ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਤਾਮਿਲ ਕਤਲੇਆਮ ਦੇ ਦੋਸ਼ੀ ਫੌਜੀ ਅਫਸਰਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਤਾਮਿਲ ਕਤਲੇਆਮ ਦੇ ਦੋਸ਼ੀ ਫੌਜੀ ਅਫਸਰਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ

ਕੋਲੋਂਬੋ: ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਅੱਜ ਉਹਨਾਂ ਸਾਰੇ ਫੌਜੀ ਅਫਸਰਾਂ ਦੀ ਸਜਾ ਮੁਆਫੀ ਦਾ ਐਲਾਨ ਕਰਦਿਆਂ ਸਭ ਨੂੰ ਜੇਲ੍ਹਾਂ ਵਿਚੋਂ ਛੱਡਣ ਲਈ ਕਹਿ ਦਿੱਤਾ ਹੈ ਜਿਹਨਾਂ ਨੂੰ ਤਾਮਿਲ ਲੋਕਾਂ ਦੇ ਕਤਲ ਕਰਨ ਦੇ ਦੋਸ਼ ਵਜੋਂ ਮੌਤ ਦੀ ਸਜ਼ਾ ਦਿੱਤੀ ਗਈ ਸੀ। ਤਾਮਿਲ ਲੜਾਕਿਆਂ ਅਤੇ ਸ਼੍ਰੀਲੰਕਾ ਸਰਕਾਰ ਦਰਮਿਆਨ ਚੱਲੀ ਜੰਗ ਦੌਰਾਨ ਆਮ ਤਾਮਿਲਾਂ ਨੂੰ ਕਤਲ ਕਰਨ ਦੇ ਮਾਮਲਿਆਂ 'ਚ ਪਿਛਲੀ ਸਰਕਾਰ ਨੇ ਇਹਨਾਂ ਅਫਸਰਾਂ ਨੂੰ ਨਾਮਜ਼ਦ ਕਰਕੇ ਮਾਮਲੇ ਚਲਾਏ ਸੀ ਤੇ ਇਹਨਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ। 

ਸਜ਼ਾ ਮੁਕਤ ਕੀਤੇ ਗਏ ਫੌਜ ਦੇ ਉੱਚ ਅਫਸਰ ਸੁਨੀਲ ਰਤਨਾਇਕੇ ਖਿਲਾਫ ਤਾਮਿਲ ਪਰਿਵਾਰ ਦੇ 8 ਜੀਆਂ ਨੂੰ ਕਤਲ ਕਰਨ ਦਾ ਦੋਸ਼ ਸੀ, ਜਿਹਨਾਂ ਵਿਚ ਇਕ 5 ਸਾਲ ਦਾ ਬੱਚਾ ਅਤੇ ਤਿੰਨ ਹੋਰ ਨਬਾਲਗ ਸ਼ਾਮਲ ਸਨ। 13 ਸਾਲ ਮੁਕੱਦਮਾ ਚੱਲਣ ਮਗਰੋਂ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 

ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਇਸਦੀ ਸਜ਼ਾ ਮੁਆਫੀ ਦੀ ਅਪੀਲ ਰੱਦ ਕਰ ਦਿੱਤੀ ਸੀ। ਪਰ ਹੁਣ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬੇ ਰਾਜਪਕਸੇ ਨੇ ਇਸ ਨੂੰ ਜੇਲ੍ਹ ਵਿਚੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।

ਮਨੁੱਖੀ ਹੱਕਾਂ ਦੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਸ਼੍ਰੀਲੰਕਾ ਦੇ ਇਸ ਕਦਮ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਇਸ ਮੌਕੇ ਨੂੰ ਸਰਕਾਰ ਇਹਨਾਂ ਲੋਕਾਂ ਨੂੰ ਛੱਡਣ ਲਈ ਵਰਤ ਰਹੀ ਹੈ। 

ਜ਼ਿਕਰਯੋਗ ਹੈ ਕਿ ਕਈ ਸਾਲਾਂ ਦੀ ਲੰਬੀ ਕਾਨੂੰਨੀ ਜੱਦੋਜਹਿਦ ਮਗਰੋਂ ਇਹਨਾਂ ਨੂੰ ਸਜ਼ਾਵਾਂ ਹੋਈਆਂ ਸੀ। 

ਦੱਸ ਦਈਏ ਕਿ ਸ਼੍ਰੀਲੰਕਾ ਦੇ ਮੋਜੂਦਾ ਰਾਸ਼ਟਰਪਤੀ ਰਾਜਪਕਸੇ ਵੀ ਸਾਬਕਾ ਫੌਜੀ ਅਫਸਰ ਹਨ। ਉਹਨਾਂ ਆਪਣੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਅਫਸਰਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। 

ਸ਼੍ਰੀਲੰਕਾ ਵਿਚ ਸਿਨਹਾਲਾ ਬਹੁਗਿਣਤੀ ਅਤੇ ਤਾਲਿਮ ਘਟਗਿਣਤੀ ਦਰਮਿਆਨ ਟਕਰਾਅ ਦਾ ਲੰਬਾ ਇਤਿਹਾਸ ਹੈ ਤੇ ਰਾਜਪਕਸੇ ਭਰਾਵਾਂ (ਗੋਟਾਬੇ ਰਾਜਪਕਸੇ ਰਾਸ਼ਟਰਪਤੀ ਅਤੇ ਮਹਿੰਦਾ ਰਾਜਪਕਸੇ ਪ੍ਰਧਾਨ ਮੰਤਰੀ) ਨੂੰ ਸਿਨਹਾਲਾ ਬਹੁਗਿਣਤੀ ਦਾ ਵੱਡਾ ਸਮਰਥਨ ਹਾਸਲ ਹੈ। 

ਤਾਮਿਲ ਬਗਾਵਤ ਨੂੰ ਰੋਕਣ ਲਈ ਸ਼੍ਰੀਲੰਕਾ ਸਰਕਾਰ ਦੀਆਂ ਫੌਜਾਂ 'ਤੇ ਮਨੁੱਖੀ ਹੱਕਾਂ ਦੇ ਵੱਡੇ ਘਾਣ ਦਾ ਦੋਸ਼ ਲਗਦਾ ਹੈ। ਜਨਤਕ ਅੰਕੜਿਆਂ ਮੁਤਾਬਕ 2009 ਵਿਚ ਇਹ ਜੰਗ ਖਤਮ ਹੋਣ ਦੇ ਅਖੀਰਲੇ ਸਮੇਂ ਸ਼੍ਰੀਲੰਕਾ ਫੌਜ ਨੇ 40,000 ਦੇ ਕਰੀਬ ਆਮ ਤਾਮਿਲ ਲੋਕਾਂ ਦਾ ਕਤਲੇਆਮ ਕੀਤਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।