ਸਿਸਟਮ ਨੂੰ ਕਲੀਨ ਚਿੱਟ ਦੇਣ ਲਈ ਪੂਰੇ ਤੰਤਰ ਨੇ ਪੀੜ੍ਹਤ ਬਲਦੇਵ ਸਿੰਘ ਨੂੰ ਦੋਸ਼ੀ ਬਣਾਇਆ

ਸਿਸਟਮ ਨੂੰ ਕਲੀਨ ਚਿੱਟ ਦੇਣ ਲਈ ਪੂਰੇ ਤੰਤਰ ਨੇ ਪੀੜ੍ਹਤ ਬਲਦੇਵ ਸਿੰਘ ਨੂੰ ਦੋਸ਼ੀ ਬਣਾਇਆ

ਆਈਪੀ ਸਿੰਘ

ਬਲਦੇਵ ਸਿੰਘ (ਪਠਲਾਵਾ) ਤੇ ਓਹਦੇ ਸਾਰੇ ਪਰਵਾਰ ਵਿਰੁੱਧ ਬਦਨਾਮ ਤੇ ਜ਼ਲੀਲ ਕਰਨ ਦੀ ਮੁਹਿੰਮ ਚਲ ਰਹੀ ਹੈ। ਲੋਕੀ ਕਹਿ ਰਹੇ ਨੇ ਕਿ ਓਹਨੂੰ ਤੇ ਓਹਦੇ ਪਰਵਾਰ ਨੂੰ ਪਤਾ ਸੀ ਕਿ ਓਸਨੂੰ ਕਰੋਨਾ ਹੈ ਤੇ ਓਹਨੇ ਜਾਣ-ਬੁੱਝ ਕੇ ਛੁਪਾਇਆ। ਮੈਨੂੰ ਪਤੈ ਕਿ ਜੋ ਮੈਂ ਲਿਖ ਰਿਹਾਂ ਇਹ ਬਹੁਤ ਲੋਕਾਂ ਨੂੰ ਚੰਗਾ ਨੀ ਲੱਗਣਾ, ਪਰ ਇਹ ਕਹਿਣਾ ਜਰੂਰੀ ਹੈ। ਬਦਨਾਮ ਕਰਨ ਦੀ ਮੁਹਿੰਮ, ਸੰਵੇਦਨਹੀਨ ਤੇ ਹੈ ਹੀ, ਮੂਰਖਤਾ ਭਰਪੂਰ ਵੀ ਹੈ। ਇਹਦੇ ਨਾਲ਼ ਇਹ ਵੀ ਪਤਾ ਲਗਦਾ ਕਿ ਕਿਵੇਂ ਲੋਕੀਂ ਤੱਥਾਂ ਨੂੰ ਅੱਖੋਂ-ਪਰੋਖੇ ਕਰ ਦੰਦੇ ਨੇ। ਸਗੋਂ ਸਰਕਾਰ ਦੀਆਂ ਨਾਕਾਮੀਆਂ ਦਰਸਾਉਣ ਦੀ ਬਜਾਇ, ਮਰੀਜ ਨੂੰ ਹੀ ਬਦਨਾਮ ਕੀਤਾ ਜਾ ਰਿਹੈ।

ਪੜ੍ਹੋ ਕਿਵੇਂ:
ਜੋ ਲੋਕੀ ਬਦਨਾਮ ਕਰ ਰਹੇ ਨੇ, ਤੇ ਬਲਦੇਵ ਸਿੰਘ ਨੂੰ ਗਾਲ਼ਾਂ ਕੱਢ ਰਹੇ ਨੇ, ਕੀ ਓਹ ਦੱਸ ਸਕਦੇ ਨੇ ਕਿ 7 ਮਾਰਚ ਤੱਕ ਕੀ ਪਰਸ਼ਾਸਨ ਵੱਲੋਂ ਘਰੇ ਰਹਿਣ ਦੀ ਕੋਈ ਮੁਹਿੰਮ ਸ਼ੁਰੂ ਕੀਤੀ ਗਈ ਸੀ, ਬਜਾਇ ਕਿ ਸਿਰਫ਼ ਏਅਰਪੋਰਟਾਂ ਤੇ ਬੁਖਾਰ ਦੀ ਜਾਂਚ ਕਰਨ ਤੋਂ ਇਲਾਵਾ ਜਿੱਥੇ ਕਿ ਓਹਨੇ ਲੈਂਡ ਕੀਤਾ।

ਆਮ ਲੋਕਾਂ ਨੂੰ ਤਾਂ ਏਅਰਪੋਰਟ ਦੀ 'ਜਾਂਚ' ਤੋਂ ਬਾਅਦ ਇਹੋ ਲੱਗਣਾ ਕਿ ਓਹ ਠੀਕ ਨੇ। ਬਲਦੇਵ ਸਿੰਘ ਤੇ ਓਸਦੇ ਦੋ ਸਾਥੀ 7 ਮਾਰਚ ਨੂੰ ਆਪਣੇ ਪਿੰਡ ਪਠਲਾਵਾ ਪਹੁੰਚੇ। ਜ਼ਿਲਾ ਪਰਸ਼ਾਸਨ ਨੂੰ, ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਕੇਂਦਰੀ ਵਿਦੇਸ਼ ਮੰਤਰਾਲੇ ਦੀ ਜਾਰੀ ਕੀਤੀ ਬਾਹਰੋਂ ਆਏ ਲੋਕਾਂ ਦੀ ਲਿਸਟ 13 ਮਾਰਚ ਨੂੰ ਮਿਲੀ, ਜਿਸ ਵਿੱਚ ਇਹਨਾਂ ਤਿਨਾਂ ਦਾ ਨਾਂ ਵੀ ਸੀ। ਸਿਹਤ ਵਿਭਾਗ ਦੇ ਲੋਕ ਇਹਨੂੰ ਮਿਲਣ 14 ਮਾਰਚ ਨੂੰ ਆਏ। ਓਹਨਾਂ ਨੇ ਚੈੱਕ ਕੀਤਾ ਤੇ ਓਹ ਠੀਕ ਨਿੱਕਲਿਆ। (ਹੁਣ ਇਹ ਪਤਾ ਨਹੀਂ ਕਿ ਓਹਨਾਂ ਨੇ ਘਰੇ ਰਹਿਣ ਦੀ ਸਲਾਹ ਦਿੱਤੀ ਸੀ ਕਿ ਨਹੀਂ, ਪਰ 7 ਦਿਨਾਂ ਬਾਅਦ ਇਹੋ ਜਿਹੀ ਸਲਾਹ ਦੇਣ ਦੀ ਕੋਈ ਤੁਕ ਵੀ ਨਹੀਂ ਬਣਦੀ)। ਜੇ ਮੰਨ ਲਈਏ ਕਿ 14 ਮਾਰਚ ਨੂੰ ਓਹ ਠੀਕ ਨਹੀਂ ਵੀ ਸੀ, ਫੇਰ ਇਹ ਸਿਹਤ ਵਿਭਾਗ ਦੀ ਨਾਕਾਮੀ ਨਹੀਂ? ਕਿ ਓਹ ਸਹੀ ਜਾਂਚ ਨਹੀਂ ਕਰ ਸਕੇ? ਲਗਦਾ ਤਾਂ ਇਹ ਹੈ ਕਿ ਓਹਦੇ ਅੰਦਰ ਅਜੇ ਕੋਈ ਲੱਛਣ ਨਹੀਂ ਸੀ ਦਿਖ ਰਹੇ ਤੇ ਸਿਹਤ ਵਿਭਾਗ ਨੂੰ ਵੀ ਕੁਸ਼ ਗੜਬੜ ਨਹੀਂ ਲੱਗੀ।

ਹੋਲਾ-ਮੋਹੱਲਾ ਵਿੱਚ ਓਹ ਇਸਤੋਂ ਪਹਿਲਾਂ ਹੀ ਜਾ ਚੁੱਕਿਆ ਸੀ। ਹੋਣਾ ਤੇ ਇਹ ਚਾਹੀਦਾ ਸੀ ਕਿ ਇੱਕ ਤਕੜੀ ਸਰਕਾਰੀ ਮੁਹਿੰਮ ਪਹਿਲਾਂ ਦੀ ਚਲਦੀ ਹੋਣੀ ਚਾਹੀਦੀ ਸੀ ਕਿ ਜੋ ਲੋਕ ਬਾਹਰੋਂ ਆਏ ਨੇ, ਓਹ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ ਤੇ ਘਰੇ ਰਹਿਣ। ਕੀ ਅਸੀਂ ਇਹ ਮੰਨੀਏ ਕਿ ਇੱਕ 70 ਸਾਲਾ ਪੇਂਡੂ ਬਜ਼ੁਰਗ ਨੂੰ 7 ਮਾਰਚ ਤੋਂ ਹੀ ਇਹ ਸਭ ਪਤਾ ਹੋਣਾ ਚਾਹੀਦਾ ਸੀ, ਜਦਕਿ ਪਰਸ਼ਾਸਨ ਨੇ ਆਪ ਹੀ ਅਜੇ ਕੋਈ ਕਦਮ ਨਹੀਂ ਸੀ ਚੁੱਕੇ? ਸਿਰਫ਼ ਓਹ ਹੀ ਨਹੀਂ, ਹੋਰ ਕਿਨੇ ਜਵਾਨ ਤੇ ਪੜ੍ਹੇ-ਲਿਖੇ ਲੋਕ ਹੋਲਾ-ਮੋਹੱਲਾ ਵੇਖ ਕੇ ਆਏ ਹੋਣੇ।

16 ਮਾਰਚ ਨੂੰ ਓਹ ਬਿਮਾਰ ਪੈ ਜਾਂਦਾ ਹੈ ਤੇ ਕੁਛ ਨਿਜੀ ਹਸਪਤਾਲਾਂ ਦੇ ਚੱਕਰ ਲਾ ਕੇ, ਸਿਵਲ ਹਸਪਤਾਲ ਜਲੰਧਰ ਪਹੁੰਚਦਾ ਹੈ। ਜੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਨਹੀਂ ਪਤਾ ਲੱਗਿਆ ਕਿ ਓਹਨੂੰ ਕਰੋਨਾ ਹੈ, ਫੇਰ ਤੁਸੀਂ ਬਲਦੇਵ ਸਿੰਘ ਨੂੰ ਕਸੂਰਵਾਰ ਠਹਿਰਾਓਗੇ? ਕਿ ਓਹਨੂ ਇਸ ਬਾਰੇ ਪਤਾ ਨਹੀਂ ਸੀ (ਜਿਵੇਂ ਕਿ ਇਕ ਆਡੀਓ ਕਲਿੱਪ ਅੰਦਰ ਇਕ ਬੰਦੇ ਵੱਲੋਂ ਬਿਆਨ ਆਇਆ ਹੈ) ਓਹਨੂੰ ਕਿਸ ਸਮੇਂ ਇਸ ਦਾ ਪਤਾ ਲੱਗ ਸਕਦਾ ਸੀ? (ਸਿਹਤ ਵਿਭਾਗ ਨੇ 14 ਮਾਰਚ ਨੂੰ ਓਸਨੂੰ ਜਾਂਚ ਕਰ ਲਿਆ ਸੀ, ਤੇ 16 ਮਾਰਚ ਨੂੰ ਓਹ ਹਸਪਤਾਲ ਗਿਆ, ਦੋ ਦਿਨਾਂ ਬਾਅਦ)। ਓਦੋਂ ਤੀਕ ਵੀ ਡਾਕਟਰ ਓਸਨੂੰ ਦਿਲ ਦੇ ਦੌਰੇ ਨਾਲ਼ ਮਰਿਆ ਹੀ ਮੰਨੀ ਜਾ ਰਹੇ ਸੀ। ਇਹ ਤੇ ਜਦੋਂ ਉਸਦੇ ਬਾਹਰੋ ਆਏ ਹੋਏ ਹੋਣ ਦਾ ਪਤਾ ਲੱਗਿਆ, ਫੇਰ ਹੀ ਸ਼ੱਕ ਵਧਿਆ।

ਜੇਕਰ (ਜਿਵੇਂ ਉਸ ਆਡੀਓ ਕਲਿੱਪ ਅੰਦਰ ਕਿਹਾ) ਇਹ ਮੰਨ ਵੀ ਲਈਏ, ਕਿ ਬਲਦੇਵ ਸਿੰਘ ਨੂੰ ਪਤਾ ਸੀ ਕਿ ਉਸਨੂੰ ਕਰੋਨਾ ਹੈ, ਕੀ ਇੱਕ 70 ਸਾਲ ਦਾ ਬਜ਼ੁਰਗ ਆਪਣੇ ਪੁੱਤ-ਪੋਤਿਆਂ ਨੂੰ ਜਾਣ ਬੁੱਝ ਕੇ ਬੀਮਾਰ ਕਰੇਗਾ? (ਕਈ ਪੜ੍ਹੇ-ਲਿਖੇ ਲੋਕ ਵੀ ਇਸ ਆਡੀਓ ਕਲਿੱਪ ਨੂੰ ਸਾਂਝੀ ਕਰਨ ਤੁਰ ਪਏ ਨੇ)। ਯਾਦ ਰਹੇ ਕਿ ਤਕਰੀਬਨ ਉਸਦਾ ਸਾਰਾ ਪਰਵਾਰ, ਸਣੇ ਇੱਕ ਦੋ ਸਾਲ ਦੇ ਬੱਚੇ ਨੂੰ ਕਰੋਨਾ ਹੋਇਆ ਨਿੱਕਲਿਆ ਹੈ। ਸੋਚ ਕੇ ਦੇਖੋ ਓਹਨਾਂ ਦੇ ਪਰਵਾਰ ਉੱਤੇ ਦਿਮਾਗੀ ਤੌਰ ਤੇ ਕੀ ਬੀਤ ਰਹੀ ਹੈ। ਇਹ ਆਡੀਓ ਕਲਿੱਪ ਵਾਲ਼ੀ ਗੱਲ ਤਾਂ ਪੂਰੀ ਮੂਰਖਮਤੀ ਹੀ ਲੱਗ ਰਹੀ ਹੈ। ਇਸ ਆਡੀਓ ਵਾਲ਼ੇ ਬੰਦੇ ਨੇ ਤਾਂ ਇਹ ਵੀ ਕਹਿਤਾ ਕਿ ਬਲਦੇਵ ਸਿੰਘ ਨੇ ਪਿੰਡ ਮਿਹਤਪੁਰ ਵਿੱਚ ਇੱਕ ਸਮਾਗਮ ਵਿੱਚ ਵੀ ਹਿੱਸਾ ਲਿਆ, ਜਦਕਿ ਪਰਸ਼ਾਸਨ ਨੇ ਇਹ ਝੂਠ ਕਰਾਰ ਦੇ ਦਿੱਤਾ ਹੈ।

19 ਮਾਰਚ ਨੂੰ ਜਦ ਬਲਦੇਵ ਸਿੰਘ ਦੀ ਮੌਤ ਹੋਈ, ਤੇ ਇੱਕ ਦਿਨ ਬਾਅਦ ਜਦੋਂ ਓਹਦੇ ਕਰੋਨਾ ਬਾਰੇ ਪਤਾ ਲੱਗਿਆ, ਫੇਰ ਕਿਤੇ ਜਾਕੇ ਉਸਦੇ ਨਾਲ਼ ਆਏ ਦੋ ਬੰਦਿਆਂ ਨੂੰ ਅੱਡ ਰਹਿਣ ਲਈ ਕਿਹਾ ਗਿਆ। ਇਹ ਵੀ ਬਲਦੇਵ ਸਿੰਘ ਦੀ ਗਲਤੀ ਹੈ? ਬਲਦੇਵ ਸਿੰਘ ਨੇ ਕਨਿਕਾ ਕਪੂਰ ਵਰਗਾ ਕੋਈ ਕੰਮ ਨਹੀਂ ਕੀਤਾ, ਜਿਸਨੇ ਕਿ ਜਾਣ-ਬੁੱਝ ਕੇ ਏਅਰਪੋਰਟ ਤੇ ਹੁੰਦੀ ਜਾਂਚ ਨੂੰ ਚਕਮਾ ਦਿੱਤਾ, ਜਿਵੇਂ ਕਿ ਬੰਗਾਲ ਦੇ ਇੱਕ ਆਈਏਐਸ ਅਫ਼ਸਰ ਦੇ ਮੁੰਡੇ ਨੇ ਵੀ ਕੀਤਾ ਜੋ ਬਾਅਦ ਵਿੱਚ ਕਰੋਨਾ ਤੋਂ ਸ਼ਿਕਾਰ ਪਾਏ ਗਏ।

ਓਹ ਇੱਕ ਮਰੀਜ਼ ਸੀ, ਜੋ ਕਿ ਕਰੋਨਾ ਦਾ ਸ਼ਿਕਾਰ ਹੋਇਆ ਅਤੇ ਮਰ ਗਿਆ। ਕੀ ਇਹ ਨੈਤਿਕ ਤੌਰ ਤੇ ਸਹੀ ਹੈ ਕਿ ਇੱਕ 70 ਸਾਲਾ ਪੇਂਡੂ ਬਜ਼ੁਰਗ ਤੇ ਉਸਦੇ ਪਰਵਾਰ ਨੂੰ ਬਦਨਾਮ ਤੇ ਜ਼ਲੀਲ ਕੀਤਾ ਜਾਵੇ? ਜੋ ਕਿ ਹੁਣ ਆਪ ਮਰੀਜ਼ ਹਨ। ਲਗਦਾ ਹੈ ਕਿ ਮਰੀਜ਼ਾਂ ਜਾਂ ਪੀੜਤਾਂ ਨੂੰ ਗਾਲ਼ਾਂ ਕੱਢਣ ਦਾ ਰਿਵਾਜ ਹੀ ਬਣ ਗਿਆ ਹੈ। ਮੇਰੇ ਖ਼ਿਆਲ ਨਾਲ ਇਹ ਤਾਂ ਅਕਲੋਂਹੀਣੀ ਗੱਲ ਹੈ। ਜੇ ਤੁਸੀਂ ਇਕ ਲਾਗ ਦੀ ਬਿਮਾਰੀ ਨਾਲ਼ ਇਸ ਤਰੀਕੇ ਬਦਨਾਮੀ ਤੇ ਜ਼ਲਾਲਤ ਜੋੜੋਗੇ, ਫੇਰ ਤਾਂ ਲੋਕ ਸੱਚੀਓਂ ਹੋਰ ਵੀ ਛੁਪਾਉਣ ਲੱਗ ਪੈਣਗੇ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।