ਲੁਧਿਆਣਾ ਜੇਲ੍ਹ ਵਿੱਚ ਹੋਈ ਖੂਨੀ ਲੜਾਈ ਦੀ ਪੂਰੀ ਰਿਪੋਰਟ, ਡੀਸੀ ਤੇ ਮੰਤਰੀ ਦੇ ਵੱਖੋ-ਵੱਖ ਬਿਆਨ

ਲੁਧਿਆਣਾ ਜੇਲ੍ਹ ਵਿੱਚ ਹੋਈ ਖੂਨੀ ਲੜਾਈ ਦੀ ਪੂਰੀ ਰਿਪੋਰਟ, ਡੀਸੀ ਤੇ ਮੰਤਰੀ ਦੇ ਵੱਖੋ-ਵੱਖ ਬਿਆਨ

ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਕੈਦੀਆਂ ਵਿਚਾਲੇ ਹੋਈ ਖ਼ੂਨੀ ਝੜਪ ਵਿਚ ਇਕ ਦਰਜਨ ਦੇ ਕਰੀਬ ਕੈਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਕੈਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਤੇ ਪਥਰਾਅ ਦੀ ਵੀ ਖ਼ਬਰ ਹੈ।  ਭਾਵੇਂ ਕਿ ਇਸ ਘਟਨਾ ਸਬੰਧੀ ਪੂਰਾ ਸੱਚ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਡੀਸੀ ਅਤੇ ਜੇਲ੍ਹ ਮੰਤਰੀ ਦੇ ਬਿਆਨ ਵੱਖੋ-ਵੱਖ ਹਨ। ਜਿੱਥੇ ਡੀਸੀ ਨੇ ਇਸ ਨੂੰ ਕੈਦੀ ਦੀ ਮੌਤ ਦੇ ਗੁੱਸੇ ਵੱਜੋਂ ਭੜਕਾਹਟ ਵਿੱਚ ਵਾਪਰੀ ਘਟਨਾ ਦੱਸਿਆ ਹੈ ਉੱਥੇ ਜੇਲ੍ਹ ਮੰਤਰੀ ਨੇ ਇਸ ਨੂੰ ਦੋ ਗੈਂਗਾਂ ਨਾਲ ਸਬੰਧਿਤ ਕੈਦੀਆਂ ਦੀ ਲੜਾਈ ਦੱਸਿਆ ਹੈ। 

ਜੇਲ੍ਹ ਵਿੱਚ ਲੜਾਈ ਸਬੰਧੀ ਡੀਸੀ ਦਾ ਬਿਆਨ
ਲੁਧਿਆਣਾ ਕੇਂਦਰੀ ਜੇਲ੍ਹ 'ਚ ਕੇਦੀਆਂ ਵਿਚਕਾਰ ਹੋਈ ਖੂਨੀ ਝੜਪ ਬਾਰੇ ਲੁਧਿਆਣਾ ਡੀਸੀ ਪ੍ਰਦੀਪ ਅਗਰਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੇ ਦਿਨ ਬੁੱਧਵਾਰ ਨੂੰ ਜੇਲ੍ਹ 'ਚ ਇੱਕ ਕੈਦੀ ਦੀ ਹਾਲਤ ਖਰਾਬ ਹੋ ਗਈ ਸੀ ਜਿਸ ਕਾਰਨ ਉਸਨੂੰ ਹਸਪਤਾਲ ਭੇਜਿਆ ਗਿਆ ਸੀ ਤੇ ਬਾਅਦ 'ਚ ਉਸਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਜਿਥੇ ਉਸ ਕੈਦੀ ਦੀ ਮੌਤ ਹੋ ਗਈ ਸੀ। 
ਉਨ੍ਹਾਂ ਕਿਹਾ ਕਿ ਇਸੇ ਮੌਤ ਕਾਰਨ ਅੱਜ ਕੈਦੀਆਂ ਨੇ ਗੁੱਸੇ 'ਚ ਆ ਕੇ ਜੇਲ੍ਹ ਅੰਦਰ ਹੰਗਾਮਾ ਕੀਤਾ। ਡੀਸੀ ਨੇ ਕਿਹਾ ਕਿ ਇਸ ਜੇਲ੍ਹ 'ਚ 3100 ਤੋਂ ਪਾਰ ਕੈਦੀ ਰੱਖੇ ਗਏ ਨੇ। ਉਨ੍ਹਾਂ ਕਿਹਾ ਕਿ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅੱਜ ਇਸ ਹੰਗਾਮੇ ਤੋਂ ਬਾਅਦ ਕੈਦੀਆਂ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਡੀਸੀ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਕੈਦੀਆਂ ਨੇ ਸਲੰਡਰਾਂ ਨੂੰ ਅੱਗ ਲਾ ਦਿੱਤੀ ਸੀ ਜਿਸ ਕਾਰਨ ਬਲਾਸਟ ਹੋਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ। 

ਡੀਐੱਸਪੀ ਜੇਲ੍ਹਾਂ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ
ਡੀਸੀ ਅਨੁਸਾਰ ਡੀਐਸਪੀ ਜੇਲ੍ਹਾਂ ਸਮੇਤ 4 ਤੋਂ 5 ਪੁਲਿਸ ਮੁਲਾਜ਼ਮ ਇਸ ਘਟਨਾ 'ਚ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਇੱਕ ਜਲੀ ਹੋਈ ਗੱਡੀ ਵੀ ਪਾਈ ਗਈ ਹੈ ਪਰ ਫਿਲਹਾਲ ਜਾਂਚ ਤੋਂ ਬਾਅਦ ਹੀ ਸਭ ਸਾਫ ਹੋ ਪਾਏਗਾ ਕਿ ਇਸ ਘਟਨਾ 'ਚ  ਕਿੰਨਾ ਨੁਕਸਾਨ ਹੋਇਆ ਹੈ। ਜੇਲ੍ਹ ਅੰਦਰ ਵੀਡੀੳ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਮੁਕੰਮਲ ਜਾਂਚ ਹੋਣ ਤੋਂ ਬਾਅਦ ਹੀ ਸਭ ਤਸਵੀਰ ਸਾਫ ਹੋ ਪਾਏਗੀ। 

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਈ ਸਥਿਤੀ ਬਣੀ ਕਸੂਤੀ, ਪਿਛਲੀ ਸਰਕਾਰ ਤੇ ਭਾਰਤ ਸਰਕਾਰ 'ਤੇ ਲਾਏ ਦੋਸ਼
ਲੁਧਿਆਣਾ ਕੇਂਦਰੀ ਜੇਲ੍ਹ 'ਚ ਵਾਪਰੀ ਘਟਨਾ ਤੋਂ ਬਾਅਦ ਵਿਰੋਧੀਆਂ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ। ਇਸ ਵਿਚਕਾਰ ਜੇਲ੍ਹ ਮੰਤਰੀ ਨੇ ਮੀਡੀਆ ਦੇ ਮੁਖਾਤਿਬ ਹੁੰਦਿਆ ਇਸ ਘਟਨਾ ਨੂੰ ਮੰਦਭਾਗੀ ਕਿਹਾ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਦੋ ਗੈਂਗ ਆਪਸ 'ਚ ਭਿੜੇ ਸਨ ਤਾਂ ਕਰਕੇ ਇਸ ਘਟਨਾ ਵਾਪਰੀ ਹੈ।


ਸੁਖਜਿੰਦਰ ਸਿੰਘ ਰੰਧਾਵਾ
ਰੰਧਾਵਾ ਨੇ ਕਿਹਾ ਕਿ ਇਹੋ ਜਿਹੀਆਂ ਗੈਂਗਵਾਰਾਂ ਜੇਲ੍ਹਾਂ 'ਚ ਤਾਂ ਹੀ ਵਾਪਰਦੀਆਂ ਨੇ ਜਦੋਂ ਉਨ੍ਹਾਂ ਕੋਲ ਕਰਨ ਨੂੰ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਪਿਛਲੇ 10-12 ਸਾਲਾਂ ਤੋਂ ਵਰਕਸ਼ਾਪਾਂ ਬੰਦ ਕਰ ਦਿੱਤੀਆਂ ਗਈ ਨੇ ਜਿਸ ਕਾਰਨ ਅਜਿਹੇ ਝਗੜੇ ਹੁੰਦੇ ਨੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਵਰਕ ਕਲਚਰ ਬੰਦ ਹੋ ਚੁੱਕਾ ਹੈ ਤੇ ਕੈਦੀਆਂ ਨੂੰ ਸਾਰਾ ਦਿਨ ਜੇਲ੍ਹਾਂ 'ਚ ਡੱਕਿਆ ਨਹੀਂ ਜਾਂਦਾ ਸਗੋਂ ਉਨ੍ਹਾਂ ਨੂੰ ਬਾਹਰ ਵੀ ਕੱਢਿਆ ਜਾਂਦਾ ਹੈ। ਰੰਧਾਵਾ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਈ ਵਾਰ ਹਾਈ ਪ੍ਰੋਫਾਈਲ ਜੇਲ੍ਹਾਂ ਵਿੱਚ ਸਿਕਿਓਰਟੀ ਵਧਾਉਣ ਬਾਰੇ ਲਿਖ ਚੁਕੇ ਹਨ ਪਰ ਉਨ੍ਹਾਂ ਵੱਲੋਂ ਕਦੇ ਗੌਰ ਨਹੀਂ ਕੀਤਾ ਗਿਆ । 

ਸਬੰਧਿਤ ਖ਼ਬਰ: ਬੀਤੇ ਕੱਲ੍ਹ ਹੀ ਜਾਰੀ ਹੋਏ ਸਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀਆਰਪੀਐੱਫ ਲਾਉਣ ਦੇ ਹੁਕਮ

ਅੱਜ ਦੀ ਘਟਨਾ ਤੋਂ ਬਾਅਦ ਜੇਲ੍ਹ ਮੰਤਰੀ ਨੇ ਇਸਨੰ ਮੰਦਭਾਗਾ ਦੱਸ ਕੇ ਆਪਣਾ ਬਚਾਅ ਜਰੂਰ ਕਰ ਲਿਆ। ਉਥੇ ਹੀ ਪਿਛਲੀ ਸਰਕਾਰ 'ਤੇ ਸਿੱਧੇ ਅਸਿੱਧੇ ਤੌਰ 'ਤੇ ਜੇਲ੍ਹਾਂ 'ਚੋਂ ਵਰਕ ਕਲਚਰ ਖਤਮ ਕਰਨ ਦਾ ਦੋਸ਼ ਵੀ ਮੜ੍ਹ ਛੱਡਿਆ, ਰੰਧਾਵਾ ਦਾ ਕਹਿਣਾ ਹੈ ਕਿ ਪਿਛਲੇ 10-12 ਸਾਲ ਤੋਂ ਜੇਲ੍ਹਾਂ ਅੰਦਰ ਵਰਕ ਕਲਚਰ ਖਤਮ ਹੋ ਗਿਆ ਹੈ, ਭਾਵ ਕਿ ਅਸਿੱਧੇ ਤੌਰ 'ਤੇ ਅਕਾਲੀ ਸਰਕਾਰ ਨੂੰ ਵਰਕ ਕਲਚਰ ਬੰਦ ਕਰਨ ਦਾ ਜ਼ਿੰਮੇਦਾਰ ਠਹਿਰਾਇਆ ਹੈ। ਪਰ ਸਵਾਲ ਇਸ ਵਕਤ ਸਭ ਤੋਂ ਵੱਡਾ ਇਹ ਹੈ ਕਿ ਕਾਂਗਰਸ ਸਰਕਾਰ ਨੂੰ ਆਇਆਂ ਵੀ ਤਾਂ 2 ਸਾਲ ਹੋ ਚੁੱਕੇ ਨੇ ਤਾਂ ਹੁਣ ਤੱਕ ਜੇਲ੍ਹ ਮੰਤਰੀ ਨੇ ਜੇਲ੍ਹਾਂ ਅੰਦਰ ਵਰਕ ਕਲਚਰ ਕਿਉਂ ਨਹੀਂ ਪੈਦਾ ਕੀਤਾ ?

6 ਕੈਦੀ ਹੋਏ ਫਰਾਰ
ਕੇਂਦਰੀ ਜੇਲ੍ਹ ਲੁਧਿਆਣਾ ਵਿਚ ਹੋਈ ਇਸ ਖ਼ੂਨੀ ਝੜਪ ਦੌਰਾਨ 9 ਬੰਦੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦਕਿ 6 ਦੀਆਂ ਭਾਲ ਜਾਰੀ ਹੈ। ਪੁਲਿਸ ਵੱਲੋਂ ਜੇਲ੍ਹ ਵਿਚ ਅਜੇ ਵੀ ਗੋਲੀਬਾਰੀ ਜਾਰੀ ਹੈ।