ਕਾਂਗਰਸਮੈਨ ਟੀ.ਜੇ.ਕਾਕਸ ਨੇ ਸਿੱਖ ਭਾਈਚਾਰੇ ਨਾਲ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਵੀਚਾਰ ਸਾਂਝੇ ਕੀਤੇ

ਕਾਂਗਰਸਮੈਨ ਟੀ.ਜੇ.ਕਾਕਸ ਨੇ ਸਿੱਖ ਭਾਈਚਾਰੇ ਨਾਲ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਵੀਚਾਰ ਸਾਂਝੇ ਕੀਤੇ

ਮਿਲਪੀਟਸ-ਫਰੀਮਾਂਟ (ਬਲਵਿੰਦਰਪਾਲ ਸਿੰਘ ਖਾਲਸਾ): ਫਰਿਜ਼ਨੋ-ਬੇਕਰਜਫੀਲਡ ਸ਼ਹਿਰਾਂ ਦੇ ਰਾਜਨੀਤਕ ਜਿਲ੍ਹੇ 21 ਵਿਚੋਂ ਡੈਮੋਕਰੈਟਿਕ ਪਾਰਟੀ ਦੇ ਕਾਂਗਰਸਮੈਨ ਟੀ.ਜੇ.ਕਾਕਸ, ਜੋ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਵਾਇਸ ਚੇਅਰਮੈਨ ਵੀ ਹਨ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਤੇ ਬੀਬੀ ਮਨਜੀਤ ਕੌਰ ਦੇ ਗ੍ਰਹਿ ਵਿਖੇ ਪਹੁੰਚ ਕੇ ਸਿੱਖ ਕੌਮ ਦੇ ਅਮਰੀਕਾ ਵਿਚਲੇ ਮਸਲਿਆਂ ਉਤੇ ਕੰਮ ਕਰਨ ਦੀ ਗੱਲ ਕਹੀ ਤੇ ਆਖਿਆ ਕਿ ਉਹ ਹਰ ਮੁਸੀਬਤ ਸਮੇਂ ਕੌਮ ਨਾਲ ਖੜੇ ਹਨ, ਜਿਵੇਂ ਉਹ ਪਿਛਲੇ ਸਾਲ ਹੂਸਟਨ ਟੈਕਸਾਸ ਵਿਚ ਮੋਦੀ ਦੁਆਰਾ ਸੱਦੇ ਜਾਣ ਉਪਰ ਵੀ ਉਸਦੇ ਸਮਾਗਮ ਵਿਚ ਸ਼ਾਮਲ ਨਹੀਂ ਸਨ ਹੋਏ। 

ਇੱਥੇ ਉਨ੍ਹਾਂ ਦੀ ਅਮਰੀਕੀ ਕਾਂਗਰਸ ਦੀ ਆਉਣ ਵਾਲੇ ਸਾਲ ਵਿਚ ਹੋਣ ਵਾਲੀ ਚੋਣ ਵਾਸਤੇ ਫੰਡ ਇਕੱਠਾ ਕੀਤਾ ਗਿਆ, ਜਿਸ ਵਿਚ ਹੋਰ ਵੀ ਸਿੱਖ ਪਤਵੰਤੇ ਸੱਜਣ ਸ਼ਾਮਲ ਹੋਏ। 

ਇਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਦੇ ਸੈਮੀਨਾਰ ਹਾਲ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਉਤੇ ਵੀਚਾਰ ਗੋਸ਼ਠੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਕਾਂਗਰਸਮੈਨ ਟੀ.ਜੇ.ਕਾਕਸ ਨੇ ਕਿਹਾ ਕਿ ਅਮਰੀਕਾ ਵਿਚ ਸਭ ਦੇ ਬਰਾਬਰ ਹੱਕ ਹਨ ਤੇ ਇਹ ਸਵਿੰਧਾਨਿਕ ਗਰੰਟੀ ਹੈ। ਕਿਸੇ ਦੇ ਹੱਕ ਮਾਰਨ ਦੀ ਸਖਤ ਮਨਾਹੀ ਹੈ ਤੇ ਹੌਲੀ-ਹੌਲੀ ਸਿੱਖ ਧਰਮ ਦੀਆਂ ਮਾਨਤਾਵਾਂ ਤੇ ਭਰੋਸੇ ਅਨੁਸਾਰ ਸਿੱਖਾਂ ਨੂੰ ਵੀ ਬਰਾਬਰ ਦੇ ਹੱਕ ਮਿਲ ਰਹੇ ਹਨ ਤੇ ਮਿਲਦੇ ਰਹਿਣਗੇ। ਸਿੱਖ ਅਮਰੀਕਾ ਵਾਸਤੇ ਮਿਹਨਤ ਕਰਦੇ ਹਨ ਤੇ ਅਮਰੀਕਾ ਸਿੱਖਾਂ ਦਾ ਆਪਣਾ ਦੇਸ਼ ਹੈ। 

ਇਸ ਤੋਂ ਬਾਅਦ ਵਿਲਾਇਤ ਤੋਂ ਡਾਕਟਰ ਕਰਾਮਾਤ ਚੀਮਾ ਜੋ ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਤੇ ਸੰਯੁਕਤ ਰਾਸ਼ਟਰ ਸੰਘ ਦੇ ਸਲਾਹਕਾਰ ਹਨ ਨੇ ਆਪਣੇ ਵੀਚਾਰਾਂ ਵਿਚ ਦੱਸਿਆ ਕਿ ਘੱਟ ਗਿਣਤੀਆਂ ਵਾਸਤੇ ਸੰਯੁਕਤ ਰਾਸ਼ਟਰ ਨੂੰ ਹੋਰ  ਸਰਗਰਮ ਕਰਨ ਦੀ ਲੋੜ ਹੈ ਤੇ ਜਦੋਂ ਤੱਕ ਉਹ ਇਸ ਦੇ ਨਾਲ ਕੰਮ ਕਰ ਰਹੇ ਹਨ, ਤਦ ਤੱਕ ਉਹ ਆਪਣੀ ਪੂਰੀ ਕੋਸ਼ਿਸ਼ ਕਰਕੇ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਵਾਸਤੇ ਆਪਣੀ ਪੂਰੀ ਆਵਾਜ ਬੁਲੰਦ ਕਰਦੇ ਰਹਿਣਗੇ ਤੇ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਆਵਾਜ ਬੁਲੰਦ ਕਰਦੇ ਰਹਿਣਗੇ। 

ਇਸ ਤੋਂ ਬਾਅਦ ਬੀਬੀ ਅਮਰਿਤ ਕੌਰ ਜੋ ਹਾਲੇ ਹਾਈ ਸਕੂਲ ਦੀ ਵਿਦਿਆਰਥਣ ਹੈ, ਨੇ ਮਨੁੱਖੀ ਹੱਕਾਂ ਬਾਰੇ ਗੱਲਬਾਤ ਕਰਦਿਆਂ ਕਸ਼ਮੀਰ, ਬਰਮਾ-ਮਿਆਂਮਾਰ, ਸੀਰੀਆ-ਕੁਰਦ ਨਾਗਰਿਕਾਂ ਦੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਆਪਣੇ ਵੀਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇਨਾਂ ਦੁਖੀ ਲੋਕਾਂ ਦੀ ਬਾਂਹ ਫੜਨ ਦੀ ਫੌਰੀ ਲੋੜ ਹੈ। ਬੀਬੀ ਕੌਰ ਨੇ ਵੀਚਾਰ ਸਮੇਟਦਿਆ 1984  ਦੇ ਸਿੱਖ ਕਤਲੇਆਮ ਦੀ ਗੱਲ ਆਖੀ। ਉਹਨਾਂ ਸਰਕਾਰਾਂ ਨੂੰ ਜੋਰ ਦੇ ਕੇ ਕਿਹਾ ਕਿ ਲੋਕਾਂ ਦੇ ਹੱਕ ਦਬਾਏ ਨਹੀਂ ਬਲਕਿ ਉਭਾਰੇ ਜਾਣੇ ਚਾਹੀਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।