭੀਰ ਦੋਸ਼ 

ਦੋ ਪਰਵਾਸੀ ਭਾਰਤੀਆਂ ਨੇ ਹਰਭਜਨ ਮਾਨ ਖ਼ਿਲਾਫ਼ ਮੁਹਾਲੀ ਦੀ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ, 2.5 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲਗਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਐੱਸਏਐੱਸ ਨਗਰ : ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਇਕ ਵੱਡੇ ਵਿਵਾਦ ’ਚ ਫਸਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਪਰਵਾਸੀ ਭਾਰਤੀਆਂ ਨੇ ਹਰਭਜਨ ਮਾਨ ਖ਼ਿਲਾਫ਼ ਮੁਹਾਲੀ ਦੀ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਹਰਭਜਨ ਮਾਨ ’ਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਮੁਹਾਲੀ ਦੀ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਕਰੀਬ 2.5 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ ਤਕ ਪੇਸ਼ ਹੋ ਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਹਰਭਜਨ ਮਾਨ ਵੱਲੋਂ ਫਿਲਮ ਦੇ ਨਿਰਮਾਣ ਨੂੰ ਲੈ ਕੇ ਕੀਤੀ ਗਈ ਗੜਬੜ ਨੂੰ ਲੈ ਕੇ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਅਦਾਲਤ ਦੀ ਸ਼ਰਨ ਲਈ ਹੈ। ਉਨ੍ਹਾਂ ਨੇ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਅਨੀਸ਼ ਸੀ ਜਾਨ ਰਾਹੀਂ ਮਾਨ ਦੇ ਨਿਰਦੇਸ਼ਕ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਹਰਵਿੰਦਰ ਸਰਾਂ ਨੇ ਦੱਸਿਆ ਕਿ ਹਰਭਜਨ ਮਾਨ ਨੂੰ ਫਿਲਮ ਦੇ ਨਿਰਮਾਣ ਲਈ 2 ਕਰੋੜ 36 ਲੱਖ ਰੁਪਏ ਚੈੱਕ ਦੇ ਰੂਪ ’ਚ ਦਿੱਤੇ ਗਏ ਸਨ। ਪਰ ਹਰਭਜਨ ਮਾਨ ਨੇ ਫਿਲਮ ਦੇ ਨਿਰਮਾਣ ’ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ ਤੇ ਬਹੁਤ ਘੱਟ ਬਜਟ ਨਾਲ ਫਿਲਮ ਨੂੰ ਖ਼ਤਮ ਕੀਤਾ, ਜਿਸ ਤੋਂ ਬਾਅਦ ਹਰਭਜਨ ਮਾਨ ਨਾਲ ਹਿਸਾਬ-ਕਿਤਾਬ ਕਰਨ ਲਈ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਹਰ ਵਾਰ ਟਾਲ-ਮਟੋਲ ਕਰਦੇ ਰਹੇ ਤੇ ਆਖ਼ਰ ਤੰਗ ਆ ਕੇ ਉਸ ਨੇ ਮੁਹਾਲੀ ਅਦਾਲਤ ਦਾ ਸਹਾਰਾ ਲਿਆ ਹੈ।